ਕੀ ਰਾਘਵ ਚੱਢਾ ਭਾਜਪਾ ‘ਚ ਹੋਣਗੇ ਸ਼ਾਮਲ?
ਰਾਘਵ ਚੱਢਾ ਦੀ ਸੁਰੱਖਿਆ ‘ਚ ਬਦਲਾਅ ਮਗਰੋਂ ਸਿਆਸੀ ਭੂਚਾਲ; AAP ਨੇ ਲਾਇਆ ਭਾਜਪਾ ਨਾਲ ਗੁਪਤ ਮੀਟਿੰਗਾਂ ਦਾ ਦੋਸ਼
ਨਵੀਂ ਦਿੱਲੀ/ਚੰਡੀਗੜ੍ਹ, 16 ਅਪ੍ਰੈਲ 2026:
ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ‘ਜ਼ੈੱਡ ਪਲੱਸ’ (Z+) ਸੁਰੱਖਿਆ ਹਟਾਏ ਜਾਣ ਅਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ‘ਜ਼ੈੱਡ’ (Z) ਸ਼੍ਰੇਣੀ ਦੀ ਸੁਰੱਖਿਆ ਦਿੱਤੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
AAP ਦਾ ਵੱਡਾ ਦਾਅਵਾ, ਭਾਜਪਾ ਨਾਲ ਚੱਲ ਰਹੀ ਹੈ ਸੌਦੇਬਾਜ਼ੀ!
ਆਮ ਆਦਮੀ ਪਾਰਟੀ (AAP) ਦੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਇੱਕ ਧਮਾਕਾਖੇਜ਼ ਦਾਅਵਾ ਕਰਦਿਆਂ ਦੋਸ਼ ਲਾਇਆ ਹੈ ਕਿ ਰਾਘਵ ਚੱਢਾ ਭਾਰਤੀ ਜਨਤਾ ਪਾਰਟੀ (BJP) ਦੇ ਸੰਪਰਕ ਵਿੱਚ ਹਨ।
ਉਨ੍ਹਾਂ ਅਨੁਸਾਰ ਰਾਘਵ ਦੀ ਭਾਜਪਾ ਦੇ ਚੋਟੀ ਦੇ ਆਗੂਆਂ ਨਾਲ ਗੁਪਤ ਮੀਟਿੰਗ ਹੋਈ ਹੈ ਅਤੇ ਸੁਰੱਖਿਆ ਵਿੱਚ ਇਹ ਅਚਾਨਕ ਬਦਲਾਅ ਇਸੇ ਸਿਆਸੀ ਸੌਦੇਬਾਜ਼ੀ ਦਾ ਹਿੱਸਾ ਹੋ ਸਕਦਾ ਹੈ। ਕੱਕੜ ਨੇ ਕਿਹਾ ਕਿ ਉਨ੍ਹਾਂ ਕੋਲ ਭਰੋਸੇਯੋਗ ਜਾਣਕਾਰੀ ਹੈ ਕਿ ਭਾਜਪਾ ਲੀਡਰਸ਼ਿਪ ਅਤੇ ਰਾਘਵ ਵਿਚਕਾਰ ਗੱਲਬਾਤ ਆਖਰੀ ਪੜਾਅ ‘ਤੇ ਹੈ।
ਕੇਂਦਰ ਦਾ ਫੈਸਲਾ ਅਤੇ IB ਦੀ ਰਿਪੋਰਟ
ਸੂਤਰਾਂ ਅਨੁਸਾਰ ਰਾਘਵ ਚੱਢਾ ਨੂੰ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਇੰਟੈਲੀਜੈਂਸ ਬਿਊਰੋ (IB) ਦੀ ਇੱਕ ਤਾਜ਼ਾ ਸਮੀਖਿਆ ਰਿਪੋਰਟ ਤੋਂ ਬਾਅਦ ਲਿਆ ਗਿਆ ਹੈ। ਰਿਪੋਰਟ ਵਿੱਚ ਉਨ੍ਹਾਂ ਨੂੰ ਵਾਧੂ ਸੁਰੱਖਿਆ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਫਿਲਹਾਲ ਜਦੋਂ ਤੱਕ ਕੇਂਦਰੀ ਸੁਰੱਖਿਆ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੀ, ਦਿੱਲੀ ਪੁਲਿਸ ਨੂੰ ਉਨ੍ਹਾਂ ਦੀ ਆਰਜ਼ੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
‘ਆਪ’ ਅੰਦਰ ਵਧਿਆ ਤਣਾਅ
ਰਾਘਵ ਚੱਢਾ ਅਤੇ ‘ਆਪ’ ਵਿਚਾਲੇ ਦੂਰੀਆਂ ਉਦੋਂ ਸਪੱਸ਼ਟ ਹੋ ਗਈਆਂ ਸਨ ਜਦੋਂ ਉਨ੍ਹਾਂ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰਾਘਵ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ‘ਤੇ ਉਨ੍ਹਾਂ ਨੂੰ ਨੁੱਕਰੇ ਲਗਾਉਣ ਦੇ ਗੰਭੀਰ ਦੋਸ਼ ਲਾਏ ਸਨ।
ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਆਤਿਸ਼ੀ ਅਤੇ ਸੰਜੇ ਸਿੰਘ ਵਰਗੇ ਦਿੱਗਜ ਨੇਤਾਵਾਂ ਨੇ ਉਨ੍ਹਾਂ ‘ਤੇ ਤਿੱਖੇ ਪਲਟਵਾਰ ਕੀਤੇ। ਪਾਰਟੀ ਆਗੂਆਂ ਨੇ ਦੋਸ਼ ਲਾਇਆ ਕਿ ਰਾਘਵ ਸੰਸਦ ਵਿੱਚ ਘੱਟ ਸਰਗਰਮ ਰਹਿੰਦੇ ਹਨ ਅਤੇ ਸਿਰਫ਼ ਆਪਣੀ ਪੀ.ਆਰ. (PR) ਨੂੰ ਤਰਜੀਹ ਦਿੰਦੇ ਹਨ।
ਭਾਜਪਾ ਦੀ ਪ੍ਰਤੀਕਿਰਿਆ
ਇਸ ਵਿਵਾਦ ਦਰਮਿਆਨ ਭਾਜਪਾ ਆਗੂ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਕਿਸੇ ਵੀ ਆਗੂ ਦਾ ਸਿਆਸੀ ਰਸਤਾ ਬਦਲਣਾ ਉਸ ਦਾ ਨਿੱਜੀ ਫੈਸਲਾ ਹੁੰਦਾ ਹੈ, ਪਰ ਆਮ ਆਦਮੀ ਪਾਰਟੀ ਵਿੱਚ ਜਿਸ ਤਰ੍ਹਾਂ ਆਗੂਆਂ ਨੂੰ ਵਰਤ ਕੇ ਪਾਸੇ ਕੀਤਾ ਜਾ ਰਿਹਾ ਹੈ, ਉਹ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਅੰਦਰੂਨੀ ਲੋਕਤੰਤਰ ਖ਼ਤਮ ਹੋਣ ਕਾਰਨ ਕਈ ਆਗੂ ਘੁਟਣ ਮਹਿਸੂਸ ਕਰ ਰਹੇ ਹਨ।
ਫਿਲਹਾਲ ਰਾਘਵ ਚੱਢਾ ਜਾਂ ਭਾਜਪਾ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਇਸ ਘਟਨਾਕ੍ਰਮ ਨੇ ਪੰਜਾਬ ਅਤੇ ਦਿੱਲੀ ਦੀ ਰਾਜਨੀਤੀ ਵਿੱਚ ਵੱਡੇ ਫੇਰਬਦਲ ਦੇ ਸੰਕੇਤ ਦਿੱਤੇ ਹਨ।






