Flood Alert: ਪੰਜਾਬ ‘ਚ ਹੜ੍ਹ ਵਰਗੀ ਸਥਿਤੀ ਲਈ BBMB ਦਾ ਵੱਡਾ ਕਦਮ, ਬਿਆਸ ਦਰਿਆ ‘ਤੇ ਲਾਇਆ ‘ਅਰਲੀ ਵਾਰਨਿੰਗ ਸਿਸਟਮ’; ਲੋਕਾਂ ਨੂੰ ਤੁਰੰਤ ਮਿਲੇਗੀ ਚਿਤਾਵਨੀ!
ਤਲਵਾੜਾ/ਪੌਂਗ ਡੈਮ, 7 ਅਪ੍ਰੈਲ 2026:
ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਹੁਣ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਸੂਚਨਾ ਪ੍ਰਾਪਤ ਕਰਨਾ ਸੌਖਾ ਹੋ ਜਾਵੇਗਾ।
ਭਾਖੜਾ ਬਿਆਸ ਪ੍ਰਬੰਧਕ ਬੋਰਡ (BBMB) ਨੇ ਡੈਮ ਤੋਂ ਵਾਧੂ ਪਾਣੀ ਛੱਡਣ ਦੀ ਸੂਰਤ ਵਿੱਚ ਲੋਕਾਂ ਨੂੰ ਤੁਰੰਤ ਸੁਚੇਤ ਕਰਨ ਲਈ ‘ਅਗੇਤੀ ਚਿਤਾਵਨੀ ਪ੍ਰਣਾਲੀ’ (Early Warning System) ਸਥਾਪਿਤ ਕੀਤੀ ਹੈ। ਇਸ ਸਿਸਟਮ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਵੱਲੋਂ ਕੀਤਾ ਗਿਆ।
ਬਿਆਸ ਦਰਿਆ ‘ਤੇ ਲਗਾਏ ਚਿਤਾਵਨੀ ਸਿਸਟਮ
ਬਿਆਸ ਦਰਿਆ ਦੇ ਕੰਢੇ ਵੱਖ-ਵੱਖ ਥਾਵਾਂ ‘ਤੇ ਅਜਿਹੇ 6 ਚਿਤਾਵਨੀ ਸਿਸਟਮ ਲਗਾਏ ਗਏ ਹਨ।
ਬਿਆਸ ਡੈਮ ਦੇ ਚੀਫ਼ ਇੰਜਨੀਅਰ ਰਾਕੇਸ਼ ਗੁਪਤਾ ਅਨੁਸਾਰ, ਇਹ ਸਿਸਟਮ ਸ਼ਾਹ ਨਹਿਰ ਬੈਰਾਜ (52 ਗੇਟ) ਤੋਂ ਲੈ ਕੇ ਮਿਰਥਲ ਤੱਕ ਲਗਭਗ 50 ਕਿਲੋਮੀਟਰ ਦੀ ਦੂਰੀ ਵਿੱਚ ਸਥਾਪਿਤ ਕੀਤੇ ਗਏ ਹਨ।
ਇਹ ਸਾਰੇ ਸਿਸਟਮ ਦਰਿਆ ਦੇ ਕੰਢੇ ਵਸੀ ਆਬਾਦੀ ਦੇ ਬਿਲਕੁਲ ਨੇੜੇ ਲਗਾਏ ਗਏ ਹਨ ਤਾਂ ਜੋ ਚਿਤਾਵਨੀ ਦੀ ਆਵਾਜ਼ ਸਾਰੇ ਲੋਕਾਂ ਤੱਕ ਪਹੁੰਚ ਸਕੇ।
ਪੁਰਾਣੇ ਤਰੀਕੇ ਨਾਲੋਂ ਕਿਵੇਂ ਹੈ ਬਿਹਤਰ?
ਪਹਿਲਾਂ ਜਦੋਂ ਵੀ ਪੌਂਗ ਡੈਮ ਤੋਂ ਵਾਧੂ ਪਾਣੀ ਛੱਡਿਆ ਜਾਂਦਾ ਸੀ, ਤਾਂ ਬੋਰਡ ਦੀਆਂ ਟੀਮਾਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪਿੰਡ-ਪਿੰਡ ਜਾ ਕੇ ਲਾਊਡ ਸਪੀਕਰਾਂ ਰਾਹੀਂ ਮੁਨਿਆਦੀ ਕਰਨੀ ਪੈਂਦੀ ਸੀ।
ਇਸ ਪ੍ਰਕਿਰਿਆ ਵਿੱਚ ਕਾਫ਼ੀ ਸਮਾਂ ਲੱਗਦਾ ਸੀ। ਹੁਣ ਇਸ ਨਵੇਂ ਆਟੋਮੈਟਿਕ ਸਿਸਟਮ ਦੇ ਲੱਗਣ ਨਾਲ ਸੂਚਨਾ ਪਹੁੰਚਾਉਣ ਦੀ ਰਫ਼ਤਾਰ ਤੇਜ਼ ਹੋ ਜਾਵੇਗੀ ਅਤੇ ਕੀਮਤੀ ਜਾਨ-ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਹੋਵੇਗਾ।
ਉਦਘਾਟਨ ਤੋਂ ਬਾਅਦ ਚੀਫ਼ ਇੰਜਨੀਅਰ ਰਾਕੇਸ਼ ਗੁਪਤਾ ਨੇ ਆਪਣੀ ਟੀਮ ਨਾਲ ਸਾਈਟ ‘ਤੇ ਜਾ ਕੇ ਇਨ੍ਹਾਂ ਸਿਸਟਮਾਂ ਦੇ ਕੰਮਕਾਜ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਨਿਗਰਾਨ ਇੰਜਨੀਅਰ ਮਨਵੀਨ ਚੌਧਰੀ, ਕਾਰਜਕਾਰੀ ਇੰਜਨੀਅਰ ਵਿਨੈ ਕੁਮਾਰ ਅਤੇ ਐਸ.ਡੀ.ਓ. ਪਰਮਿੰਦਰ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਨਵੀਂ ਪ੍ਰਣਾਲੀ ਦੇ ਸਥਾਪਿਤ ਹੋਣ ਨਾਲ ਦਰਿਆ ਦੇ ਕੰਢੇ ਵਸੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਬਰਸਾਤ ਦੇ ਮੌਸਮ ਵਿੱਚ ਅਚਾਨਕ ਪਾਣੀ ਛੱਡੇ ਜਾਣ ਕਾਰਨ ਅਕਸਰ ਖ਼ਤਰਾ ਬਣਿਆ ਰਹਿੰਦਾ ਸੀ।






