Big change in LPG rules; LPG ਨਿਯਮਾਂ ‘ਚ ਵੱਡਾ ਬਦਲਾਅ; ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ (ਪੜ੍ਹੋ ਸਰਕਾਰੀ ਨੋਟੀਫਿਕੇਸ਼ਨ)
ਕੇਂਦਰ ਸਰਕਾਰ ਵੱਲੋਂ LPG ਨਿਯਮਾਂ ‘ਚ ਵੱਡਾ ਬਦਲਾਅ; PNG ਕੁਨੈਕਸ਼ਨ ਵਾਲੇ ਹੁਣ ਨਹੀਂ ਲੈ ਸਕਣਗੇ ਗੈਸ ਸਿਲੰਡਰ
ਨਵੇਂ ਨਿਯਮਾਂ ਤਹਿਤ ਦੋਵੇਂ ਕੁਨੈਕਸ਼ਨ ਰੱਖਣ ‘ਤੇ ਲੱਗੀ ਰੋਕ; LPG ਕੁਨੈਕਸ਼ਨ ਤੁਰੰਤ ਵਾਪਸ ਕਰਨ ਦੇ ਹੁਕਮ
ਨਵੀਂ ਦਿੱਲੀ, 15 ਮਾਰਚ 2026-
Big change in LPG rules; ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ‘ਜ਼ਰੂਰੀ ਵਸਤੂਆਂ ਐਕਟ, 1955’ ਦੇ ਤਹਿਤ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕਰਦਿਆਂ ਰਸੋਈ ਗੈਸ (LPG) ਦੇ ਨਿਯਮਾਂ ਵਿੱਚ ਸੋਧ ਕੀਤੀ ਹੈ। ਨਵੇਂ ਨਿਯਮਾਂ ਅਨੁਸਾਰ, ਜਿਨ੍ਹਾਂ ਘਰਾਂ ਵਿੱਚ ਪਾਈਪਡ ਕੁਦਰਤੀ ਗੈਸ (PNG) ਦਾ ਕੁਨੈਕਸ਼ਨ ਲੱਗਿਆ ਹੋਇਆ ਹੈ, ਉਹ ਹੁਣ ਘਰੇਲੂ LPG ਸਿਲੰਡਰ ਰੱਖਣ ਦੇ ਯੋਗ ਨਹੀਂ ਹੋਣਗੇ।
ਸਰਕਾਰ ਵੱਲੋਂ ਜਾਰੀ ਕੀਤੇ ਗਏ ਗਜ਼ਟ ਨੋਟੀਫਿਕੇਸ਼ਨ ਅਨੁਸਾਰ, ਜਿਸ ਵੀ ਵਿਅਕਤੀ ਕੋਲ ਪਾਈਪਡ ਗੈਸ (PNG) ਅਤੇ LPG ਦੋਵੇਂ ਕੁਨੈਕਸ਼ਨ ਹਨ, ਉਸ ਨੂੰ ਆਪਣਾ ਘਰੇਲੂ LPG ਕੁਨੈਕਸ਼ਨ ਤੁਰੰਤ ਵਾਪਸ (Surrender) ਕਰਨਾ ਹੋਵੇਗਾ। PNG ਦੀ ਵਰਤੋਂ ਕਰਨ ਵਾਲੇ ਉਪਭੋਗਤਾ ਕਿਸੇ ਵੀ ਸਰਕਾਰੀ ਤੇਲ ਕੰਪਨੀ ਜਾਂ ਡਿਸਟ੍ਰੀਬਿਊਟਰ ਤੋਂ LPG ਸਿਲੰਡਰ ਦਾ ਰਿਫਿਲ ਪ੍ਰਾਪਤ ਨਹੀਂ ਕਰ ਸਕਣਗੇ।
ਕੋਈ ਵੀ ਵਿਅਕਤੀ, ਜਿਸ ਕੋਲ ਪਹਿਲਾਂ ਹੀ ਪਾਈਪਡ ਗੈਸ (PNG) ਹੈ, ਉਹ ਨਵਾਂ LPG ਕੁਨੈਕਸ਼ਨ ਨਹੀਂ ਲੈ ਸਕੇਗਾ। ਸਰਕਾਰ ਨੇ ਸਰਕਾਰੀ ਤੇਲ ਕੰਪਨੀਆਂ ਲਈ ਵੀ ‘ਵਰਜਿਤ ਗਤੀਵਿਧੀਆਂ’ (Prohibited Activities) ਦੀ ਸੂਚੀ ਜਾਰੀ ਕੀਤੀ ਹੈ। ਹੁਣ ਤੇਲ ਕੰਪਨੀਆਂ ਜਾਂ ਉਨ੍ਹਾਂ ਦੇ ਡੀਲਰਾਂ ਲਈ ਅਜਿਹੇ ਗਾਹਕਾਂ ਨੂੰ ਸਿਲੰਡਰ ਸਪਲਾਈ ਕਰਨਾ ਗੈਰ-ਕਾਨੂੰਨੀ ਹੋਵੇਗਾ, ਜਿਨ੍ਹਾਂ ਕੋਲ ਪਹਿਲਾਂ ਹੀ PNG ਕੁਨੈਕਸ਼ਨ ਮੌਜੂਦ ਹੈ।
ਕਿਉਂ ਲਿਆ ਗਿਆ ਇਹ ਫੈਸਲਾ?
ਇਸ ਕਦਮ ਦਾ ਮੁੱਖ ਉਦੇਸ਼ ਰਸੋਈ ਗੈਸ ਦੀ ਦੁਰਵਰਤੋਂ ਨੂੰ ਰੋਕਣਾ ਅਤੇ ਸਾਫ਼-ਸੁਥਰੇ ਬਾਲਣ (PNG) ਦੇ ਨੈੱਟਵਰਕ ਨੂੰ ਉਤਸ਼ਾਹਿਤ ਕਰਨਾ ਹੈ। ਸਰਕਾਰ ਚਾਹੁੰਦੀ ਹੈ ਕਿ LPG ਸਿਲੰਡਰਾਂ ਦੀ ਸਪਲਾਈ ਉਨ੍ਹਾਂ ਲੋਕਾਂ ਤੱਕ ਯਕੀਨੀ ਬਣਾਈ ਜਾਵੇ, ਜਿਨ੍ਹਾਂ ਕੋਲ ਅਜੇ ਤੱਕ ਪਾਈਪਡ ਗੈਸ (PNG) ਦੀ ਸਹੂਲਤ ਨਹੀਂ ਪਹੁੰਚੀ ਹੈ।






