ਵੱਡੀ ਖ਼ਬਰ: ਭਗਵੰਤ ਮਾਨ ਸਰਕਾਰ ਵੱਲੋਂ ‘ਮਿਡਲ ਸਕੂਲਾਂ’ ਨੂੰ ਖ਼ਤਮ ਕਰਨ ਦੀ ਤਿਆਰੀ!

 

ਵੱਡੀ ਖ਼ਬਰ: ਭਗਵੰਤ ਮਾਨ ਸਰਕਾਰ ਵੱਲੋਂ ‘ਮਿਡਲ ਸਕੂਲਾਂ’ ਨੂੰ ਖ਼ਤਮ ਕਰਨ ਦੀ ਤਿਆਰੀ!

ਨੌ ਵਿਸ਼ਿਆਂ ਨੂੰ ਪੜਾਉਣਗੇ ਸਿਰਫ ਦੋ ਅਧਿਆਪਕ

ਐੱਸ.ਏ.ਐੱਸ ਨਗਰ, 13 ਅਪ੍ਰੈਲ 2026

ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸੂਬੇ ਦੇ ਮਿਡਲ ਸਕੂਲਾਂ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਸਿੱਖਿਆ ਦੀ ਕਾਇਆ ਪਲਟ ਕਰਨ ਵਰਗੇ ਨਾਅਰੇ ਦੇ ਕੇ ਸੱਤਾ ਚ ਆਈ ਆਮ ਆਦਮੀ ਪਾਰਟੀ ਨੇ ਸਿੱਖਿਆ ਕ੍ਰਾਂਤੀ ਦੇ ਝੂਠੇ ਨਾਅਰੇ ਦੇ ਸਿੱਖਿਆ ਨੂੰ ਹੀ ਖ਼ਤਮ ਕਰਨ ਦਾ ਬੀੜਾ ਚੁੱਕ ਲਿਆ ਹੈ।

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 10 ਅਪ੍ਰੈਲ 2026 ਨੂੰ ਡੀਐੱਸਈ ਦੇ ਦਸਤਖਤਾਂ ਹੇਠ ਜ਼ਾਰੀ ਹੋਏ ਪੱਤਰ ਨੰਬਰ 202696171 ਵਿੱਚ ਮਿਡਲ ਸਕੂਲਾਂ ਵਿੱਚ ਗਿਣਤੀ ਦੇ ਅਧਾਰ ਤੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਕਿਸੇ ਹੋਰ ਸਕੂਲ ਵਿੱਚੋ ਕਰਨ ਦੇ ਨਿਰਦੇਸ਼ ਜ਼ਿਲਾ ਸਿੱਖਿਆ ਅਫਸਰਾਂ ਨੂੰ ਦੇ ਦਿੱਤੇ ਹਨ। ਪੰਜਾਬੀ, ਹਿੰਦੀ, ਗਣਿਤ, ਸਾਇੰਸ, ਸਮਾਜਿਕ ਸਿੱਖਿਆ, ਅੰਗਰੇਜ਼ੀ, ਸਰੀਰਕ ਸਿੱਖਿਆ, ਡਰਾਇੰਗ, ਕੰਪਿਊਟਰ ਅਤੇ ਖੇਤੀਬਾੜੀ ਵਰਗੇ 9 ਵਿਸ਼ਿਆਂ ਨੂੰ ਹੁਣ ਸਿਰਫ 2 ਅਧਿਆਪਕ ਹੀ ਪੜਾਉਣਗੇ।

ਆਗੂਆਂ ਨੇ ਦੱਸਿਆ ਕਿ ਛੇਵੀਂ ਤੋਂ ਉੱਪਰ ਦੀਆਂ ਕਲਾਸਾਂ ਨੂੰ ਵਿਸ਼ਾ ਅਧਿਆਪਕ ਪੜਾ ਸਕਦੇ ਹਨ, ਪਰ ਇਸ ਸਰਕਾਰ ਨੇ ਮਿਡਲ ਸਕੂਲਾਂ ਨੂੰ ਪ੍ਰਾਇਮਰੀ ਸਕੂਲਾਂ ਵਾਂਗ ਸਾਰੇ ਵਿਸ਼ੇ ਇੱਕ ਜਾਂ ਦੋ ਅਧਿਆਪਕਾਂ ਨੂੰ ਪੜਾਉਣ ਦਾ ਤੁਗਲਕੀ ਫੁਰਮਾਨ ਜ਼ਾਰੀ ਕਰ ਦਿੱਤਾ ਹੈ। ਉਪਰੋਕਤ ਪੱਤਰ ਵਿੱਚ 30 ਦੀ ਗਿਣਤੀ ਵਾਲੇ ਮਿਡਲ ਸਕੂਲਾਂ ਵਿੱਚ 2 ਅਧਿਆਪਕ,60 ਤੱਕ 3 ਅਧਿਆਪਕ ਅਤੇ 90 ਤੱਕ 4 ਅਧਿਆਪਕ ਹੀ ਰੱਖਣਾ ਦਾ ਹੁਕਮ ਦਿੱਤਾ ਹੈ ਅਤੇ ਇਸ ਗਿਣਤੀ ਤੋਂ ਵਧ ਰਹੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਹੋਰ ਸਕੂਲਾਂ ਵਿੱਚ ਕਰਨ ਦਾ ਹੁਕਮ ਦਿੱਤਾ ਹੈ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਦੱਸਿਆ ਕਿ ਪੰਜਾਬੀ ਦਾ ਅਧਿਆਪਕ ਗਣਿਤ, ਸਾਇੰਸ, ਅੰਗਰੇਜ਼ੀ, ਸਰੀਰਕ ਸਿੱਖਿਆ, ਸਮਾਜਿਕ ਸਿੱਖਿਆ ਜਾਂ ਹਿੰਦੀ ਵਰਗੇ ਵਿਸ਼ੇ ਨੂੰ ਕਿਵੇਂ ਪੜਾਏਗਾ, ਇਸੇ ਤਰਾਂ ਹੀ ਦੂਜੇ ਵਿਸ਼ੇ ਦਾ ਅਧਿਆਪਕ ਬਾਕੀ ਵਿਸ਼ਿਆਂ ਨਾਲ ਕਿਵੇਂ ਇਨਸਾਫ਼ ਕਰੇਗਾ। ਆਗੂਆਂ ਨੇ ਕਿਹਾ ਕਿ ਮਿਡਲ ਸਕੂਲਾਂ ਵਿੱਚ ਪਹਿਲਾਂ ਹੀ ਸਿਰਫ ਚਾਰ ਵਿਸ਼ਿਆਂ ਦੇ ਅਧਿਆਪਕ ਰੱਖਣ ਦਾ ਫ਼ੈਸਲਾ ਸਿੱਖਿਆ ਵਿਭਾਗ ਨੇ ਕੀਤਾ ਹੋਇਆ ਹੈ, ਪਰ ਹੁਣ ਚਾਰ ਦੀ ਥਾਂ ਦੋ ਵਿਸ਼ਾ ਅਧਿਆਪਕ ਰੱਖਣ ਦਾ ਫ਼ੈਸਲਾ ਦੇ ਦਿੱਤਾ ਹੈ।

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਮੰਗ ਕੀਤੀ ਕਿ ਸਰਕਾਰ ਉਕਤ ਪੱਤਰ ਵਾਪਿਸ ਲੈ ਕੇ ਮਿਡਲ ਸਕੂਲਾਂ ਸਮੇਂ ਸਾਰੇ ਸਕੂਲਾਂ ਵਿੱਚ ਹਰੇਕ ਵਿਸ਼ੇ ਦਾ ਅਧਿਆਪਕ ਨਿਯੁਕਤ ਕਰੇ। ਉਹਨਾਂ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਬੇਰੁਜਗਾਰ ਅਧਿਆਪਕ ਲਗਾਤਾਰ ਆਪਣੀਆਂ ਨੌਕਰੀਆਂ ਲਈ ਸੰਘਰਸ਼ ਕਰ ਰਹੇ ਹਨ, ਇਸ ਲਈ ਸਰਕਾਰ ਅਧਿਆਪਕ ਦੀ ਨਵੀਂ ਭਰਤੀ ਤੁਰੰਤ ਕਰੇ।