ਪੰਜਾਬ ਕੈਬਨਿਟ ਨੇ ਫਿਰ ਕੀਤੀ ਵਾਅਦਾ ਖਿਲਾਫ਼ੀ; ਬੇਰੁਜ਼ਗਾਰਾਂ ਵੱਲੋਂ CM ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

 

ਪੰਜਾਬ ਕੈਬਨਿਟ ਨੇ ਫਿਰ ਕੀਤੀ ਵਾਅਦਾ ਖਿਲਾਫ਼ੀ; ਬੇਰੁਜ਼ਗਾਰਾਂ ਵੱਲੋਂ CM ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਬੇਰੁਜ਼ਗਾਰ ਵੱਲੋਂ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ

ਪੰਜਾਬ ਕੈਬਨਿਟ ਨੇ ਫਿਰ ਵਾਅਦਾ ਖਿਲਾਫੀ ਕੀਤੀ: ਬੇਰੁਜ਼ਗਾਰ ਸਾਂਝਾ ਮੋਰਚਾ

ਡੀਸੀ ਸਾਹਿਬ ਨੇ ਦਿੱਤਾ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ

ਦਲਜੀਤ ਕੌਰ

ਸੰਗਰੂਰ, 17 ਅਪ੍ਰੈਲ, 2026: ਪਿਛਲੇ ਦਿਨੀਂ 9 ਅਪ੍ਰੈਲ ਨੂੰ ਬੇਰੁਜ਼ਗਾਰਾਂ ਦੀਆਂ ਮੀਟਿੰਗਾਂ ਚੰਡੀਗੜ੍ਹ ਵਿਖੇ ਵੱਖ- ਵੱਖ ਸਕੱਤਰਾਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈਆਂ ਸਨ।

ਜਿਨ੍ਹਾਂ ਵਿੱਚ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਇਸ ਗੱਲ ਦੀ ਆਸ ਬੱਝੀ ਸੀ ਕਿ 17 ਅਪ੍ਰੈਲ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਮੀਟਿੰਗ ਵਿੱਚ ਲੈਕਚਰਾਰ ਕਾਡਰ ਦੀ ਭਰਤੀ ਅਤੇ ਉਮਰ ਹੱਦ ਛੋਟ ਦੇਣ ਸਬੰਧੀ ਏਜੰਡਾ ਪੇਸ਼ ਕੀਤਾ ਜਾਵੇਗਾ।

ਪਰੰਤੂ ਅੱਜ ਜਿਉਂ ਹੀ ਪੰਜਾਬ ਕੈਬਨਿਟ ਦੀ ਮੀਟਿੰਗ ਸੰਪੰਨ ਹੋਈ ਤਾਂ ਬੇਰੁਜ਼ਗਾਰਾਂ ਪੱਲੇ ਮੁੜ ਨਿਰਾਸ਼ਾ ਪਈ।

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਅਮਨ ਸੇਖਾ ਨੇ ਦੱਸਿਆ ਕਿ ਉਨਾਂ ਇਸ ਸਬੰਧੀ ਫੌਰੀ ਤੌਰ ਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨਾਲ ਰਾਬਤਾ ਕਰਕੇ ਬੇਰੁਜ਼ਗਾਰਾਂ ਦੀ ਮੀਟਿੰਗ ਉੱਚ ਯੋਗ ਅਧਿਕਾਰੀਆਂ ਨਾਲ ਕਰਾਉਣ ਦੀ ਤਜਵੀਜ਼ ਰੱਖੀ। ਇਸ ਸਬੰਧੀ ਉਹਨਾਂ ਹਾਂ ਪੱਖੀ ਹੁੰਗਾਰਾ ਭਰਿਆ।

ਇੱਧਰ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਕੋਠੀ ਦਾ ਘਿਰਾਓ ਕਰਨਗੇ। ਕਿਉਂਕਿ ਚਾਰ ਸਾਲਾਂ ਵਿੱਚ ਉਹਨਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ।

ਕਰੀਬ ਚਾਰ ਮਹੀਨੇ ਤੋਂ ਚਲਦੇ ਪੱਕੇ ਮੋਰਚੇ ਦੇ ਬਾਵਜੂਦ ਵੀ ਪੰਜਾਬ ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਅਣਦੇਖੇ ਕਰ ਰਹੀ ਹੈ। ਉਹਨਾਂ ਮੁੜ ਐਲਾਨ ਕੀਤਾ ਕਿ ਉਹ ਪੰਜਾਬ ਅੰਦਰ ਮੁੱਖ ਮੰਤਰੀ ਦੀਆਂ ਜਨਤਕ ਰੈਲੀਆਂ ਵਿੱਚ ਜਾ ਕੇ ਆਪਣੇ ਸਵਾਲ ਰੱਖਣਗੇ।

ਬੇਰੁਜ਼ਗਾਰਾਂ ਦੀਆਂ ਮੰਗਾਂ ਹਨ ਕਿ, ਸਿੱਖਿਆ ਵਿਭਾਗ ਵਿੱਚ ਲੈਕਚਰਾਰ ਅਤੇ ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕੀਤੀਆਂ ਜਾਣ, ਮਾਸਟਰ ਕੇਡਰ ਵਿੱਚੋ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ।

ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ।

ਇਸ ਮੌਕੇ ਸੰਦੀਪ ਸਿੰਘ ਮੋਫ਼ਰ, ਰਿੰਕੂ ਝਾੜੋਂ, ਮਨਜੀਤ ਕੌਰ, ਰਾਜਵੀਰ ਕੌਰ, ਮਨਪ੍ਰੀਤ ਸਿੰਘ ਨਰਿੰਦਰਪੁਰਾ, ਹਰਭਜਨ ਸਿੰਘ ਰਿਓਂਦ ਖੁਰਦ ਆਦਿ ਹਾਜ਼ਰ ਸਨ।