Join WhatsApp

Join Now

‘ਅਮਿਤ ਸ਼ਾਹ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ; “ਪੰਜਾਬੀਆਂ ਨੂੰ ਬਦਨਾਮ ਕਰਨਾ ਬੰਦ ਕਰੋ! CM ਮਾਨ ਦਾ ਵੱਡਾ ਹਮਲਾ

On: October 16, 2026 6:51 PM

 

‘ਅਮਿਤ ਸ਼ਾਹ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ; “ਪੰਜਾਬੀਆਂ ਨੂੰ ਬਦਨਾਮ ਕਰਨਾ ਬੰਦ ਕਰੋ! CM ਮਾਨ ਦਾ ਵੱਡਾ ਹਮਲਾ

‘ਆਪਣੇ ਸਲਾਹਕਾਰਾਂ ਤੋਂ ਸਲਾਹ ਲੈ ਕੇ ਬੋਲਣ ਅਮਿਤ ਸ਼ਾਹ’: ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਬੀਜੇਪੀ ਸਰਕਾਰਾਂ ਦੀ ਖੋਲ੍ਹੀ ਪੋਲ

ਚੰਡੀਗੜ੍ਹ, 16 ਅਕਤੂਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (BJP) ‘ਤੇ CM ਭਗਵੰਤ ਮਾਨ ਨੇ ਤਿੱਖਾ ਹਮਲਾ ਬੋਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਪੰਜਾਬ ਬਾਰੇ ਦਿੱਤੇ ਜਾ ਰਹੇ ਬਿਆਨ ਕਿਸੇ ਹੋਰ ਦੇ ਲਿਖੇ ਹੋਏ ਹਨ, ਜਿਨ੍ਹਾਂ ਨੂੰ ਉਹ ਬਿਨਾਂ ਸੋਚੇ-ਸਮਝੇ ‘ਕਾਪੀ-ਪੇਸਟ’ ਕਰਕੇ ਬੋਲ ਰਹੇ ਹਨ।

ਸੀਐੱਮ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਪੰਜਾਬ ਬਾਰੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੇ ਸਲਾਹਕਾਰਾਂ ਨਾਲ ਚੰਗੀ ਤਰ੍ਹਾਂ ਸਲਾਹ-ਮਸ਼ਵਰਾ ਕਰ ਲੈਣਾ ਚਾਹੀਦਾ ਹੈ ਅਤੇ ਆਪਣੇ ਗਿਰੇਬਾਨ ਵਿੱਚ ਝਾਤ ਮਾਰਨੀ ਚਾਹੀਦੀ ਹੈ।

ਨਸ਼ਾ ਤਸਕਰੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਬੀਜੇਪੀ ਸ਼ਾਸਿਤ ਰਾਜਾਂ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ 50 ਕਿਲੋਮੀਟਰ ਦੇ ਦਾਇਰੇ ਵਿੱਚ ਸੀਮਾ ਸੁਰੱਖਿਆ ਬਲ (BSF) ਤਾਇਨਾਤ ਹੈ, ਜੋ ਕਿ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ।

ਇਸ ਤੋਂ ਇਲਾਵਾ, ਪੰਜਾਬ ਪੁਲਿਸ ਗੁਜਰਾਤ ਤੋਂ ਤਿੰਨ-ਤਿੰਨ ਹਜ਼ਾਰ ਕਿੱਲੋ ਨਸ਼ਾ ਫੜ ਕੇ ਲਿਆਉਂਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਗੁਜਰਾਤ ਵਿੱਚ ਪਿਛਲੇ 30 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਹੈ, ਫਿਰ ਉੱਥੋਂ ਇੰਨੀ ਵੱਡੀ ਮਾਤਰਾ ਵਿੱਚ ਨਸ਼ਾ ਕਿਵੇਂ ਸਪਲਾਈ ਹੋ ਰਿਹਾ ਹੈ? ਉਨ੍ਹਾਂ ਅੱਗੇ ਕਿਹਾ ਕਿ ਰਾਜਸਥਾਨ ਅਤੇ ਹਰਿਆਣਾ ਵਰਗੇ ਗੁਆਂਢੀ ਰਾਜਾਂ ਵਿੱਚ ਵੀ ਬੀਜੇਪੀ ਦੀਆਂ ਸਰਕਾਰਾਂ ਹਨ। ਕੇਂਦਰ ਸਰਕਾਰ ਅਤੇ ਬੀਜੇਪੀ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਪੰਜਾਬ ਅਤੇ ਇੱਥੋਂ ਦੀ ਸਰਕਾਰ ਨੂੰ ਬਿਨਾਂ ਵਜ੍ਹਾ ਕੋਸਦੀ ਰਹਿੰਦੀ ਹੈ, ਜਦਕਿ ਨਸ਼ਿਆਂ ਦੀ ਮੁੱਖ ਸਪਲਾਈ ਲਾਈਨਾਂ ਬੀਜੇਪੀ ਸ਼ਾਸਿਤ ਰਾਜਾਂ ਅਤੇ ਕੇਂਦਰੀ ਏਜੰਸੀਆਂ ਦੀ ਦੇਖ-ਰੇਖ ਹੇਠਾਂ ਚੱਲ ਰਹੀਆਂ ਹਨ।

ਸਾਬਕਾ ਅਕਾਲੀ-ਬੀਜੇਪੀ ਸਰਕਾਰ ‘ਤੇ ਵੱਡਾ ਹਮਲਾ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ 2007 ਤੋਂ 2017 ਤੱਕ ਪੰਜਾਬ ਵਿੱਚ ਅਕਾਲੀ ਦਲ ਅਤੇ ਬੀਜੇਪੀ ਦੀ ਸਾਂਝੀ ਸਰਕਾਰ ਸੀ। ਉਸ ਦੌਰਾਨ ਨੇਤਾ ਆਪਣੀਆਂ ਲਾਲ ਬੱਤੀ ਵਾਲੀਆਂ ਸਰਕਾਰੀ ਗੱਡੀਆਂ ਵਿੱਚ ਨਸ਼ਾ ਵੇਚਦੇ ਅਤੇ ਭੇਜਦੇ ਹੁੰਦੇ ਸਨ। ਉਸ ਸਮੇਂ ਬੀਜੇਪੀ ਨੇ ਇਸ ਸਾਰੇ ਕਾਰੋਬਾਰ ਦੀ ਪੂਰੀ ਪੁਸ਼ਤਪਨਾਹੀ (ਸਪੋਰਟ) ਕੀਤੀ।

ਮਾਨ ਨੇ ਕਿਹਾ ਕਿ 2014 ਵਿੱਚ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਉਨ੍ਹਾਂ ਨੇ ਪੰਜਾਬ ਵਿੱਚ ਨਸ਼ਾ ਤਸਕਰੀ ਨੂੰ ਸ਼ਹਿ ਦੇਣ ਵਾਲੇ ਅੰਸਰਾਂ ਨੂੰ ਲਗਾਤਾਰ ਸਮਰਥਨ ਜਾਰੀ ਰੱਖਿਆ। ਇਸ ਲਈ ਪੰਜਾਬ ਵਿੱਚ ਨਸ਼ੇ ਦੇ ਫੈਲਾਅ ਲਈ ਬੀਜੇਪੀ ਅਤੇ ਅਕਾਲੀ ਦਲ ਬਰਾਬਰ ਦੇ ਗੁਨਾਹਗਾਰ ਹਨ।

ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ, “ਅਮਿਤ ਸ਼ਾਹ ਨੂੰ, ਪੰਜਾਬ ਨੂੰ ਬਦਨਾਮ ਕਰਨ ਵੇਲੇ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਪੰਜਾਬ ਨੂੰ ਇਸ ਹਾਲਤ ਵਿੱਚ ਪਹੁੰਚਾਉਣ ਲਈ ਉਨ੍ਹਾਂ ਦੀ ਆਪਣੀ ਪਾਰਟੀ ਦਾ ਕੀ ਯੋਗਦਾਨ ਰਿਹਾ ਹੈ। ਉਨ੍ਹਾਂ ਨੂੰ ਪੰਜਾਬ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।” ਭਗਵੰਤ ਮਾਨ ਨੇ ਅੰਤ ਵਿੱਚ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਨਾਲ ਕੰਮ ਕਰ ਰਹੀ ਹੈ ਅਤੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਵਚਨਬੱਧ ਹੈ, ਚਾਹੇ ਕੇਂਦਰ ਸਰਕਾਰ ਜਿੰਨੀਆਂ ਮਰਜ਼ੀ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕਰੇ।

 

Leave a Comment