Punjab Teacher Protest: ਅਧਿਆਪਕਾਂ ਦਾ ਭਗਵੰਤ ਮਾਨ ਸਰਕਾਰ ਖਿਲਾਫ਼ ਹੱਲਾ-ਬੋਲ; ਵਿਧਾਨ ਸਭਾ ਚੋਣਾਂ ‘ਚ ‘ਬਾਈਕਾਟ’ ਦੀ ਦਿੱਤੀ ਚੇਤਾਵਨੀ… DC ਨੂੰ ਸੌਂਪਿਆ ਮੰਗ ਪੱਤਰ

 

Punjab Teacher Protest: ਅਧਿਆਪਕਾਂ ਦਾ ਭਗਵੰਤ ਮਾਨ ਸਰਕਾਰ ਖਿਲਾਫ਼ ਹੱਲਾ-ਬੋਲ; ਵਿਧਾਨ ਸਭਾ ਚੋਣਾਂ ‘ਚ ‘ਬਾਈਕਾਟ’ ਦੀ ਦਿੱਤੀ ਚੇਤਾਵਨੀ… DC ਨੂੰ ਸੌਂਪਿਆ ਮੰਗ ਪੱਤਰ

11 ਮਈ ਨੂੰ ਡੀ. ਐਸ. ਈ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਮਿਲੇਗਾ ਮਾਸ ਡੈਪੂਟੇਸ਼ਨ

ਪੁਰਾਣੀ ਪੈਨਸ਼ਨ, ਪੰਜਾਬ ਪੇ-ਸਕੇਲ ਅਤੇ ਬਦਲੀਆਂ ਦੇ ਪੋਰਟਲ ਸਮੇਤ ਕਈ ਮੰਗਾਂ ‘ਤੇ ਸਰਕਾਰ ਨੂੰ ਘੇਰਿਆ

ਪੰਜਾਬ ਨੈੱਟਵਰਕ

Punjab Teacher Protest: ਪਟਿਆਲਾ, 7 ਮਈ 2026 – ਪੰਜਾਬ ਦੀਆਂ ਪ੍ਰਮੁੱਖ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੇ ਸੱਦੇ ਤੇ ਜ਼ਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਐਸ ਡੀ‌ ਐਮ ਪਟਿਆਲਾ ਨੇ ਪ੍ਰਾਪਤ ਕੀਤਾ। ਇਸ ਮੌਕੇ ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਤਲਵਿੰਦਰ ਸਿੰਘ, ਜਸਵਿੰਦਰ ਸਿੰਘ, ਦੀਦਾਰ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ, ਵਿਪਨੀਤ ਕੌਰ , ਰਮਨਪ੍ਰੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਪਰ ਅਧਿਆਪਕਾਂ ਦੀ ਮੰਗਾਂ ਜਿਉ ਦੀਆਂ ਤਿਉ ਖੜੀਆਂ ਹਨ।

ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਅਤੇ 17-07-20 ਤੋ ਬਾਅਦ ਭਰਤੀ ਜਥੇਬੰਦੀਆਂ 3704, 2392, 6635 ਅਤੇ 4161 ਦੇ ਸਮੂਹ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਅਧਿਆਪਕ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਜਿਵੇਂ ਕਿ ਪੰਜਾਬ ਦੇ ਪੇ ਸਕੇਲ ਬਹਾਲ ਕਰਨ, ਰੀਕਾਸਟ ਲਿਸਟਾਂ ਵਿੱਚੋਂ ਬਾਹਰ ਹੋਏ ਅਧਿਆਪਕਾਂ ਨੂੰ ਮੁੜ ਤੋਂ ਸ਼ਾਮਿਲ ਕਰਨ, ਬਦਲੀਆਂ ਦਾ ਪੋਰਟਲ ਤੁਰੰਤ ਖੋਲਣ, ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਦੀਆਂ ਅਸਾਮੀਆਂ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਸਮਾਨ ਅਨੁਪਾਤ ਵਿੱਚ ਵੰਡਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ।

ਇਸ ਤੋਂ ਇਲਾਵਾ ਬਾਰਡਰ ਏਰੀਆ ਭੱਤੇ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਕਰਨ , ਡੀ ਏ ਦੀਆਂ ਕਿਸ਼ਤਾਂ ਤੁਰੰਤ ਜ਼ਾਰੀ ਕਰਨ, 1-1-2016 ਤੋਂ ਪੇ ਕਮਿਸ਼ਨ ਦਾ ਬਕਾਇਆ ਤੁਰੰਤ ਜ਼ਾਰੀ ਕਰਨ , ਮੈਰੀਟੋਰੀਅਸ, ਕੰਪਿਊਟਰ ਅਧਿਆਪਕਾਂ, ਕੱਚੇ ਅਧਿਆਪਕਾਂ ਅਤੇ ਐੱਨ ਐੱਸ ਕਿਉ ਐਫ ਅਧਿਆਪਕਾਂ ਨੂੰ ਰੈਗੂਲਰ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਆਦਿ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ।

ਇਸ ਮੌਕੇ ਉਪਰੋਕਤ ਮਸਲੇ ਹੱਲ ਕਰਵਾਉਣ ਲਈ ਸੰਘਰਸ਼ ਦੀ ਅਗਲੀ ਰਣਨੀਤੀ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਅਧਿਆਪਕ ਆਗੂਆਂ ਨੇ ਮੌਜੂਦਾ ਅਧਿਕਾਰੀ ਨੂੰ ਕਮਿਸ਼ਨਰ ਨੂੰ ਜ਼ਿਲ੍ਹਾ ਪਟਿਆਲਾ ਜਨਗਣਨਾ ਲਈ ਗਲਤ ਤਰੀਕੇ ਨਾਲ ਲਾਈਆਂ ਡਿਊਟੀਆਂ ਸਬੰਧੀ ਜਾਣੂ ਕਰਾਇਆ ਅਤੇ SDM ਸਾਹਬ ਨੇ ਇਸ ਦੀ ਪੜਚੋਲ ਕਰਕੇ ਦਰੁਸਤ ਕਰਨ ਦਾ ਭਰੋਸਾ ਦਵਾਇਆ।

ਇਸ ਮੌਕੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਪੇ ਸਕੇਲ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਖ ਮੁੱਦੇ ਵਜੋਂ ਲੈ ਕੇ ਆਈ ਸੀ, ਜਿਸ ਕਰਕੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਵੱਲੋਂ ਇਹਨਾਂ ਨੂੰ ਭਰਵੀਂ ਹਮਾਇਤ ਦੇ ਕੇ ਵੋਟਾਂ ਵਿੱਚ ਜਿੱਤ ਹਾਸਿਲ ਕਰਵਾਈ ਸੀ।

ਪਰ ਸਰਕਾਰ ਵੱਲੋਂ ਲਗਭਗ ਚਾਰ ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੀਤੇ ਗਏ ਚੋਣ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਸੁਪਰੀਮ ਕੋਰਟ ਤੋਂ ਪੰਜਾਬ ਦਾ ਪੇ ਸਕੇਲ ਬਹਾਲ ਹੋਣ ਉਪਰੰਤ ਵੀ ਪੂਰਨ ਤੌਰ ਤੇ ਅਧਿਆਪਕਾਂ ਉੱਪਰ ਪੰਜਾਬ ਦੇ ਸਕੇਲ ਲਾਗੂ ਕਰਨ ਸਬੰਧੀ ਟਾਲ ਮਟੋਲ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਅਧਿਆਪਕ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਕੁਝ ਸਮੇਂ ਵਿੱਚ ਹੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਜਾਵੇਗਾ ਅਤੇ ਮੁਲਾਜ਼ਮਾਂ ਪ੍ਰਤੀ ਮਾਰੂ ਨੀਤੀਆਂ ਅਪਣਾਉਣ ਵਾਲੀ ਸਰਕਾਰ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ।

ਇਸ ਦੌਰਾਨ ਅਧਿਆਪਕਾਂ ਵੱਲੋਂ ਦੱਸਿਆ ਗਿਆ। ਆਗੂਆਂ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਵਿਜੇ ਕੁਮਾਰ, ਮੋਹੀ ਪੁਨੀਆ, ਜਸਵਿੰਦਰ ਸਿੰਘ, ਜਗਤਾਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ 11 ਮਈ ਨੂੰ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਡੀ.ਪੀ.ਆਈ. ਦਫਤਰ ਮੋਹਾਲੀ ਵਿਖੇ ਅਧਿਆਪਕਾਂ ਦਾ ਇੱਕ ਮਾਸ ਡੈਪੁਟੇਸ਼ਨ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਵੇਗਾ।

ਇਸ ਮੌਕੇ ਆਗੂਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜੁੱਟ ਹੋ ਕੇ ਸਰਕਾਰ ਦਾ ਲਗਾਤਾਰ ਡੱਟਵਾਂ ਵਿਰੋਧ ਕੀਤਾ ਜਾਵੇਗਾ।