Join WhatsApp

Join Now

ਸਰਕਾਰਾਂ ਦੀ ਹੋਂਦ ਜਾਂ ਅਧਿਆਪਕਾਂ ਦੀ ਹੋਂਦ! ਪੰਜਾਬ ਦੇ ਭਵਿੱਖ ਲਈ ਕੀ ਬਚਾਉਣਾ ਹੈ ਜ਼ਰੂਰੀ?

On: ਮਾਰਚ 9, 2026 10:48 ਬਾਃ ਦੁਃ

 

“ਸਰਕਾਰਾਂ ਦੀ ਹੋਂਦ ਜਾਂ ਅਧਿਆਪਕਾਂ ਦੀ ਹੋਂਦ! ਪੰਜਾਬ ਦੇ ਭਵਿੱਖ ਲਈ ਕੀ ਬਚਾਉਣਾ ਹੈ ਜ਼ਰੂਰੀ?

“ਕੁਰਸੀ ਦਾ ਨਸ਼ਾ ਤੇ ਅਧਿਆਪਕਾਂ ਦੇ ਜ਼ਖ਼ਮ: ਕੀ ਹੁਕਮਰਾਨਾਂ ਨੂੰ ਮਾਵਾਂ ਦੀਆਂ ਬਦ-ਦੁਆਵਾਂ ਤੋਂ ਡਰ ਨਹੀਂ ਲੱਗਦਾ?”

ਕਦੇ ਅਧਿਆਪਕਾਂ ਲਈ ਹਾਅ ਦਾ ਨਾਅਰਾ ਮਾਰਨ ਵਾਲਾ ‘ਜੁਗਨੂੰ’, ਅੱਜ ਕਾਰਪੋਰੇਟਾਂ ਦੇ ਵਿਹੜੇ ਜਾ ਕੇ ਕਿਉਂ ਰੁਸ਼ਨਾ ਰਿਹੈ?

“ਲਹੂ-ਲੁਹਾਣ ਪੱਗਾਂ ਤੇ ਉੱਜੜੀਆਂ ਚੁੰਨੀਆਂ: ਸਿੱਖਿਆ ਕ੍ਰਾਂਤੀ ਦੇ ਨਾਂ ‘ਤੇ ਅਧਿਆਪਕਾਂ ਦੀ ਹੋਂਦ ਨਾਲ ਖਿਲਵਾੜ ਕਿਉਂ?”

“ਵੋਟਾਂ ਤੋਂ ਪਹਿਲਾਂ ‘ਆਪਣੇ’, ਵੋਟਾਂ ਤੋਂ ਬਾਅਦ ‘ਬੇਗਾਨੇ’: ਪੰਜਾਬ ਦੇ ਹੁਕਮਰਾਨਾਂ ਦੀ ਬਦਲੀ ਹੋਈ ਨੀਅਤ ਦਾ ਕੌੜਾ ਸੱਚ।”

ਲੇਖਕ- ਏਕਮ ਦੁੱਗਲ

ਕਿਤੇ ਪੜਿਆ ਸੀ ਕਿ ਕਿਸੇ ਦੇਸ਼ ਦੇ ਹਮਲਾ ਹੋ ਜਾਂਦਾ ਹੈ,ਉਸ ਦੇਸ਼ ਦੇ ਰਾਜ ਕਰਨ ਵਾਲੇ ਕਹਿੰਦੇ ਨੇ ਕਿ ਜੇ ਦੇਸ਼ ਨੂੰ ਬਚਾਉਣਾ ਹੈ,ਅੱਗੇ ਵਧਾਉਣਾ ਹੈ ਤਾਂ ਇਸ ਦੇਸ਼ ਦੇ ਅਧਿਆਪਕਾਂ ਨੂੰ ਬਚਾਓ।ਪਰ ਪੰਜਾਬ ਦੇ ਵਿੱਚ ਇਸ ਦੇ ਉਲਟ ਹੋ ਰਿਹਾ ਹੈ।ਅਧਿਆਪਕਾਂ ਦੀ ਆਵਾਜ਼ ਨੂੰ ਅੰਨੇਵਾਹ ਪੁਲਸੀਆ ਜੁਲਮ ਰਾਹੀਂ ਅੱਥਰੂ ਗੈਸ ਦੇ ਗੋਲਿਆਂ,ਡਾਂਗਾਂ ਨਾਲ ਦਬਾਇਆ ਜਾ ਰਿਹਾ ਜਾ ਹੈ।ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਕਰਕੇ ਇਨਸਾਨੀਅਤ ਨੂੰ ਖਤਮ ਕੀਤਾ ਜਾ ਰਿਹਾ ਹੈ।

ਸਮੇਂ ਦੀਆਂ ਸਰਕਾਰਾਂ ਨਾਲ ਮੁਲਾਜ਼ਮਾਂ ਦੀ ਲੜਾਈ ਹੁਣ ਜਿੱਤ-ਹਾਰ ਦੀ ਨਹੀਂ ਰਹੀ।ਸਗੋਂ ਆਪਣੀ ਹੋਂਦ ਬਚਾਉਣ ਦੀ ਬਣ ਗਈ ਹੈ।ਆਪਣੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ,ਭਾਵੇਂ ਉਹ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਕਿਉਂ ਨਾ ਹੋਣ,ਜੇ ਆਪਣੀ ਪੈਨਸ਼ਨ ਲਾਗੂ ਨਾ ਕਰਾ ਸਕੇ ਤਾਂ ਆਪਣਾ ਬੁਢਾਪਾ ਬਿਮਾਰੀਆਂ ਦੀ ਭੇਂਟ ਚੜ੍ਹ ਜਾਵੇਗਾ।ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ,ਭਾਵੇਂ ਉਹ ਫਸਲ ਦੀ ਸਿੱਧੀ ਅਦਾਇਗੀ ਹੋਵੇ ਜਾਂ ਨਵੀਂ ਸਿੱਖਿਆ ਨੀਤੀ ਹੋਵੇ ਜਾਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦਾ ਉਜਾੜਾ ਕਰਕੇ ਨੰਨ੍ਹੇ-ਮੁੰਨੇ ਬੱਚਿਆਂ ਦੀ ਪੜ੍ਹਾਈ ਅਤੇ ਪੜ੍ਹੇ ਲਿਖੇ ਨੌਜਵਾਨਾਂ ਤੋਂ ਨੌਕਰੀਆਂ ਖੋਹ ਕੇ ਉਹਨਾਂ ਦੇ ਭਵਿੱਖ ਨੂੰ ਧੁੰਧਲਾ ਕਰਨਾ ਹੋਵੇ।ਸੋ ਫੈਸਲਾ ਤੁਹਾਡੇ ਹੱਥ ‘ਚ ਹੈ।ਕੀ ਕਰਨਾ ਹੈ?

ਇਹ ਘਟੀਆ ਸਰਕਾਰਾਂ ਮੁਲਾਜ਼ਮਾਂ ਦੇ ਹੱਥ ਤਾਂ ਬੰਨ੍ਹ ਹੀ ਰਹੀਆਂ ਸਨ,ਪਰ ਹੁਣ ਤਾਂ ਕਰੋਨਾ ਦੇ ਮਾਸਕ ਵਾਂਗ ਮੂੰਹ ਵੀ ਬੰਦ ਕਰ ਰਹੀਆਂ ਹਨ।ਬੋਲਣ ਦਾ ਅਧਿਕਾਰ ਖੋਹ ਰਹੀਆਂ ਹਨ।

ਜੇ ਇਹਨਾਂ ਹੁਕਮਰਾਨਾਂ ਨੂੰ ਲੋਕਾਂ ਦਾ ਕੋਈ ਫਿਕਰ ਹੁੰਦਾ ਤਾਂ ਇਹ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਭਰਤੀ ਕਰਦੇ,ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਕਰਦੇ,ਮੁੱਢਲੀਆਂ ਸਹੂਲਤਾਂ ਦਾ ਪ੍ਰਬੰਧ ਕਰਦੇ।ਪਰ ਇਹਨਾਂ ਸਮੇਂ ਦੀਆਂ ਸਰਕਾਰਾਂ ਦੇ ਮਨਸੂਬੇ ਕਾਲੇ ਨਜ਼ਰ ਆ ਰਹੇ ਹਨ।

“ਸਿਰ ‘ਚੋਂ ਲਹੂ ਵੱਗਦਾ, ਧਰਨੇ ‘ਚੋਂ ਪੁੱਤ ਜਦੋਂ ਘਰ ਨੂੰ ਆਉਂਦਾ ਹੈ ਤਾਂ ਬੇਬੇ ਪੁੱਛਦੀ ਹੈ,ਪੁੱਤ ਆਹ ਕੀ ਹੋ ਗਿਆ ਤਾਂ ਪੁੱਤ ਕਹਿੰਦਾ ਹੈ ਕਿ ਕੁਝ ਨਹੀਂ ਬੇਬੇ।ਧਰਨੇ ਤੇ ਨੌਕਰੀ ਮੰਗਣ ਗਏ ਸੀ।ਪੁਲਿਸ ਨੇ ਲਾਠੀਚਾਰਜ ਕਰਤਾ।ਪੁਲਿਸ ਨੇ ਸਾਰੇ ਸਾਥੀਆਂ ਨੂੰ ਸੋਟੀਆਂ ਨਾਲ ਬਹੁਤ ਕੁੱਟਿਆ।ਕੁੜੀਆਂ ਦੀਆਂ ਚੁੰਨੀਆਂ ਲਾਹ ਦਿੱਤੀਆਂ।ਮੁੰਡਿਆਂ ਦੀਆਂ ਪੱਗਾਂ ਢਾਹ ਦਿੱਤੀਆਂ।ਉਹ ਕਹਿੰਦੇ ਜਾਓ ਭਾਜੋ ਇਥੋਂ, ਸਾਡੇ ਕੋਲ ਨੀ ਨੌਕਰੀਆਂ ਹੈਗੀਆਂ ਤਾਂ ਫਿਰ ਮਾਂ ਦੇ ਦਿਲੋਂ ਇਹੀ ਹਾਅ ਨਿਕਲਦੀ ਹੈ ਕਿ ਤੁਹਾਡਾ ਬੇੜਾ ਬਹਿਜੇ ਜਾਲਮੋਂ,ਤੁਹਾਡਾ ਕੱਖ ਨਾ ਰਹੇ।ਤੁਸੀਂ ਮੇਰੇ ਚੰਨ ਵਰਗੇ ਮੁੰਡੇ ਨੂੰ ਕੁੱਟਿਆ।ਜੇ ਮਾਂ ਦੀ ਬਦ-ਦੁਆ ਲੱਗ ਜਾਵੇ ਤਾਂ ਫਿਰ ਬਚਾ ਕਿਤੇ ਨਹੀਂ ਹੁੰਦਾ।”

ਵੋਟਾਂ ਤੋਂ ਪਹਿਲਾਂ ਇਹ ਵਿਚਾਰ ਸਨ ਭਗਵੰਤ ਮਾਨ ਦੇ ਤੇ ਵੋਟਾਂ ਤੋਂ ਬਾਅਦ ਕੁਰਸੀ ਦੇ ਨਸ਼ੇ ‘ਚ ਵਿਚਾਰਾਂ ਦੇ ਵਿੱਚ ਹੇਰਾ-ਫੇਰੀ ਹੋ ਗਈ ਹੈ।ਇਹ ਵੀ ਹੁਣ ਅਕਾਲੀਆਂ-ਕਾਂਗਰਸੀਆਂ ਦੇ ਮਿਥੇ ਰਾਹ ਉੱਤੇ ਤੁਰ ਪਿਆ ਹੈ।ਵੋਟਾਂ ਤੋਂ ਪਹਿਲਾਂ ਇਹ ਕਹਿੰਦਾ ਸੀ ਕਿ ਸਾਡੀ ਸਰਕਾਰ ਚੰਡੀਗੜ੍ਹ ਤੋਂ ਨਹੀਂ, ਪਿੰਡਾਂ ਦੀਆਂ ਸੱਥਾਂ ਤੋਂ ਚੱਲੇਗੀ,ਵਾਰਡਾਂ ਤੋਂ ਚੱਲੇਗੀ, ਗਲੀਆਂ-ਮੁਹੱਲਿਆਂ ਤੋਂ ਚੱਲੇਗੀ।ਪਰ ਆਪਾਂ ਸਾਰੇ ਦੇਖ ਰਹੇ ਆ ਕਿ ਸਰਕਾਰ ਕਿੱਥੋਂ ਚੱਲ ਰਹੀ ਹੈ।ਸਰਕਾਰ ਚੱਲ ਰਹੀ ਹੈ ਕਾਰਪੋਰੇਟ ਘਰਾਣਿਆਂ ਦੇ ਘਰਾਂ ਤੋਂ।ਜਿੱਥੇ ਇਹ ਕਾਰਪੋਰੇਟ ਘਰਾਣਿਆਂ ਦੀਆਂ ਬਣਾਈਆਂ ਪੋਲਸੀਆਂ ਨੂੰ ਅਮਲੀ ਜਾਮਾਂ ਪਹਿਨਾ ਰਿਹਾ ਹੈ।ਧਰਨੇ ਤੇ ਬੈਠੇ ਨੌਜਵਾਨਾਂ,ਕਿਸਾਨਾਂ,ਮਜ਼ਦੂਰ-ਮੁਲਾਜ਼ਮਾਂ ਨੂੰ ਪੁਲਿਸ ਦੀ ਲਾਠੀ ਨਾਲ ਲਹੂ-ਲੁਹਾਣ ਕਰ ਰਿਹਾ ਹੈ।ਆਪਣੀ ਮਿਹਨਤ ਦਾ ਪੂਰਾ ਮੁੱਲ ਮੰਗ ਰਹੇ ਮਜ਼ਦੂਰਾਂ ਨੂੰ ਇਹ ਪੁਲਿਸ ਦੀ ਡਾਂਗ ਨਾਲ ਕੁੱਟਵਾ ਰਿਹਾ ਹੈ।

ਵੋਟਾਂ ਤੋਂ ਪਹਿਲਾਂ ਇਹਨਾਂ ਲਈ ਮੁੱਦੇ ਸਨ ਪੰਜਾਬ ਦੇ ਉਹ ਮੁੰਡੇ,ਜਿਹੜੇ ਟੈਂਕੀਆਂ ਤੇ ਚੜ੍ਹੇ ਬੈਠੇ ਸਨ।ਉਹ ਮੁੰਡੇ-ਕੁੜੀਆਂ,ਜਿਹੜੇ ਮੰਤਰੀਆਂ ਦੇ ਘਰਾਂ ਮੂਹਰੇ ਟੈਂਟ ਲਾਈ ਬੈਠੇ ਸਨ।ਉਹ ਕੱਚੇ ਅਧਿਆਪਕ,ਜਿਹਨਾਂ ਨੂੰ ਡਰ ਸੀ ਕਿ ਅੱਜ ਕੱਢ ਤੇ ਪਰਸੋਂ ਕੱਢ ਤੇ ਨੌਕਰੀ ਤੋਂ।ਉਹ ਆਂਗਣਵਾੜੀ ਵਰਕਰ,ਜਿਨ੍ਹਾਂ ਨੂੰ ਅਕਾਲੀਆਂ-ਕਾਂਗਰਸੀਆਂ ਦੇ ਕਹਿਣ ਤੇ ਪੁਲਿਸ ਕੁੱਟਦੀ ਫਿਰਦੀ ਸੀ।ਉਹ ਕਿਸਾਨ,ਜਿਹੜੇ ਸਿੰਘੂ-ਟਿਕਰੀ ਬਾਰਡਰ ਤੇ ਆਪਣੇ ਹੱਕਾਂ ਲਈ ਬੈਠੇ ਸਨ।ਪਰ ਵੋਟਾਂ ਤੋਂ ਬਾਅਦ ਕੁਰਸੀ ਦੇ ਨਸ਼ੇ ਵਿੱਚ ਇਹਨਾਂ ਲਈ ਮੁੱਦੇ ਬਦਲ ਗਏ ਹਨ।ਇਹਨਾਂ ਲਈ ਹੁਣ ਇੱਕ ਹੀ ਮੁੱਦਾ ਰਹਿ ਗਿਆ ਹੈ,ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਅਤੇ ਫਸਲਾਂ ਨੂੰ ਕਿਵੇਂ ਬਰਬਾਦ ਕਰਨਾ ਹੈ।ਦਿੱਲੀ ਵਾਲਿਆਂ ਨੂੰ ਕਿਵੇਂ ਖੁਸ਼ ਕਰਨਾ ਹੈ।

ਪੋਲੀਟੀਸ਼ਨਜ਼ ਨੇ ਇਨ੍ਹਾਂ ਗੰਦ ਪਾ ਰੱਖਿਆ ਹੈ ਕਿ ਪੰਜਾਬ ਨੂੰ ਅੱਜ ਇਸ ਹਾਲ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਅੱਜ ਹਰ ਇੱਕ ਜਨਮ ਲੈਂਦਾ ਬੱਚਾ ਲੱਖ-ਲੱਖ ਰੁਪਏ ਦਾ ਕਰਜਾਈ ਹੈ।ਇਹ ਪੋਲੀਟੀਸ਼ਨਜ ਨਾ 1947 ਤੋਂ ਪਹਿਲਾਂ ਆਪਣੇ ਬਣੇ ਤੇ ਨਾ ਹੀ ਉਸ 1947 ਤੋਂ ਬਾਅਦ।ਇਹ ਕਾਰਪੋਰੇਟ ਘਰਾਣਿਆਂ ਦੇ ਹੀ ਬਣੇ ਹਨ।ਸੰਗਰੂਰ ਵਿੱਚ ਮਜ਼ਦੂਰਾਂ ਦੇ ਧਰਨੇ ਤੇ ਸੁਣ ਰਿਹਾ ਸੀ ਕਿ ਕਹਿੰਦੇ ਪਹਿਲਾਂ ਇੱਕ ਪ੍ਰੋਗਰਾਮ ਚੱਲਦਾ ਸੀ,ਜੁਗਨੂੰ ਹਾਜ਼ਰ ਹੈ।ਪਰ ਜੁਗਨੂੰ ਕਿੰਨਾ ਲੋਕਾਂ ਲਈ ਹਾਜ਼ਰ ਹੈ,ਇਹ ਗੱਲ ਸਮਝਣ ਵਾਲੀ ਹੈ।ਜੁਗਨੂੰ ਹਾਜ਼ਰ ਹੈ,ਉਹਨਾਂ ਕਾਰਪੋਰੇਟ ਘਰਾਣਿਆਂ ਲਈ,ਉਹਨਾਂ ਸਰਮਾਏਦਾਰਾਂ ਲਈ। ਪਰ ਜੁਗਨੂੰ ਕਿਸਾਨਾਂ-ਮਜ਼ਦੂਰਾਂ ਤੇ ਮੁਲਾਜ਼ਮਾਂ ਲਈ ਗੈਰ-ਹਾਜ਼ਰ ਹੈ।ਜਿਹੜਾ ਕਹਿੰਦਾ ਸੀ ਕਿ ਮੈਂ ਆਮ ਲੋਕਾਂ ਦੀ ਗੱਲ ਕਰੂੰਗਾ,ਆਮ ਲੋਕਾਂ ਨਾਲ ਖੜੁੰਗਾ।ਪਰ ਅੱਜ ਉਹ ਲੋਕਾਂ ਨਾਲ ਖੜਨਾ ਤਾਂ ਇੱਕ ਪਾਸੇ,ਉਹਨਾਂ ਨੂੰ ਮਿਲਣ ਲਈ ਵੀ ਤਿਆਰ ਨਹੀਂ ਹੈ।ਉਹਨਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ।ਡੰਡੇ ਵੀ ਉਹੀ ਹਨ,ਪੁਲਿਸ ਵੀ ਉਹੀ ਹੈ।ਬਸ ਜੇ ਕੁਝ ਬਦਲਿਆ ਹੈ ਤਾਂ ਹੁਕਮ ਦੇਣ ਵਾਲੇ ਬਦਲੇ ਹਨ।

ਦਿੱਲੀ ‘ਚ ਕੇਜਰੀਵਾਲ ਦੀ ਪੰਜ ਸਾਲਾਂ ਤੋਂ ਲੱਗੀ ਫਿਲਮ ਫਲਾਪ ਹੋਣ ਤੋਂ ਬਾਅਦ ਉਸਨੂੰ ਦਿੱਲੀ ਦੇ ਲੋਕਾਂ ਨੇ ਲਾਹ ਕੇ ਸੁੱਟ ਦਿੱਤਾ ਹੈ,ਹੀਰੋ ਨੂੰ ਹੀ ਮਾਰ ਦਿੱਤਾ ਹੈ। 2027 ਨੇੜੇ ਹੈ,ਜੇ ਇਹਨਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਗੌਰ ਕਰਕੇ ਉਹਨਾਂ ਨੂੰ ਪੂਰਾ ਨਾ ਕੀਤਾ ਤਾਂ ਪੰਜਾਬ ‘ਚ ਲੱਗੀ ਫਿਲਮ ਦੇ ਹੀਰੋ ਨੂੰ ਵੀ ਪੰਜਾਬ ਦੇ ਲੋਕ ਘੜੀਸ-ਘੜੀਸ ਕੇ ਕੁਰਸੀ ਤੋਂ ਥੱਲੇ ਸੁੱਟਣਗੇ।

ਅੱਜ ਦੇ ਸਮੇਂ ਵਿੱਚ ਅਸੀਂ ਇਨੇ ਸੌਖੇ,ਅਵੇਸਲੇ ਹੋ ਗਏ ਹਾਂ ਕਿ ਜੇ ਸਾਡਾ ਘਰ ਦੇ ਵਿੱਚ 100 ਰੁਪਇਆ ਵੀ ਖੋ ਜਾਂਦਾ ਹੈ ਤਾਂ ਉਸਨੂੰ ਲੱਭਣ ਲਈ ਅਸੀਂ ਘਰ ਦਾ ਇਕੱਲਾ-ਇਕੱਲਾ ਕੋਨਾ ਛਾਣ ਮਾਰਦੇ ਹਾਂ।ਪਰ ਸਰਕਾਰਾਂ ਸਾਡੇ ਐਨੇ ਹੱਕ ਦੱਬੀ ਬੈਠੀਆਂ ਹਨ,ਉਸ ਬਾਰੇ ਅਸੀਂ ਚੇਤੰਨ ਨਹੀਂ ਹਾਂ।ਸਾਡੇ ਵਿੱਚ ਇਸ ਪਾਸੇ ਚੇਤਨਤਾ ਦੀ ਘਾਟ ਹੈ।

ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਾਨੂੰ ਇਸ ਪਾਸੇ ਵੀ ਚੇਤੰਨ ਹੋਣ ਦੀ ਲੋੜ ਹੈ।ਜੇ ਆਪਾਂ ਨੇ ਸਰਵਾਈਵ ਕਰਨਾ ਹੈ,ਸਹੀ ਤੱਥਾਂ ਤੇ ਪਹਿਰਾ ਦੇਣਾ ਹੈ ਤਾਂ ਸਾਨੂੰ ਸਮੇਂ ਦੀਆਂ ਸਰਕਾਰਾਂ ਖਿਲਾਫ ਲੜਨਾ ਹੀ ਪੈਣਾ ਹੈ।ਆਪਣੀ ਜਿੱਤ ਆਪਣਾ ਸੰਘਰਸ਼ ਹੀ ਤੈਅ ਕਰੇਗਾ।ਜਿਹੋ-ਜਿਹਾ ਆਪਣਾ ਸੰਘਰਸ਼ ਹੋਵੇਗਾ।ਉਹੋ ਜਿਹੀ ਆਪਣੀ ਜਿੱਤ ਹੋਵੇਗੀ।ਆਪਣਾ ਸੰਘਰਸ਼ ਹੀ ਮੁੱਖ ਮੰਤਰੀ ਦੇ ਹਰੇ ਪੈਨ ਨੂੰ ਚੱਲਣ ਲਈ ਮਜਬੂਰ ਕਰੇਗਾ।ਫੇਸਬੁੱਕ/ਟਵਿੱਟਰਾਂ ਤੇ ਜਿਹੋ-ਜਿਹੀ ਮਰਜ਼ੀ ਮੁਹਿੰਮ ਚਲਾ ਲਵੋ।

ਕੋਈ ਫਾਇਦਾ ਨਹੀਂ ਹੋਣਾ। ਇਹ ਸਭ ਕੁਝ ਐਸ.ਐਸ.ਏ./ਰਮਸਾ ‘ਚ ਰਹਿੰਦਿਆਂ ਕਰਕੇ ਦੇਖ ਲਿਆ ਹੈ।ਫੇਸਬੁੱਕ/ਟਵਿਟਰਾਂ,ਅਦਾਲਤਾਂ ‘ਚ ਲੜਾਈ ਨਹੀਂ ਲੜੀ ਜਾਂਦੀ। ਆਹ ਸੜਕ ਤੇ ਬੈਠ ਕੇ ਹੀ ਆਪਣੇ ਮਸਲਿਆਂ ਦੇ ਹੱਲ ਹੋਣੇ ਹਨ।ਸਿੱਖਿਆ ਮੰਤਰੀ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਕਰ ਰਿਹਾ ਹੈ। ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਿਹਾ ਹੈ।ਇਹ ਆਪਣੇ ‘ਚ ਹੀ ਘਾਟ ਹੈ।ਰੈਲੀਆਂ ਦੌਰਾਨ ਜ਼ਿਆਦਾਤਰ ਅਧਿਆਪਕ ਘਰਾਂ ‘ਚ ਹੀ ਬੈਠੇ ਹੁੰਦੇ ਨੇ।ਥੋੜੀ ਗਿਣਤੀ ‘ਚ ਹੀ ਅਧਿਆਪਕ ਰੈਲੀ ਦੇ ਸਥਾਨ ਤੇ ਪਹੁੰਚਦੇ ਹਨ।

ਜੇ ਆਪਾਂ ਇਕੱਠ ਲੋਹੇ ਦੀ ਲੱਠ ਬਣ ਕੇ ਧਰਨੇ ‘ਚ ਪਹੁੰਚੀਏ ਤਾਂ ਇਹਨਾਂ ਹੁਕਮਰਾਨਾਂ ਦੇ ਪੱਕੀ ਧਰਨ ਪਊਗੀ।ਆਪਣਾ ਇਕੱਠ ਦੇਖ ਕੇ ਇਹ ਮੀਟਿੰਗ ਵੀ ਦੇਣਗੇ,ਮੀਟਿੰਗਾਂ ‘ਚ ਬੈਠਣਗੇ ਵੀ ਤੇ ਅਧਿਆਪਕਾਂ ਦੇ ਮਸਲੇ ਹੱਲ ਵੀ ਕਰਨ ਵੱਲ ਧਿਆਨ ਵੀ ਦੇਣਗੇ।ਇਹ ਉਦੋਂ ਸੰਭਵ ਹੋਊ,ਜਦੋਂ ਆਪਾਂ ਖੁਦ ਚੇਤੰਨ ਹੋਵਾਂਗੇ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਆਪਣੀਆਂ ਮੰਗਾਂ ਬਾਰੇ ਚੇਤੰਨ ਕਰਾਂਗੇ। ਫਿਰ ਹੋਣਗੇ ਮਸਲੇ ਹੱਲ।ਸੋ ਸਾਥੀਓ ਜਥੇਬੰਦੀਆਂ ਨੇ ਦਿੱਤੇ ਹਰ ਇੱਕ ਐਕਸ਼ਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਰਹੋ।

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਪਣੇ ਹੱਕ ਮੰਗਦੇ ਅਧਿਆਪਕਾਂ/ਮਹਿਲਾਂ ਅਧਿਆਪਕਾਂ ਅਤੇ ਕਰਮਚਾਰੀਆਂ ਤੇ ਪੁਲਸੀਆ ਡਾਂਗ ਵਰਾਉਣ,ਅੱਥਰੂ ਗੈਸ ਦੇ ਗੋਲੇ ਦਾਗਣ ਅਤੇ ਪਾਣੀ ਦੀਆਂ ਬੁਛਾੜਾਂ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ। ਜਦੋਂ ਤੱਕ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ,ਇਹ ਸੰਘਰਸ਼ ਜਾਰੀ ਰਹੇਗਾ।

ਲੇਖਕ- ਏਕਮ ਦੁੱਗਲ

ਨੋਟ- ਇਹ ਵਿਚਾਰ ਲੇਖਕ ਦੇ ਨਿੱਜੀ ਹਨ।

 

More

ਵੱਡੀ ਖ਼ਬਰ: ਮੁਲਾਜ਼ਮਾਂ ਦੀ ਹੜਤਾਲ ਅੱਗੇ ਝੁਕੀ ਭਗਵੰਤ ਮਾਨ ਸਰਕਾਰ; DA ਮਾਮਲੇ ‘ਤੇ ਸਰਕਾਰ ਨਾਲ ਬਣੀ ਸਹਿਮਤੀ, ਕਾਰਨ ਦੱਸੋ ਨੋਟਿਸ ਵੀ ਲਏ ਵਾਪਸ!

Punjab News: ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਡਿਊਟੀ ਦਾ ਆਂਗਣਵਾੜੀ ਵਰਕਰਾਂ ਵੱਲੋਂ ਬਾਈਕਾਟ ਦਾ ਐਲਾਨ

8th Pay Commission Latest Update: 8ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: ਪੁਰਾਣੀ ਪੈਨਸ਼ਨ ਸਕੀਮ ਵਾਲੇ ਪੈਨਸ਼ਨਰਾਂ ਦੇ ਫਿਟਮੈਂਟ ਫੈਕਟਰ ’ਤੇ ਉੱਠੇ ਸਵਾਲ

ਵੱਡੀ ਖ਼ਬਰ: ਪੰਜਾਬ ‘ਚ ਮੁਫ਼ਤ ਬਿਜਲੀ ਦੀ ਕੀਮਤ PSPCL ’ਤੇ ਪਈ ਭਾਰੀ! ਸਰਕਾਰ ਵੱਲ 7550 ਕਰੋੜ ਸਬਸਿਡੀ ਬਕਾਇਆ- ਸਰਕਾਰੀ ਗਾਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ

Singer Ammy Virk Firing News: ਪੰਜਾਬੀ ਗਾਇਕ ਐਮੀ ਵਿਰਕ ‘ਤੇ ਫਾਇਰਿੰਗ ਦੀਆਂ ਖ਼ਬਰਾਂ ਦਾ ਸੱਚ ਆਇਆ ਸਾਹਮਣੇ, ਪਿਤਾ ਨੇ ਦਿੱਤਾ ਵੱਡਾ ਬਿਆਨ

ਗੁਲਜ਼ਾਰ ਸਿੰਘ ਸੁਸਾਈਡ ਕੇਸ! ਮਾਨ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ; ਕੌਮੀ SC ਕਮਿਸ਼ਨ ਨੇ ਮੰਗੀ ਵਿਸਥਾਰਤ ਰਿਪੋਰਟ

Leave a Comment