Join WhatsApp

Join Now

ਪਰਵਿੰਦਰ ਝੋਟਾ ਕਤਲ ਕਾਂਡ: SSP ਨੇ ਕੀਤੇ ਵੱਡੇ ਖੁਲਾਸੇ

On: October 15, 2026 9:26 PM

 

ਪਰਵਿੰਦਰ ਝੋਟਾ ਕਤਲ ਕਾਂਡ: SSP ਨੇ ਕੀਤੇ ਵੱਡੇ ਖੁਲਾਸੇ

ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: ਕਾਤਲ ਦੀ ਦੁਕਾਨ ‘ਤੇ ਬੁੱਤ ਲਾਉਣ ਅਤੇ ਸ਼ਹੀਦ ਦਾ ਦਰਜਾ ਦੇਣ ਦੀ ਪਰਿਵਾਰਕ ਮੰਗ

ਮਾਨਸਾ, 15 ਅਕਤੂਬਰ 2026- ਮਾਨਸਾ ਵਿੱਚ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਸਨਸਨੀਖੇਜ਼ ਕਤਲ ਦੇ ਮਾਮਲੇ ਵਿੱਚ ਪੰਜਾਬ ਭਰ ਵਿੱਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਪੂਰਾ ਪੰਜਾਬ ਬੰਦ ਰਿਹਾ। ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰਸ ਕਰਕੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਤੀ ਆਪਣਾ ਰੋਹ ਜ਼ਾਹਰ ਕੀਤਾ ਗਿਆ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪਰਵਿੰਦਰ ਸਿੰਘ ਝੋਟੇ ਦੇ ਕਾਤਲ ਅਸ਼ਵਨੀ ਕੁਮਾਰ ਦੀ ਦੁਕਾਨ ਵਾਲੀ ਜਗ੍ਹਾ ‘ਤੇ ਝੋਟੇ ਦਾ ਬੁੱਤ ਲਗਾਇਆ ਜਾਵੇ ਅਤੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਸ਼ਹਿ ਉੱਤੇ ਹੀ ਇਲਾਕੇ ਵਿੱਚ ਨਸ਼ਾ ਵਿਕ ਰਿਹਾ ਹੈ, ਹਾਲਾਂਕਿ ਝੋਟੇ ਦੇ ਪਿਤਾ ਨੇ ਸਾਫ਼ ਕੀਤਾ ਕਿ ਉਹ ਪੰਜਾਬ ਬੰਦ ਕਰਨ ਦੇ ਹੱਕ ਵਿੱਚ ਨਹੀਂ ਸਨ ਪਰ ਹਾਲਾਤ ਕਾਰਨ ਲੋਕਾਂ ਦਾ ਗੁੱਸਾ ਸੜਕਾਂ ‘ਤੇ ਆਇਆ ਹੈ।

ਪਰਵਿੰਦਰ ਝੋਟਾ ਕਤਲ ਕਾਂਡ; ਪਿਤਾ ਦਾ PM ਮੋਦੀ ਨੂੰ ਭਾਵੁਕ ਸੁਨੇਹਾ- “ਕਿਰਪਾ ਕਰਕੇ ਦਖ਼ਲ ਦਿਓ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ”

ਪਰਿਵਾਰ ਅਤੇ ਐਕਸ਼ਨ ਕਮੇਟੀ ਦੀ ਪ੍ਰੈਸ ਕਾਨਫਰਸ ਤੋਂ ਬਾਅਦ ਮਾਨਸਾ ਦੇ SSP ਵੈਭਵ ਚੌਧਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੂਰੇ ਮਾਮਲੇ ‘ਤੇ ਸਥਿਤੀ ਸਪੱਸ਼ਟ ਕੀਤੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਬੀਤੇ ਦੋ ਦਿਨਾਂ ਦੇ ਅੰਦਰ ਹੀ ਤੁਰੰਤ ਕਾਰਵਾਈ ਕਰਦਿਆਂ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਲਾਪਰਵਾਹੀ ਅਤੇ ਸ਼ੱਕੀ ਭੂਮਿਕਾ ਸਾਹਮਣੇ ਆਉਣ ‘ਤੇ ਸਬੰਧਤ SHO ਬੇਅੰਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਐਸ.ਐਸ.ਪੀ. ਨੇ ਭਰੋਸਾ ਦਿਵਾਇਆ ਕਿ ਜੇਕਰ ਇਸ ਮਾਮਲੇ ਵਿੱਚ ਕਿਸੇ ਹੋਰ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਦੀ ਵੀ ਸ਼ਮੂਲੀਅਤ ਪਾਈ ਜਾਂਦੀ ਹੈ, ਤਾਂ ਉਸ ਵਿਰੁੱਧ ਵੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਨਸ਼ਿਆਂ ਦੀ ਸਪਲਾਈ ਬਾਰੇ ਗੱਲ ਕਰਦਿਆਂ SSP ਨੇ ਖੁਲਾਸਾ ਕੀਤਾ ਕਿ ਮੁਢਲੀ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਨਸ਼ੇ ਦੀ ਸਪਲਾਈ ਮੁਹਾਲੀ ਸਾਈਡ ਤੋਂ ਹੁੰਦੀ ਸੀ। ਪੁਲਿਸ ਇਸ ਪੂਰੇ ਨੈੱਟਵਰਕ ਨੂੰ ਤੋੜਨ ਲਈ ਸਾਰੇ ਤਕਨੀਕੀ ਅਤੇ ਅਹਿਮ ਪੱਖਾਂ ‘ਤੇ ਬਾਰੀਕੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ 453 ਮੁਕਦਮੇ ਦਰਜ ਕੀਤੇ ਜਾ ਚੁੱਕੇ ਹਨ ਅਤੇ 540 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੈਮਿਸਟ ਸ਼ੋਪਸ ਵਿਰੁੱਧ ਵੀ 138 ਤੋਂ ਵੱਧ ਪਰਚੇ ਦਰਜ ਕੀਤੇ ਗਏ ਹਨ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।

ਪ੍ਰਸ਼ਾਸਨ ਅਤੇ ਪਰਿਵਾਰ ਵਿਚਕਾਰ ਚੱਲ ਰਹੀ ਗੱਲਬਾਤ ਬਾਰੇ ਦੱਸਦਿਆਂ SSP ਨੇ ਕਿਹਾ ਕਿ ਉੱਚ ਅਧਿਕਾਰੀ ਜਿਵੇਂ ਕਿ ਡੀ.ਆਈ.ਜੀ. ਅਤੇ ਸਪੈਸ਼ਲ ਡੀ.ਜੀ.ਪੀ. ਖ਼ੁਦ ਮੌਕੇ ‘ਤੇ ਮੌਜੂਦ ਹਨ ਅਤੇ ਲਗਾਤਾਰ ਐਕਸ਼ਨ ਕਮੇਟੀ ਨਾਲ ਰਾਬਤਾ ਬਣਾ ਕੇ ਕੰਮ ਕਰ ਰਹੇ ਹਨ। ਪੁਲਿਸ ਪ੍ਰਸ਼ਾਸਨ ਦਾ ਮੁੱਖ ਫੋਕਸ ਲਾਅ ਐਂਡ ਆਰਡਰ ਨੂੰ ਮੈਨਟੇਨ ਰੱਖਣ ਅਤੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਦਿਵਾਉਣ ‘ਤੇ ਹੈ। ਸ਼ਹਿਰ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ 3 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਭਾਰੀ ਡਿਪਲਾਇਮੈਂਟ ਤਹਿਤ ਤਾਇਨਾਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਆਮ ਲੋਕਾਂ ਅਤੇ ਵਪਾਰੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਕਾਨੂੰਨ ਦਾ ਸਾਥ ਦੇਣ ਤਾਂ ਜੋ ਇਸ ਗੰਭੀਰ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲ ਸਕੇ।

 

Leave a Comment