ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ, ਹੁਣ ਸਵੇਰੇ 8 ਵਜੇ ਖੁੱਲ੍ਹਣਗੇ
ਰਜਿਸਟਰੇਸ਼ਨ ਕਾਊਂਟਰ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ
Punjab News, 15 ਅਪ੍ਰੈਲ 2026:
ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਵਿੱਚ 16 ਅਪ੍ਰੈਲ (ਵੀਰਵਾਰ) ਤੋਂ ਤਬਦੀਲੀ ਹੋ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਹੁਣ ਸਵੇਰੇ 8 ਵਜੇ ਖੁੱਲ੍ਹਣਗੀਆਂ ਅਤੇ ਦੁਪਹਿਰ 2 ਵਜੇ ਬੰਦ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਹਸਪਤਾਲਾਂ ਵਿਚਲੇ ਰਜਿਸਟਰੇਸ਼ਨ ਕਾਊਂਟਰ ਹਸਪਤਾਲ ਖੁੱਲ੍ਹਣ ਦੇ ਨਿਯਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਤਾਂ ਕਿ ਪਰਚੀ ਬਣਾਉਣ ਸਮੇਂ ਮਰੀਜ਼ਾਂ ਦੀਆਂ ਕਤਾਰਾਂ ਨਾ ਲੱਗ ਸਕਣ ਅਤੇ ਮਰੀਜ਼ ਆਪਣੀ ਜਾਂਚ ਤੇ ਇਲਾਜ ਦਾ ਕੰਮ ਆਰਾਮ ਨਾਲ ਸਮੇਂ ਸਿਰ ਕਰਵਾ ਸਕਣ।
ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ 24 ਘੰਟੇ ਜਾਰੀ ਰਹਿਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਵਲ ਸਰਜਨ ਦਫ਼ਤਰ ਅਤੇ ਹਸਪਤਾਲਾਂ ਅੰਦਰਲੇ ਦਫ਼ਤਰਾਂ ਦੇ ਕੰਮ ਦਾ ਸਮਾਂ ਪਹਿਲਾਂ ਵਾਂਗ ਹੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ, ਜਿਸ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲਾਂ ਦਾ ਗਰਮੀਆਂ ਦਾ ਸਮਾਂ (16 ਅਪ੍ਰੈਲ ਤੋਂ 15 ਅਕਤੂਬਰ) ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਹੁੰਦਾ ਹੈ ਜਦਕਿ ਸਰਦੀਆਂ ਦਾ ਸਮਾਂ (16 ਅਕਤੂਬਰ ਤੋਂ 15 ਅਪ੍ਰੈਲ) ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੁੰਦਾ ਹੈ।






