ਵੱਡੀ ਖ਼ਬਰ: ਭਾਰਤ ‘ਚ ਨਹੀਂ ਚੱਲੇਗਾ Paytm; RBI ਨੇ ਪੇਟੀਐਮ ਪੇਮੈਂਟਸ ਬੈਂਕ ਦਾ ਲਾਇਸੰਸ ਕੀਤਾ ਰੱਦ
ਮੁੰਬਈ, 24 ਅਪ੍ਰੈਲ 2026: ਭਾਰਤੀ ਰਿਜ਼ਰਵ ਬੈਂਕ (RBI) ਨੇ ਸਖ਼ਤ ਕਦਮ ਚੁੱਕਦੇ ਹੋਏ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ (Paytm/ PPBL) ਦਾ ਬੈਂਕਿੰਗ ਲਾਇਸੰਸ ਰੱਦ ਕਰ ਦਿੱਤਾ ਹੈ। 24 ਅਪ੍ਰੈਲ 2026 ਤੋਂ ਇਹ ਹੁਕਮ ਪ੍ਰਭਾਵੀ ਹੋ ਗਿਆ ਹੈ। ਇੰਨਾ ਹੀ ਨਹੀਂ, RBI ਹੁਣ ਇਸ ਬੈਂਕ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਜਾ ਰਿਹਾ ਹੈ।
RBI ਨੇ ਆਪਣੇ ਨੋਟੀਫਿਕੇਸ਼ਨ ਵਿੱਚ ਲਾਇਸੰਸ ਰੱਦ ਕਰਨ ਦੇ ਪਿੱਛੇ ਕਈ ਗੰਭੀਰ ਕਾਰਨ ਦੱਸੇ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਪੇਟੀਐਮ ਪੇਮੈਂਟਸ ਬੈਂਕ ਦਾ ਕੰਮਕਾਜ ਅਜਿਹੇ ਤਰੀਕੇ ਨਾਲ ਚੱਲ ਰਿਹਾ ਸੀ ਜੋ ਜਮ੍ਹਾਂਕਰਤਾਵਾਂ ਅਤੇ ਜਨਤਕ ਹਿੱਤਾਂ ਲਈ ਨੁਕਸਾਨਦੇਹ ਸੀ।
RBI ਨੇ ਬੈਂਕ ਦੇ ਪ੍ਰਬੰਧਨ (ਮੈਨੇਜਮੈਂਟ) ਦੀ ਕਾਰਜਸ਼ੈਲੀ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਰੱਖਿਆ ਹੈ। ਬੈਂਕ ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਵਾਰ-ਵਾਰ ਨਾਕਾਮ ਰਿਹਾ, ਜੋ ਇੱਕ ਪੇਮੈਂਟਸ ਬੈਂਕ ਲਾਇਸੰਸ ਲਈ ਲਾਜ਼ਮੀ ਹੁੰਦੀਆਂ ਹਨ।
ਪੇਟੀਐਮ ‘ਤੇ ਇਹ ਕਾਰਵਾਈ ਅਚਾਨਕ ਨਹੀਂ ਹੋਈ ਹੈ…
1 ਮਾਰਚ 2022 ਨੂੰ RBI ਨੇ ਨਵੇਂ ਗਾਹਕਾਂ ਨੂੰ ਜੋੜਨ ‘ਤੇ ਰੋਕ ਲਗਾਈ ਸੀ। 2024 ਦੀ ਸ਼ੁਰੂਆਤ ਵਿੱਚ ਡਿਪਾਜ਼ਿਟ, ਕ੍ਰੈਡਿਟ ਅਤੇ ਵਾਲਿਟ ਟੌਪ-ਅੱਪ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਅਪ੍ਰੈਲ 2026 ਲਾਇਸੰਸ ਰੱਦ ਕਰਕੇ RBI ਨੇ ਬੈਂਕ ਨੂੰ ਹੀ ਬੰਦ ਕਰ ਦਿੱਤਾ ਹੈ।
ਕੀ ਗਾਹਕਾਂ ਦਾ ਪੈਸਾ ਡੁੱਬ ਜਾਵੇਗਾ?
RBI ਨੇ ਸਪੱਸ਼ਟ ਕੀਤਾ ਹੈ ਕਿ ਪੇਟੀਐਮ ਪੇਮੈਂਟਸ ਬੈਂਕ ਕੋਲ ਆਪਣੇ ਜਮ੍ਹਾਂਕਰਤਾਵਾਂ ਦੀ ਪੂਰੀ ਰਕਮ ਚੁਕਾਉਣ ਲਈ ਲੋੜੀਂਦੀ ਨਕਦੀ ਮੌਜੂਦ ਹੈ। ਨਿਯਮਾਂ ਤਹਿਤ ਇਸ ਪ੍ਰਕਿਰਿਆ ਦੌਰਾਨ ਗਾਹਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣਗੇ।
ਪੇਟੀਐਮ ‘ਤੇ ਕੀ ਹੋਵੇਗਾ ਅਸਰ?
ਇਹ ਵਿਜੇ ਸ਼ੇਖਰ ਸ਼ਰਮਾ ਦੀ ਕੰਪਨੀ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਹੈ। ਪੇਟੀਐਮ ਵਾਲਿਟ ਅਤੇ ਮਰਚੈਂਟ ਪੇਮੈਂਟਸ ਦਾ ਇੱਕ ਵੱਡਾ ਹਿੱਸਾ ਇਸੇ ਬੈਂਕ ਰਾਹੀਂ ਸੰਚਾਲਿਤ ਹੁੰਦਾ ਸੀ। ਹਾਲਾਂਕਿ, ਪੇਟੀਐਮ ਹੁਣ ਦੂਜੇ ਬੈਂਕਾਂ ਨਾਲ ਸਾਂਝੇਦਾਰੀ ਕਰਕੇ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।






