ਅਧਿਆਪਕਾਂ ਦੀਆਂ ਨੌਕਰੀਆਂ ਖ਼ਤਰੇ ‘ਚ! ਪੰਜਾਬ ਸਰਕਾਰ ਇਨਸਾਫ ਦੀ ਬਜਾਏ ਵਰ੍ਹਾਉਣ ਲੱਗੀ ਲਾਠੀਆਂ, ਟੀਚਰਾਂ ਨੇ ਫੂਕੇ ਪੁਤਲੇ
ਅੰਮ੍ਰਿਤਸਰ, 17 ਮਾਰਚ 2026-
ਅਧਿਆਪਕ ਜਥੇਬੰਦੀਆਂ ਦੇ ਆਗੂਆਂ ਬਲਜਿੰਦਰ ਸਿੰਘ ਮਾਨ, ਸੁੱਚਾ ਸਿੰਘ ਟਰਪਈ, ਅਸ਼ਵਨੀ ਅਵਸਥੀ, ਸੰਤਸੇਵਕ ਸਿੰਘ ਸਰਕਾਰੀਆ, ਅਵਤਾਰ ਸਿੰਘ, ਹਰਿੰਦਰਜੀਤ ਸਿੰਘ ਜਸਪਾਲ, ਪ੍ਰਸ਼ਾਂਤ ਕੁਮਾਰ, ਅਰਜਿੰਦਰ ਕਲੇਰ ਆਦਿ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਸੁਪਰੀਮ ਕੋਰਟ ਰਾਹੀਂ ਟੈੱਟ (ਅਧਿਆਪਕ ਯੋਗਤਾ ਟੈਸਟ) ਦੀ ਬਿਲਕੁਲ ਬੇਲੋੜੀ, ਗੈਰਵਿਧਾਨਿਕ ਸ਼ਰਤ ਜਬਰੀ ਥੋਪਣ, ਪੰਜਾਬ ਸਰਕਾਰ ਵਲੋਂ ਬਜਟ ਸੈਸ਼ਨ ਦੌਰਾਨ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਬਿੱਲ ਨਾ ਲਿਆਉਣ, ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਖਲ ਨਾ ਕਰਨ, ਸਿੱਖਿਆ ਵਿਭਾਗ ਵਲੋਂ ਕੁਝ ਵਰਗਾਂ ਨੂੰ ਟੈੱਟ ਤੋਂ ਛੋਟ ਦੇਣ ਦਾ ਪੱਤਰ ਰੱਦ ਕਰਨ, ਸੰਘਰਸ਼ ਦੌਰਾਨ ਜਲ ਤੋਪਾਂ, ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲਿਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਅਧਿਆਪਕਾਂ ਨੂੰ ਜਖਮੀ ਕਰਕੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੇ ਮਾਨ ਸਨਮਾਨ ਨੂੰ ਸੱਟ ਮਾਰਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਅਧਿਆਪਕਾਂ ਦੀ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਮਸਲਿਆਂ ਦੇ ਹੱਲ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਹਰ ਵਰਗ ‘ਤੇ ਪੁਲਸੀਆ ਤਸ਼ੱਦਦ ਹੀ ਕੀਤਾ ਹੈ।
ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲੰਗੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹੁਣ ਤੱਕ ਲਾਗੂ ਨਹੀਂ ਕੀਤੀ ਗਈ, ਤਨਖਾਹ ਦੁਹਰਾਈ ਦੇ ਬਕਾਏ, ਨਵੇਂ ਸਕੇਲ ਰੱਦ ਕਰਕੇ ਪੰਜਾਬ ਤਨਖ਼ਾਹ ਸਕੇਲਾਂ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਜਾਰੀ ਕੀਤੀਆਂ ਕਿਸ਼ਤਾਂ ਦੇ ਬਕਾਏ ਮਿੱਟੀ ਘੱਟੇ ਰਲਾ ਦਿੱਤੇ ਗਏ ਹਨ, ਸੋਧਣ ਦੇ ਨਾਂ ‘ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, ਤਨਖਾਹ ਕਮਿਸ਼ਨ ਦੀ ਪੂਰੀ ਰਿਪੋਰਟ ਵੀ ਜਾਰੀ ਨਹੀਂ ਕੀਤੀ ਗਈ, ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਤੇ ਸਕੂਲ ਮੁਖੀਆਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਬਣਦੀਆਂ ਤਰੱਕੀਆਂ ਨੇਪਰੇ ਚਾੜ੍ਹੀਆਂ ਹਨ।
ਇੱਕ ਪਾਸੇ ਪੰਜਾਬ ਸਰਕਾਰ ਵਲੋਂ ਖਜਾਨਾ ਭਰੇ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ, ਪਰ ਅਧਿਆਪਕਾਂ ਦੇ ਵਿੱਤੀ ਮਸਲੇ ਹੱਲ ਨਹੀਂ ਕੀਤੇ ਜਾ ਰਹੇ, ਬਹੁਗਿਣਤੀ ਅਧਿਆਪਕ ਫਰਵਰੀ ਮਹੀਨੇ ਦੀ ਤਨਖਾਹ ਨੂੰ ਵੀ ਤਰਸ ਰਹੇ ਹਨ। ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਸਿਰ ਤੇ ਛਾਂਟੀ ਦੀ ਤਲਵਾਰ ਲਟਕਾ ਦਿੱਤੀ ਗਈ ਹੈ।
ਇਸ ਪ੍ਰਦਰਸ਼ਨ ਵਿੱਚ ਜਰਮਨਜੀਤ ਸਿੰਘ ਛੱਜਲਵੱਡੀ, ਬਲਕਾਰ ਸਿੰਘ ਵਲਟੋਹਾ, ਮੰਗਲ ਸਿੰਘ ਟਾਂਡਾ ਮੰਗਲ, ਸੁਖਰਾਜ ਸਿੰਘ ਸਰਕਾਰੀਆ, ਰਕੇਸ਼ ਕੁਮਾਰ, ਹਰਵਿੰਦਰ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਹਰਵਿੰਦਰ ਸਿੰਘ, ਅਮਰੀਕ ਸਿੰਘ ਕਲੇਰ, ਗੁਰਚਰਨ ਮੌੜੇ, ਅਜੇਪਾਲ ਸਿੰਘ, ਕੰਵਲਜੀਤ ਕੌਰ ਛੱਜਲ ਵੱਡੀ, ਗੁਰਮੇਜ਼ ਸਿੰਘ ਕਲੇਰ, ਇੰਦਰਜੀਤ ਟਿੱਕਾ, ਓਂਕਾਰ ਸਿੰਘ, ਅਜੈ ਡੋਗਰਾ, ਸੁਖਰਾਜ ਮਾਹਲ, ਹਰਦੀਪ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਬਿਕਰਮਜੀਤ ਸਿੰਘ ਚੀਮਾ, ਕੁਲਬੀਰ ਸਿੰਘ ਨਾਗ, ਨਿਰਮਲ ਸਿੰਘ, ਕੰਵਲਜੀਤ ਸਿੰਘ ਨੰਗਲ, ਹੀਰਾ ਸਿੰਘ ਭੱਟੀ ਆਦਿ ਹਾਜ਼ਰ ਸਨ।






