PCS Exam: PCS ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੇ ਕੀਤੇ ਵੱਡੇ ਖ਼ੁਲਾਸੇ..! ਕੁੜੀਆਂ ਨੇ ਰੋ ਕੇ ਦੱਸਿਆ ਦਰਦ! ਲੀਡਰਾਂ ਨੂੰ ਦਿੱਤੀ ਨਸੀਅਤ- ਸਾਡੀ ਮਿਹਨਤ ‘ਤੇ ਸਿਆਸਤ ਨਾ ਕਰੋ!
“ਸਾਡੀ ਮਿਹਨਤ ‘ਤੇ ਸਿਆਸਤ ਨਾ ਕਰੋ, ਸਾਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਮਿਲੇ”- PCS ਮੇਨਜ਼ ਪ੍ਰੀਖਿਆ ਪਾਸ ਉਮੀਦਵਾਰਾਂ ਦੀ ਦਰਦ ਭਰੀ ਪੁਕਾਰ
PCS ਭਰਤੀ ਵਿਵਾਦ: ਸਫ਼ਲ ਉਮੀਦਵਾਰਾਂ ਨੇ ਨਿਯਮਾਂ ਦੀ ਉਲੰਘਣਾ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਿਆ, ਅਦਾਲਤ ਅਤੇ ਸਰਕਾਰ ਤੋਂ ਇਨਸਾਫ਼ ਦੀ ਮੰਗ
ਮਜ਼ਦੂਰਾਂ ਦੇ ਪੁੱਤ, ਫ਼ੌਜੀ ਅਫ਼ਸਰ ਅਤੇ ਨੌਜਵਾਨ ਮਾਵਾਂ: ਪੀ.ਸੀ.ਐੱਸ. ਪਾਸ ਉਮੀਦਵਾਰਾਂ ਨੇ ਸੁਣਾਈਆਂ ਸੰਘਰਸ਼ ਦੀਆਂ ਭਾਵੁਕ ਕਹਾਣੀਆਂ
ਚੰਡੀਗੜ੍ਹ, 23 ਨਵੰਬਰ 2026: ਪੰਜਾਬ ਸਿਵਲ ਸੇਵਾਵਾਂ (PCS) ਦੀ ਪ੍ਰੀਖਿਆ ਵਿੱਚ ਸਫ਼ਲ ਹੋਣ ਵਾਲੇ ਉਮੀਦਵਾਰਾਂ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਕੇ ਆਪਣਾ ਪੱਖ ਮੀਡੀਆ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਰੱਖਿਆ। ਭਰਤੀ ਪ੍ਰਕਿਰਿਆ ‘ਤੇ ਲੱਗੀ ਰੋਕ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫ਼ਵਾਹਾਂ ਤੋਂ ਦੁਖੀ ਇਨ੍ਹਾਂ ਉਮੀਦਵਾਰਾਂ ਨੇ ਸਿਆਸੀ ਪਾਰਟੀਆਂ ਅਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਦਾ ਸਿਆਸੀਕਰਨ ਨਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਸਾਲਾਂ ਦੀ ਸਖ਼ਤ ਮਿਹਨਤ ਦਾ ਸਤਿਕਾਰ ਕਰਦਿਆਂ ਇੰਟਰਵਿਊ ਦੀ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ।
ਇਹ ਵੀ ਪੜ੍ਹੋ- PCS ਭਰਤੀ ਮਾਮਲੇ ’ਤੇ ਹਾਈਕੋਰਟ ਦੇ ਫ਼ੈਸਲੇ ਮਗਰੋਂ ਪੰਜਾਬ ਸਰਕਾਰ ਦਾ ਵੱਡਾ ਬਿਆਨ; ਕਿਹਾ- ਅਦਾਲਤ ਦੀ ਪ੍ਰਕਿਰਿਆ ਦਾ ਪੂਰਾ ਸਤਿਕਾਰ
ਉਮੀਦਵਾਰਾਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਅਮੀਰ ਜਾਂ ਸਿਆਸੀ ਘਰਾਣਿਆਂ ਤੋਂ ਨਹੀਂ, ਸਗੋਂ ਆਮ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਫ਼ੌਜੀ ਪਰਿਵਾਰਾਂ ਦੇ ਧੀਆਂ-ਪੁੱਤ ਹਨ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਉਮੀਦਵਾਰ ਨੇ ਦੱਸਿਆ ਕਿ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿ ਕੇ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਿਹਾ ਹਾਂ। ਮਾਪਿਆਂ ‘ਤੇ ਆਰਥਿਕ ਬੋਝ ਨਾ ਪਵੇ, ਇਸ ਲਈ ਕਈ ਉਮੀਦਵਾਰ ਪਾਰਟ-ਟਾਈਮ ਪੜ੍ਹਾ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹਾਂ।
ਇਹ ਵੀ ਪੜ੍ਹੋ- PCS ਦੇ ਨਤੀਜੇ ’ਤੇ ਹਾਈਕੋਰਟ ਦੀ ਰੋਕ ਨੇ ਸਰਕਾਰ ਦੇ ਭਰਤੀ ਘੁਟਾਲੇ ਦਾ ਕੀਤਾ ਪਰਦਾਫਾਸ਼; ਢਿੱਲੋਂ
ਸੋਸ਼ਲ ਮੀਡੀਆ ‘ਤੇ ਬਣ ਰਹੇ ਇੱਕ-ਤਰਫ਼ਾ ਮਾਹੌਲ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਇੰਟਰਵਿਊ ਲਈ ਤਿੰਨ ਗੁਣਾ ਉਮੀਦਵਾਰ ਕਿਉਂ ਨਹੀਂ ਸੱਦੇ ਗਏ? ਇਸ ਬਾਰੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐੱਸ.ਸੀ.) ਦੇ ਇਸ਼ਤਿਹਾਰ ਵਿੱਚ ਸਪੱਸ਼ਟ ਤੌਰ ‘ਤੇ ‘ਤਿੰਨ ਗੁਣਾ ਤੱਕ’ (Up to three times) ਲਿਖਿਆ ਹੋਇਆ ਹੈ, ਜਿਸ ਦਾ ਅਰਥ ਹੈ ਕਿ ਤਿੰਨ ਗੁਣਾ ਉਮੀਦਵਾਰ ਬੁਲਾਉਣਾ ਲਾਜ਼ਮੀ ਨਹੀਂ ਹੈ। ਇਸ ਲਈ ਇਸ ਵਿੱਚ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਹੋਈ। ਉਨ੍ਹਾਂ ਅਸਫ਼ਲ ਰਹੇ ਸਾਥੀਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੀਖਿਆ ਵਿੱਚ ਕਿਸੇ ਖ਼ਾਸ ਦਿਨ ਕਿਸੇ ਦਾ ਪ੍ਰਦਰਸ਼ਨ ਬਿਹਤਰ ਹੋ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਬਾਕੀਆਂ ਨੇ ਮਿਹਨਤ ਨਹੀਂ ਕੀਤੀ।
ਇਹ ਵੀ ਪੜ੍ਹੋ- PCS ਭਰਤੀ ਘੁਟਾਲੇ ਦੀ ਹੋਵੇ CBI ਜਾਂਚ! SAD ਨੇ ਪੀ.ਪੀ.ਐੱਸ.ਸੀ. ਚੇਅਰਮੈਨ ਦਾ ਮੰਗਿਆ ਅਸਤੀਫ਼ਾ
ਮਲੇਰਕੋਟਲਾ ਦੀ ਜੋਤੀ ਕੌਰ ਦੀ ਭਾਵੁਕ ਦਾਸਤਾਨ
ਪ੍ਰੈੱਸ ਕਾਨਫ਼ਰੰਸ ਦੌਰਾਨ ਮਲੇਰਕੋਟਲਾ ਨਾਲ ਸਬੰਧਤ ਉਮੀਦਵਾਰ ਜੋਤੀ ਕੌਰ ਨੇ ਆਪਣੇ ਸੰਘਰਸ਼ ਦੀ ਕਹਾਣੀ ਸੁਣਾਉਂਦਿਆਂ ਸਭ ਨੂੰ ਭਾਵੁਕ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਸਨ, ਜੋ ਆਪਣੀ ਧੀ ਨੂੰ ਅਫ਼ਸਰ ਬਣਿਆ ਦੇਖਣ ਦਾ ਸੁਪਨਾ ਅੱਖਾਂ ਵਿੱਚ ਲੈ ਕੇ ਪਿਛਲੇ ਸਾਲ ਇਸ ਦੁਨੀਆ ਤੋਂ ਚਲੇ ਗਏ।
ਜੋਤੀ ਨੇ ਦੱਸਿਆ ਕਿ 2021 ਵਿੱਚ ਬੇਟੀ ਦੇ ਜਨਮ ਸਮੇਂ ਸਿਜ਼ੇਰੀਅਨ ਆਪ੍ਰੇਸ਼ਨ ਅਤੇ ਸਿਹਤ ਦੀਆਂ ਗੰਭੀਰ ਗੁੰਝਲਾਂ ਕਾਰਨ ਉਨ੍ਹਾਂ ਲਈ ਬੈਠਣਾ ਵੀ ਔਖਾ ਸੀ, ਪਰ ਜਦੋਂ ਉਨ੍ਹਾਂ ਦੀ ਬੱਚੀ 5 ਜਾਂ 10 ਮਿੰਟ ਲਈ ਸੌਂਦੀ ਸੀ, ਉਹ ਓਨੇ ਸਮੇਂ ਵਿੱਚ ਹੀ ਪੜ੍ਹਾਈ ਕਰਦੀ ਸੀ। ਇੱਕ ਵਾਰ ਪੜ੍ਹਾਈ ਵਿੱਚ ਮਗਨ ਹੋਣ ਕਾਰਨ ਉਨ੍ਹਾਂ ਦੀ ਨੰਨ੍ਹੀ ਬੱਚੀ ਪੌੜੀਆਂ ਦੇ ਕਿਨਾਰੇ ਪਹੁੰਚ ਗਈ ਸੀ, ਜਿਸ ਤੋਂ ਬਾਅਦ ਖ਼ੁਦ ਨੂੰ ਦੋਸ਼ੀ ਮੰਨਦਿਆਂ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਅਗਨ ਭੇਟ ਕਰਨ ਦਾ ਫ਼ੈਸਲਾ ਤੱਕ ਕਰ ਲਿਆ ਸੀ, ਪਰ ਬਾਅਦ ਵਿੱਚ ਅੱਧ-ਸੜੀਆਂ ਕਿਤਾਬਾਂ ਨੂੰ ਮੁੜ ਸੰਭਾਲ ਲਿਆ।
ਇਹ ਵੀ ਪੜ੍ਹੋ- PCS Exam Breaking- ਹਾਈਕੋਰਟ ਨੇ PCS ਭਰਤੀ ਪ੍ਰਕਿਰਿਆ ’ਤੇ ਲਗਾਈ ਰੋਕ, ਪੰਜਾਬ ਸਰਕਾਰ ਨੂੰ ਲੱਗਾ ਵੱਡਾ ਝਟਕਾ
ਉਨ੍ਹਾਂ ਦੇ ਪਤੀ ਨੇ ਘਰ ਅਤੇ ਬੱਚੀ ਦੀ ਜ਼ਿੰਮੇਵਾਰੀ ਸੰਭਾਲ ਕੇ ਉਨ੍ਹਾਂ ਨੂੰ ਪੜ੍ਹਨ ਲਈ ਇੱਕ ਸਾਲ ਦਾ ਸਮਾਂ ਦਿੱਤਾ। 2025 ਵਿੱਚ ਯੂ.ਪੀ.ਐੱਸ.ਸੀ. ਮੁੱਢਲੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਹੁਰਾ ਸਾਹਿਬ ਦੇ ਦੇਹਾਂਤ ਕਾਰਨ ਉਹ ਮੁੱਖ ਪ੍ਰੀਖਿਆ ਨਹੀਂ ਦੇ ਸਕੇ। ਫਿਰ ਦਸੰਬਰ ਵਿੱਚ ਪੀ.ਸੀ.ਐੱਸ. ਮੁੱਢਲੀ ਪ੍ਰੀਖਿਆ ਦਿੱਤੀ, 4 ਨਵੰਬਰ ਨੂੰ ਮੁੱਖ ਪ੍ਰੀਖਿਆ ਦਾ ਨਤੀਜਾ ਆਇਆ ਅਤੇ ਹੁਣ ਜਦੋਂ ਸਵੇਰੇ 4 ਵਜੇ ਉੱਠ ਕੇ PCS ਦੇ ਇੰਟਰਵਿਊ ਦੀ ਤਿਆਰੀ ਕੀਤੀ ਜਾ ਰਹੀ ਸੀ, ਤਾਂ ਭਰਤੀ ‘ਤੇ ਰੋਕ ਲੱਗਣ ਨਾਲ ਉਨ੍ਹਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ- PCS ਭਰਤੀ ਪ੍ਰੀਖਿਆ ਵਿਵਾਦ: ਹਾਈਕੋਰਟ ‘ਚ 3 ਹੋਰ ਨਵੀਆਂ ਪਟੀਸ਼ਨਾਂ ਦਾਖ਼ਲ
ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਆਏ ਉਮੀਦਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਦਿਨ ਵਿੱਚ ਸਿਰਫ਼ ਇੱਕ ਵਾਰ ਬੱਸ ਆਉਂਦੀ ਹੈ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਅਤੇ ਫਿਰ ਮੈਰੀਟੋਰੀਅਸ ਸਕੂਲ ਤੋਂ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੂਰੀ ਪੀ.ਸੀ.ਐੱਸ. ਪ੍ਰੀਖਿਆ ਪੰਜਾਬੀ ਮਾਧਿਅਮ ਵਿੱਚ ਪਾਸ ਕੀਤੀ ਹੈ ਅਤੇ ਇਸ ਲਈ ਖ਼ੁਦ ਅੰਗਰੇਜ਼ੀ ਸਮੱਗਰੀ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਤਿਆਰੀ ਕੀਤੀ। ਉਨ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੂੰ ਇੱਕ ਵੇਲੇ ਦੀ ਰੋਟੀ ਤੋਂ ਬਾਅਦ ਦੂਜੇ ਵੇਲੇ ਦੀ ਰੋਟੀ ਦਾ ਫ਼ਿਕਰ ਹੁੰਦਾ ਹੈ, ਉਹ ਕਰੋੜਾਂ ਰੁਪਏ ਦੇ ਕੇ ਨੌਕਰੀ ਕਿਵੇਂ ਖ਼ਰੀਦ ਸਕਦੇ ਹਨ?
ਇਹ ਵੀ ਪੜ੍ਹੋ- PCS ਪ੍ਰੀਖਿਆਵਾਂ ‘ਚ ਗੜਬੜੀ ਦਾ ਮੁੱਦਾ ਭਖਿਆ! ਪਰਗਟ ਸਿੰਘ ਅਤੇ ਪੀੜਤ ਉਮੀਦਵਾਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤੇ ਵੱਡੇ ਖੁਲਾਸੇ
ਇਸੇ ਤਰ੍ਹਾਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਉਮੀਦਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਜਾਂ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਦੀ ਬਜਾਏ ਪਿੰਡ ਵਿੱਚ ਰਹਿ ਕੇ ਸੀਮਤ ਇੰਟਰਨੈੱਟ ਸਹੂਲਤਾਂ ਨਾਲ ਖੇਤੀਬਾੜੀ ਕਰਦਿਆਂ ਇਹ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ 751 ਯੋਗ ਉਮੀਦਵਾਰਾਂ ਨਾਲ ਮਤਰੇਆ ਸਲੂਕ ਨਾ ਕੀਤਾ ਜਾਵੇ।
ਲੁਧਿਆਣਾ ਜ਼ਿਲ੍ਹੇ ਦੀ ਇੱਕ ਉਮੀਦਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਪਰਿਵਾਰ ਵਿੱਚ ਨਾ ਕੋਈ ਸਰਕਾਰੀ ਨੌਕਰੀ ਹੈ ਤੇ ਨਾ ਹੀ ਜ਼ਮੀਨ। ਉਨ੍ਹਾਂ ਕਿਹਾ ਕਿ ਬਿਨਾਂ ਸਬੂਤਾਂ ਤੋਂ ਉਨ੍ਹਾਂ ਦੀ ਮਿਹਨਤ ‘ਤੇ ਸਵਾਲ ਚੁੱਕੇ ਜਾ ਰਹੇ ਹਨ, ਜਿਸ ਕਾਰਨ ਸਮਾਜਿਕ ਦਬਾਅ ਝੱਲਣਾ ਔਖਾ ਹੋ ਰਿਹਾ ਹੈ। ਅੰਮ੍ਰਿਤਸਰ ਨਾਲ ਸਬੰਧਤ ਇੱਕ ਉਮੀਦਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਯੂ.ਜੀ.ਸੀ. ਨੈੱਟ ਪਾਸ ਕੀਤਾ ਸੀ। ਤਿਆਰੀ ਦੌਰਾਨ ਉਨ੍ਹਾਂ ਦੇ ਮਾਤਾ ਜੀ ਸਵੇਰੇ 4:30 ਵਜੇ ਉੱਠ ਕੇ ਰੋਟੀ ਤਿਆਰ ਕਰਦੇ ਸਨ ਅਤੇ ਉਹ ਸਵੇਰੇ 6 ਵਜੇ ਲਾਇਬ੍ਰੇਰੀ ਪਹੁੰਚ ਜਾਂਦੇ ਸਨ। ਉਨ੍ਹਾਂ ਕਿਹਾ ਕਿ ਅਸਫ਼ਲ ਉਮੀਦਵਾਰਾਂ ਨੂੰ ਅਗਲੀ ਵਾਰ ਮੌਕਾ ਮਿਲ ਸਕਦਾ ਹੈ, ਪਰ ਤਿਆਰੀ ਦੌਰਾਨ ਜੋ ਸਮਾਂ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਬਚਪਨ ਤੋਂ ਦੂਰ ਰਹਿ ਕੇ ਗੁਆਇਆ ਹੈ, ਉਹ ਵਾਪਸ ਨਹੀਂ ਆ ਸਕਦਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕੀ PCS ਨਤੀਜਿਆਂ ‘ਚ ਹੋਇਆ ਘੁਟਾਲਾ? ਪੜ੍ਹੋ PPSC ਚੇਅਰਮੈਨ ਦਾ ਜਵਾਬ!
ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿੱਚ ਤਾਇਨਾਤ ਸਾਬਕਾ ਸੈਨਿਕ ਕਰਨਲ ਡਾ. ਅਮਨਦੀਪ ਕੌਰ ਨੇ ਕਿਹਾ ਕਿ 14 ਸਾਲ ਭਾਰਤੀ ਫ਼ੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਉਹ ਪੰਜਾਬ ਦੀ ਮਿੱਟੀ ਦੀ ਸੇਵਾ ਕਰਨ ਦੇ ਜਜ਼ਬੇ ਨਾਲ ਇਸ ਪ੍ਰੀਖਿਆ ਵਿੱਚ ਬੈਠੇ ਸਨ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਨੇ ਸਿਰਫ਼ ਤਕਨੀਕੀ ਅਤੇ ਪ੍ਰਕਿਰਿਆਤਮਕ ਪੱਖਾਂ ਦੀ ਘੋਖ ਕਰਨ ਲਈ ਰੋਕ ਲਗਾਈ ਹੈ, ਨਾ ਕਿ ਕਿਸੇ ਧਾਂਦਲੀ ਕਾਰਨ, ਪਰ ਕੁਝ ਸਿਆਸਤਦਾਨ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- Punjab PCS Mains Scams: PCS ਨਤੀਜਿਆਂ ‘ਚ ਵੱਡੇ ਘੁਟਾਲੇ ਦੇ ਇਲਜ਼ਾਮ! CBI ਜਾਂਚ ਦੀ ਉੱਠੀ ਮੰਗ
ਇਸੇ ਤਰ੍ਹਾਂ ਚੰਡੀਗੜ੍ਹ ਦੇ ਐੱਸ.ਡੀ. ਕਾਲਜ ਵਿੱਚ ਰਾਜਨੀਤੀ ਸ਼ਾਸਤਰ ਪੜ੍ਹਾ ਰਹੇ ਇੱਕ ਪ੍ਰੋਫ਼ੈਸਰ, ਜੋ ਪੰਜਾਬੀ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਵੀ ਕਰ ਰਹੇ ਹਨ, ਨੇ ਦੱਸਿਆ ਕਿ ਉਹ ਦਿਨ ਵੇਲੇ ਕਾਲਜ ਵਿੱਚ ਪੜ੍ਹਾਉਂਦੇ ਸਨ ਅਤੇ ਸ਼ਾਮ ਨੂੰ ਸੈਕਟਰ-34 ਦੀ ਲਾਇਬ੍ਰੇਰੀ ਵਿੱਚ ਜਾ ਕੇ ਪੜ੍ਹਾਈ ਕਰਦੇ ਸਨ। ਸਮੂਹ ਉਮੀਦਵਾਰਾਂ ਨੇ ਸਾਂਝੇ ਤੌਰ ‘ਤੇ ਗੁਰੂ ਸਾਹਿਬ ਦੀ ਬਾਣੀ “ਸ਼ੁਭ ਕਰਮਨ ਤੇ ਕਬਹੂੰ ਨ ਟਰੋਂ” ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਸੱਚਾਈ ਅਤੇ ਮਿਹਨਤ ਦੇ ਰਾਹ ‘ਤੇ ਡਟੇ ਹੋਏ ਹਨ। ਉਨ੍ਹਾਂ ਪੰਜਾਬ ਸਰਕਾਰ, ਸਿਆਸੀ ਆਗੂਆਂ ਅਤੇ ਮਾਨਯੋਗ ਅਦਾਲਤ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਭਰਤੀ ਪ੍ਰਕਿਰਿਆ ਨੂੰ ਲੰਮਾ ਨਾ ਲਟਕਾਇਆ ਜਾਵੇ ਅਤੇ ਉਨ੍ਹਾਂ ਨੂੰ ਜਲਦ ਇੰਟਰਵਿਊ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇ।
















