ਨਸ਼ਾ ਵਿਰੋਧੀ ਫਰੰਟ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ
ਜ਼ਿਲ੍ਹੇ ਵਿੱਚ ਮੁੜ ਵਸੇਬਾ ਕੇਂਦਰ ਬਣਾ ਕੇ ਨਸ਼ੇ ਦੇ ਆਦਿ ਮਰੀਜਾਂ ਨੂੰ ਰਾਹਤ ਦਿੱਤੀ ਜਾਵੇ:- ਆਗੂ
ਫਿਰੋਜ਼ਪੁਰ 19 ਮਾਰਚ 2026- ਅੱਜ ਨਸ਼ਾ ਵਿਰੋਧੀ ਫਰੰਟ ਗੁਰੂਹਰਸਹਾਏ ਦੇ ਇਕ ਵਫਦ ਵੱਲੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਜਿਸ ਦੀ ਅਗਵਾਈ ਫਰੰਟ ਦੇ ਕਨਵੀਨਰ ਧਰਮ ਸਿੰਘ, ਸਕੱਤਰ ਸੁਰਜੀਤ ਸਿੰਘ ਅਤੇ ਖਜਾਨਚੀ ਨਰੇਸ਼ ਕੁਮਾਰ ਸੇਠੀ ਨੇ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਉਪਰੰਤ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਆਦਿ ਮਰੀਜਾਂ ਦੀ ਗਿਣਤੀ ਬਹੁਤ ਜਿਆਦਾ ਹੈ ਪਰ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰ ਵਿੱਚ ਸਿਰਫ 20 ਮਰੀਜਾਂ ਨੂੰ ਦਾਖਲ ਕਰਕੇ ਇਲਾਜ ਕਰਨ ਦਾ ਹੀ ਪ੍ਰਬੰਧ ਹੈ। ਉਹਨਾਂ ਇਹ ਵੀ ਕਿਹਾ ਕਿ ਇਥੇ ਸਿਰਫ 21 ਦਿਨ ਦਾ ਹੀ ਇਲਾਜ ਕੀਤਾ ਜਾਂਦਾ ਹੈ, ਪਰ ਨਸ਼ਿਆਂ ਦੀ ਦਲਦਲ ਵਿੱਚ ਅੰਦਰ ਤੱਕ ਧੱਸ ਚੁੱਕੇ ਮਰੀਜਾਂ ਦਾ ਨਸ਼ਾ ਛੁਡਾ ਕੇ ਨਵੀਂ ਜਿੰਦਗੀ ਸ਼ੂਰੂ ਕਰਨ ਲਈ ਮੁੜ ਵਸੇਬੇ ਦੀ ਲੋੜ ਹੁੰਦੀ ਹੈ ਪਰ ਕੁਝ ਜ਼ਿਲ੍ਹੇ ਅੰਦਰ ਅਜਿਹਾ ਮੁੜ ਵਸੇਬਾ ਕੇਂਦਰ ਸਰਕਾਰੀ ਤੌਰ ਤੇ ਨਹੀਂ ਹੈ।
ਆਗੂਆਂ ਨੇ ਮੰਗ ਕੀਤੀ ਕਿ ਜ਼ਿਲ੍ਹੇ ਅੰਦਰ ਇਕ ਜਿਲ੍ਹਾ ਪੱਧਰ ਦਾ ਮੁੜ ਵਸੇਬਾ ਕੇਂਦਰ ਬਣਾਇਆ ਜਾਵੇ ਜਿਥੇ ਨਸ਼ਿਆਂ ਦੇ ਆਦਿ ਮਰੀਜਾਂ ਨੂੰ ਮੁੜ ਤੋਂ ਜਿੰਦਗੀ ਜਿਉਣ ਦਾ ਮੌਕਾ ਮਿਲ਼ ਸਕੇ ਅਤੇ ਸਮਾਜ ਵਿੱਚੋਂ ਨਸ਼ਾ ਖ਼ਤਮ ਹੋ ਸਕੇ।
ਜਿਸ ‘ਤੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦੀਵਾਇਆ ਕਿ ਸਰਕਾਰ ਤੱਕ ਇਹ ਮੰਗ ਪਹੁੰਚਾ ਕੇ ਜਲਦੀ ਇਹ ਕੰਮ ਸ਼ੂਰੂ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਛਾਂਗਾ ਰਾਏ, ਗੁਰਮੀਤ ਸਿੰਘ ਮੋਠਾਂਵਾਲਾ, ਬਲਵਿੰਦਰ ਸਿੰਘ, ਬਚਨ ਸਿੰਘ, ਜਸਵਿੰਦਰ ਸਿੰਘ, ਗੁਰਬਖ਼ਸ਼ ਸਿੰਘ ਅਤੇ ਕਰਨ ਸਿੰਘ ਵੀ ਹਾਜ਼ਰ ਸਨ।






