ਆਂਗਣਵਾੜੀ ਵਰਕਰਾਂ ਲਈ ਵੱਡੀ ਖੁਸ਼ਖਬਰੀ! ਮਾਣ ਭੱਤਾ ਹੋਵੇਗਾ ਦੁਗਣਾ; ਸੈਮਸੰਗ ਮੋਬਾਈਲ ਫੋਨ ਅਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਵੀ ਮਿਲੇਗਾ ਲਾਭ

 

ਆਂਗਣਵਾੜੀ ਵਰਕਰਾਂ ਲਈ ਵੱਡੀ ਖੁਸ਼ਖਬਰੀ; ਮਾਣ ਭੱਤਾ ਹੋਵੇਗਾ ਦੁਗਣਾ; ਸੈਮਸੰਗ ਮੋਬਾਈਲ ਫੋਨ ਅਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਮਿਲੇਗਾ ਲਾਭ

ਮਾਨ ਸਰਕਾਰ ਦਾ ਆਂਗਣਵਾੜੀ ਵਰਕਰਾਂ ਨੂੰ ਵੱਡਾ ਤੋਹਫ਼ਾ: ਮਾਣ ਭੱਤਾ ਹੋਵੇਗਾ ਦੁਗਣਾ; ਕੱਲ੍ਹ ਸਾਰੇ ਜ਼ਿਲ੍ਹਿਆਂ ‘ਚ ਪਹੁੰਚਣਗੇ ਸੈਮਸੰਗ ਮੋਬਾਈਲ ਫੋਨ

ਹੁਣ ਆਂਗਣਵਾੜੀ ਵਰਕਰ ਹੀ ਜਾਰੀ ਕਰਨਗੇ ਬੱਚਿਆਂ ਦੇ ਸਕੂਲ ਸਰਟੀਫਿਕੇਟ; ਸਰਕਾਰ ਨੇ ਮੰਨੀਆਂ ਜਿਆਦਾਤਰ ਅਹਿਮ ਮੰਗਾਂ

ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਮਿਲੇਗਾ 1000 ਰੁਪਏ ਦਾ ਵਾਧੂ ਲਾਭ; ਵਰਕਰਾਂ ਦਾ ਨਾਮ ਬਦਲਣ ਦੀ ਵੀ ਤਿਆਰੀ

ਚੰਡੀਗੜ੍ਹ, 30 ਮਾਰਚ 2026:

ਪੰਜਾਬ ਭਵਨ ਚੰਡੀਗੜ੍ਹ ਵਿਖੇ ਅੱਜ ‘ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ’ ਦੇ ਚਾਰ ਮੈਂਬਰੀ ਵਫ਼ਦ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਇੱਕ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ।

ਇਸ ਮੀਟਿੰਗ ਵਿੱਚ ਵਿਭਾਗ ਦੇ ਸੈਕਟਰੀ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਸੀਨਾ ਅਗਰਵਾਲ ਅਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਸਨ।

ਮੰਤਰੀ ਬਲਜੀਤ ਕੌਰ ਵੱਲੋਂ ਯੂਨੀਅਨ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ‘ਤੇ ਹਾਂ-ਪੱਖੀ ਹੁੰਗਾਰਾ ਭਰਦਿਆਂ ਕਈ ਅਹਿਮ ਐਲਾਨ ਕੀਤੇ ਗਏ।

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ ਭੱਤਾ ਜਲਦ ਹੀ ਦੁਗਣਾ ਕੀਤਾ ਜਾਵੇਗਾ। ਸਾਲਾਨਾ ਇੰਕਰੀਮੈਂਟ (ਵਾਧਾ) ਵਧਾ ਕੇ 1000 ਰੁਪਏ ਕਰਨ ਦੀ ਮੰਗ ਨੂੰ ਪ੍ਰਵਾਨਗੀ ਦਿੱਤੀ ਗਈ।

ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਆਂਗਣਵਾੜੀ ਵਰਕਰ ਅਤੇ ਹੈਲਪਰ ਨੂੰ 1000 ਰੁਪਏ ਦਾ ਵਾਧੂ ਲਾਭ ਮਿਲੇਗਾ। 600-300 ਰੁਪਏ ਦਾ ਰਹਿੰਦਾ ਬਕਾਇਆ ਅਪ੍ਰੈਲ ਮਹੀਨੇ ਵਿੱਚ ਜਾਰੀ ਕਰ ਦਿੱਤਾ ਜਾਵੇਗਾ।

ਤਕਨੀਕੀ ਸਹੂਲਤਾਂ ਅਤੇ ਨਵੀਂ ਸਿੱਖਿਆ ਨੀਤੀ

ਵਰਕਰਾਂ ਦੀ ਮੋਬਾਈਲ ਫੋਨਾਂ ਦੀ ਮੰਗ ਨੂੰ ਤੁਰੰਤ ਪ੍ਰਵਾਨ ਕਰਦਿਆਂ ਮੈਡਮ ਨੇ ਦੱਸਿਆ ਕਿ ਕੱਲ੍ਹ ਤੱਕ ਸਾਰੇ ਜ਼ਿਲ੍ਹਿਆਂ ਵਿੱਚ Samsung A-17 ਮੋਬਾਈਲ ਭੇਜ ਦਿੱਤੇ ਜਾਣਗੇ। ਨਵੀਂ ਸਿੱਖਿਆ ਨੀਤੀ ਅਨੁਸਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਦਾ ਦਰਜਾ ਦੇਣ ਅਤੇ ਬੱਚਿਆਂ ਨੂੰ ਵਾਪਸ ਸੈਂਟਰਾਂ ਵਿੱਚ ਭੇਜਣ ਬਾਰੇ ਭਰੋਸਾ ਦਿੱਤਾ ਗਿਆ।

ਹੁਣ ਆਂਗਣਵਾੜੀ ਵਰਕਰਾਂ ਵੱਲੋਂ ਹੀ ਬੱਚਿਆਂ ਨੂੰ ਸਕੂਲ ਛੱਡਣ ਦਾ ਡਿਜੀਟਲ ਸਰਟੀਫਿਕੇਟ ਕੱਟ ਕੇ ਦਿੱਤਾ ਜਾਵੇਗਾ, ਜਿਸ ਦਾ ਨਮੂਨਾ ਡਾਇਰੈਕਟਰ ਮੈਡਮ ਵੱਲੋਂ ਦਿਖਾਇਆ ਗਿਆ।

ਵਿਦੇਸ਼ ਜਾਣ ਲਈ ਐਮਰਜੰਸੀ ਛੁੱਟੀ ਦੀ ਮੰਗ ਮੰਨ ਲਈ ਗਈ ਹੈ ਅਤੇ 20 ਦਿਨਾਂ ਤੋਂ ਵੱਧ ਛੁੱਟੀ ‘ਤੇ ਇੰਕਰੀਮੈਂਟ ਨਾ ਲੱਗਣ ਵਾਲੀ ਸ਼ਰਤ ਹਟਾਈ ਜਾਵੇਗੀ। ਭਰਤੀ ਪ੍ਰਕਿਰਿਆ ਵਿੱਚ 5 ਨੰਬਰਾਂ ਦੀ ਇੰਟਰਵਿਊ ਖ਼ਤਮ ਕਰਨ ਅਤੇ ਸੁਪਰਵਾਈਜ਼ਰਾਂ ਦੀ ਭਰਤੀ ਜਲਦ ਮੁਕੰਮਲ ਕਰਨ ਬਾਰੇ ਵੀ ਸਹਿਮਤੀ ਬਣੀ।

ਸਪਲੀਮੈਂਟਰੀ ਨਿਊਟਰੀਸ਼ਨ ਤਹਿਤ ਹੁਣ ਕਣਕ, ਚੌਲ, ਸੁੱਕਾ ਦੁੱਧ, ਘਿਓ ਅਤੇ ਪੰਜੀਰੀ ਵਰਗਾ ਕੱਚਾ ਰਾਸ਼ਨ ਦੇਣ ਦਾ ਭਰੋਸਾ ਮਿਲਿਆ ਹੈ। ਸੈਂਟਰਾਂ ਵਿੱਚ ਬਿਜਲੀ ਦੇ ਮੀਟਰ ਲਗਾਉਣ, ਫਰਨੀਚਰ (ਮੇਜ਼-ਕੁਰਸੀਆਂ) ਅਤੇ ਭਾਂਡਿਆਂ ਵਰਗੀਆਂ ਮੁਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।

ਇੱਕ ਦਿਲਚਸਪ ਸੁਝਾਅ ‘ਤੇ ਕਾਰਵਾਈ ਕਰਦਿਆਂ ਮੰਤਰੀ ਮੈਡਮ ਨੇ ‘ਆਂਗਣਵਾੜੀ ਵਰਕਰ’ ਦਾ ਨਾਮ ਬਦਲ ਕੇ ਕੋਈ ਹੋਰ ਵਧੀਆ ਅਤੇ ਸਤਿਕਾਰਯੋਗ ਨਾਮ ਰੱਖਣ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਇਸ ਸਬੰਧੀ ਸੁਝਾਅ ਮੰਗੇ ਹਨ।

ਮੀਟਿੰਗ ਵਿੱਚ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ, ਜਨਰਲ ਸਕੱਤਰ ਹਰਪ੍ਰੀਤ ਕੌਰ ਕਾਹਲੋਂ, ਮੀਤ ਪ੍ਰਧਾਨ ਸਤਵਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਕਮਲਜੀਤ ਕੌਰ ਸ਼ਾਮਲ ਸਨ, ਜਿਨ੍ਹਾਂ ਨੇ ਮੀਟਿੰਗ ਦੇ ਨਤੀਜਿਆਂ ‘ਤੇ ਤਸੱਲੀ ਪ੍ਰਗਟਾਈ ਹੈ।