ਵੱਡੀ ਖ਼ਬਰ: Chandigarh ਦਾ ‘ਸੂਰਜ’ ਸਦਾ ਲਈ ਡੁੱਬ ਗਿਆ…!

 

ਵੱਡੀ ਖ਼ਬਰ: Chandigarh ਦਾ ‘ਸੂਰਜ’ ਸਦਾ ਲਈ ਡੁੱਬ ਗਿਆ…!

ਚੰਡੀਗੜ੍ਹ, 13 ਮਈ 2026:

ਮੰਗਲਵਾਰ ਦੀ ਸ਼ਾਮ ਨੂੰ ਚੰਡੀਗੜ੍ਹ ਦਾ ਸੂਰਜ ਸਦਾ ਲਈ ਡੁੱਬ ਗਿਆ। ਦਰਅਸਲ, ਚੰਡੀਗੜ੍ਹ (Chandigarh) ਦੇ ਦੜਵਾ ਸਥਿਤ ਗੈਸ ਕਲੋਨੀ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ 20 ਸਾਲਾ ਨੌਜਵਾਨ ਸੂਰਜ ਦਾ ਚਾਰ-ਪੰਜ ਨੌਜਵਾਨਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਸਭ ਤੋਂ ਦੁਖਦਾਈ ਪਹਿਲੂ ਇਹ ਰਿਹਾ ਕਿ ਜਦੋਂ ਨੌਜਵਾਨ ‘ਤੇ ਚਾਕੂਆਂ ਨਾਲ ਹਮਲਾ ਹੋ ਰਿਹਾ ਸੀ, ਤਾਂ ਉੱਥੇ ਮੌਜੂਦ ਲੋਕ ਉਸ ਨੂੰ ਬਚਾਉਣ ਦੀ ਬਜਾਏ ਆਪਣੇ ਮੋਬਾਈਲ ਫ਼ੋਨਾਂ ਨਾਲ ਵੀਡੀਓ ਬਣਾਉਣ ਵਿੱਚ ਮਸਰੂਫ਼ ਸਨ।

ਘਟਨਾ ਸ਼ਾਮ ਕਰੀਬ ਸਵਾ ਛੇ ਵਜੇ ਗੁਰਦੁਆਰਾ ਸਾਹਿਬ ਦੇ ਨੇੜੇ 18 ਫੁੱਟ ਰੋਡ ‘ਤੇ ਵਾਪਰੀ। ਸੂਰਜ ਆਪਣੇ ਦੋਸਤ ਪਾਂਡੂ ਨਾਲ ਬਾਈਕ ‘ਤੇ ਜਾ ਰਿਹਾ ਸੀ ਕਿ ਮੁਲਜ਼ਮਾਂ ਨੇ ਸਕੂਟੀ ਅੱਗੇ ਲਗਾ ਕੇ ਉਨ੍ਹਾਂ ਦਾ ਰਸਤਾ ਰੋਕ ਲਿਆ। ਪਾਂਡੂ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜ ਨਿਕਲਿਆ, ਪਰ ਹਮਲਾਵਰਾਂ ਨੇ ਸੂਰਜ ਨੂੰ ਘੇਰ ਲਿਆ ਅਤੇ ਉਸ ‘ਤੇ ਚਾਕੂਆਂ ਨਾਲ ਤਾਬੜਤੋੜ ਹਮਲੇ ਕੀਤੇ।

ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੂਰਜ ਜਾਨ ਬਚਾਉਣ ਲਈ ਸੰਘਰਸ਼ ਕਰਦਾ ਰਿਹਾ, ਪਰ ਮੁਲਜ਼ਮਾਂ ਨੇ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।

ਮ੍ਰਿਤਕ ਦੇ ਪਿਤਾ ਮੁਕੇਸ਼ ਅਤੇ ਮਾਂ ਰਾਜਬਾਲਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿਤਾ ਨੇ ਦਰਦ ਭਰੇ ਲਹਿਜ਼ੇ ਵਿੱਚ ਕਿਹਾ, “ਅੱਜ ਇਨਸਾਨੀਅਤ ਮਰ ਚੁੱਕੀ ਹੈ।

ਜੇਕਰ ਲੋਕ ਡੰਡੇ ਲੈ ਕੇ ਵੀ ਅੱਗੇ ਆ ਜਾਂਦੇ ਤਾਂ ਮੇਰਾ ਪੁੱਤਰ ਜਿਉਂਦਾ ਹੁੰਦਾ।” ਪਰਿਵਾਰ ਦਾ ਦੋਸ਼ ਹੈ ਕਿ ਸੂਰਜ ਕਰੀਬ 25 ਮਿੰਟ ਤੱਕ ਲਹੂ-ਲੁਹਾਨ ਹਾਲਤ ਵਿੱਚ ਸੜਕ ‘ਤੇ ਤੜਫਦਾ ਰਿਹਾ, ਪਰ ਕਿਸੇ ਨੇ ਨਾ ਤਾਂ ਪੁਲਿਸ ਨੂੰ ਫ਼ੋਨ ਕੀਤਾ ਅਤੇ ਨਾ ਹੀ ਉਸ ਨੂੰ ਹਸਪਤਾਲ ਪਹੁੰਚਾਇਆ।

ਸੂਚਨਾ ਮਿਲਦੇ ਹੀ ਐਸਐਚਓ (SHO) ਸਤਨਾਮ ਸਿੰਘ ਅਤੇ ਦੜਵਾ ਚੌਕੀ ਇੰਚਾਰਜ ਰਵਦੀਪ ਸਿੰਘ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ।

ਸੂਰਜ ਨੂੰ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ।

ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਤਲ ਵਿੱਚ ਕੁਝ ਨਾਬਾਲਗ ਵੀ ਸ਼ਾਮਲ ਹੋ ਸਕਦੇ ਹਨ।

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਦੜਵਾ ਇਲਾਕੇ ਵਿੱਚ ਨਸ਼ੇ ਅਤੇ ਅਪਰਾਧ ਦਾ ਗ੍ਰਾਫ਼ ਤੇਜ਼ੀ ਨਾਲ ਵਧ ਰਿਹਾ ਹੈ। ਲੋਕਾਂ ਵਿੱਚ ਪੁਲਿਸ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਅਜਿਹੀਆਂ ਵਾਰਦਾਤਾਂ ਸ਼ਰੇਆਮ ਹੋ ਰਹੀਆਂ ਹਨ।

ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲਾਸ਼ ਦਾ ਪੋਸਟਮਾਰਟਮ ਅੱਜ (ਬੁੱਧਵਾਰ) ਕਰਵਾਇਆ ਜਾਵੇਗਾ।