BJP ਨੇ ਚੋਣਾਂ ‘ਚੋਰੀ’ ਕਰਨ ਦਾ ਬਣਾਇਆ ਸਿਸਟਮ, ਲੋਕ ਜਲਦ ਸਿਖਾਉਣਗੇ ਸਬਕ: Rahul Gandhi

 

BJP ਨੇ ਬਣਾਇਆ ਚੋਣਾਂ ‘ਚੋਰੀ’ ਕਰਨ ਦਾ ਸਿਸਟਮ, ਲੋਕ ਜਲਦ ਸਿਖਾਉਣਗੇ ਸਬਕ: ਰਾਹੁਲ ਗਾਂਧੀ

ਗੁਰੂਗ੍ਰਾਮ ‘ਚ ਬ੍ਰਿਜੇਂਦਰ ਸਿੰਘ ਦੀ ‘ਸਦਭਾਵਨਾ ਯਾਤਰਾ’ ਵਿੱਚ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ

ਭਾਜਪਾ ‘ਤੇ ਚੋਣ ਕਮਿਸ਼ਨ ਅਤੇ ਅਫ਼ਸਰਸ਼ਾਹੀ ਨੂੰ ਕੰਟਰੋਲ ਕਰਨ ਦੇ ਲਾਏ ਗੰਭੀਰ ਦੋਸ਼

ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ‘ਤੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਵੇਚਣ ਦਾ ਲਾਇਆ ਇਲਜ਼ਾਮ

ਗੁਰੂਗ੍ਰਾਮ (ਹਰਿਆਣਾ), 9 ਮਈ 2026: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ (Rahul Gandhi) ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਭਾਰਤੀ ਜਨਤਾ ਪਾਰਟੀ (BJP) ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ।

ਹਰਿਆਣਾ ਕਾਂਗਰਸ ਦੇ ਆਗੂ ਬ੍ਰਿਜੇਂਦਰ ਸਿੰਘ ਵੱਲੋਂ ਕੱਢੀ ਜਾ ਰਹੀ ‘ਸਦਭਾਵਨਾ ਯਾਤਰਾ’ ਵਿੱਚ ਸ਼ਾਮਲ ਹੋਣ ਪੁੱਜੇ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਚੋਣਾਂ ‘ਚੋਰੀ’ ਕਰਨ ਦਾ ਇੱਕ ਪੂਰਾ ਸਿਸਟਮ ਤਿਆਰ ਕਰ ਲਿਆ ਹੈ।

ਇੱਕ ਵਿਸ਼ਾਲ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਹਰਿਆਣਾ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਲੋਕਾਂ ਦੇ ਫਤਵੇ ਨੂੰ ‘ਚੋਰੀ’ ਕੀਤਾ ਹੈ।

ਉਨ੍ਹਾਂ ਕਿਹਾ, “ਹੁਣ ਇਹੀ ਖੇਡ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਵੀ ਖੇਡੀ ਜਾ ਰਹੀ ਹੈ। ਉਹ ਵੋਟਰ ਸੂਚੀ ਵਿੱਚੋਂ ਲੱਖਾਂ ਪੁਰਾਣੇ ਨਾਂ ਕੱਟ ਕੇ ਲੱਖਾਂ ਨਵੇਂ ਨਾਂ ਜੋੜ ਦਿੰਦੇ ਹਨ।”

ਉਨ੍ਹਾਂ ਅੱਗੇ ਕਿਹਾ ਕਿ ਚੋਣ ਕਮਿਸ਼ਨ ਅਤੇ ਅਫ਼ਸਰਸ਼ਾਹੀ ਪੂਰੀ ਤਰ੍ਹਾਂ ਸਰਕਾਰ ਦੇ ਕੰਟਰੋਲ ਵਿੱਚ ਹਨ, ਜਿਸ ਕਾਰਨ ਭਾਜਪਾ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਇਹ ਜੋੜੀ ਦੇਸ਼ ਦੀਆਂ ਅਹਿਮ ਸੰਪਤੀਆਂ ਨੂੰ ਵੇਚਣ ਦਾ ਕੰਮ ਕਰ ਰਹੀ ਹੈ।

ਉਨ੍ਹਾਂ ਇਲਜ਼ਾਮ ਲਾਇਆ ਕਿ ਹਵਾਈ ਅੱਡੇ, ਬੰਦਰਗਾਹਾਂ, ਪਾਵਰ ਪਲਾਂਟ ਅਤੇ ਬੁਨਿਆਦੀ ਢਾਂਚਾ ਚੁਣੇ ਹੋਏ ਪੂੰਜੀਪਤੀਆਂ ਦੇ ਹੱਥ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਜਪਾ ਦਾ ਸਮਾਂ ਵੀ ਆਵੇਗਾ, ਜਦੋਂ ਉਨ੍ਹਾਂ ਨੂੰ ਜਨਤਾ ਦੇ ਭਾਰੀ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।

ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ ਅਤੇ ਬ੍ਰਿਜੇਂਦਰ ਸਿੰਘ ਨਾਲ ਕੁਝ ਦੂਰ ਤੱਕ ਪੈਦਲ ਯਾਤਰਾ ਵੀ ਕੀਤੀ।

ਇਸ ਮੌਕੇ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ, ਸੀਨੀਅਨ ਆਗੂ ਰਣਦੀਪ ਸਿੰਘ ਸੂਰਜੇਵਾਲਾ ਅਤੇ ਬੀ. ਕੇ. ਹਰੀਪ੍ਰਸਾਦ ਵਰਗੇ ਦਿੱਗਜ ਕਾਂਗਰਸੀ ਆਗੂ ਵੀ ਮੌਜੂਦ ਸਨ, ਜਿਨ੍ਹਾਂ ਨੇ ਇੱਕਜੁੱਟਤਾ ਦਾ ਪ੍ਰਦਰਸ਼ਨ ਕੀਤਾ।