PSEB ਨੇ ਵਿਦਿਆਰਥੀਆਂ ਦੇ ਹੱਕ ‘ਚ ਲਿਆ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

 

PSEB ਨੇ ਵਿਦਿਆਰਥੀਆਂ ਦੇ ਹੱਕ ‘ਚ ਲਿਆ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

PSEB ਵੱਲੋਂ ਰੀ-ਇਵੈਲੂਏਸ਼ਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ; ਪ੍ਰਤੀ ਉੱਤਰ-ਪੱਤਰੀ 1000 ਰੁਪਏ ਫੀਸ ਨਿਰਧਾਰਿਤ, 30 ਮਈ ਤੱਕ ਮੌਕਾ

ਚੰਡੀਗੜ੍ਹ, 17 May 2026-

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਪ੍ਰੀਖਿਆਵਾਂ ਤੋਂ ਬਾਅਦ ਉੱਤਰ-ਪੱਤਰੀਆਂ ਦੇ ਮੁੜ-ਮੁਲਾਂਕਣ (ਰੀ-ਇਵੈਲੂਏਸ਼ਨ) ਨਾਲ ਸਬੰਧਿਤ ਨਵੇਂ ਨਿਯਮ ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਬੋਰਡ ਵੱਲੋਂ ਜਾਰੀ ਅਧਿਕਾਰਤ ਜਾਣਕਾਰੀ ਅਨੁਸਾਰ ਇਹ ਸੁਧਾਰ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਮਾਧਿਅਮ ਰਾਹੀਂ ਚਲਾਈ ਜਾਵੇਗੀ। ਵਿਦਿਆਰਥੀ ਰੀ-ਇਵੈਲੂਏਸ਼ਨ ਦੇ ਫਾਰਮ 30 ਮਈ ਤੱਕ ਭਰ ਸਕਦੇ ਹਨ।

ਰੀ-ਇਵੈਲੂਏਸ਼ਨ ਦੀ ਸਹੂਲਤ ਸਿਰਫ਼ ਲਿਖ਼ਤੀ ਪ੍ਰੀਖਿਆਵਾਂ (ਥਿਊਰੀ ਪੇਪਰਾਂ) ਲਈ ਹੀ ਉਪਲੱਬਧ ਹੋਵੇਗੀ। ਪ੍ਰਯੋਗਾਤਮਕ ਪ੍ਰੀਖਿਆਵਾਂ (ਪ੍ਰੈਕਟੀਕਲ ਪੇਪਰਾਂ) ਦਾ ਰੀ-ਇਵੈਲੂਏਸ਼ਨ ਕਿਸੇ ਵੀ ਸਥਿਤੀ ਵਿੱਚ ਨਹੀਂ ਕੀਤਾ ਜਾਵੇਗਾ।

ਬੋਰਡ ਨੇ ਪ੍ਰਤੀ ਉੱਤਰ-ਪੱਤਰੀ (ਪਰ ਆਂਸਰ ਸ਼ੀਟ) 1000 ਰੁਪਏ ਫੀਸ ਨਿਰਧਾਰਿਤ ਕੀਤੀ ਹੈ। ਫਾਰਮ ਅਤੇ ਫ਼ੀਸ ਸਿਰਫ਼ ਆਨਲਾਈਨ ਮਾਧਿਅਮ ਰਾਹੀਂ ਹੀ ਸਵੀਕਾਰ ਕੀਤੇ ਜਾਣਗੇ।

ਜਮ੍ਹਾਂ ਕਰਵਾਈ ਗਈ ਫ਼ੀਸ ਕਿਸੇ ਵੀ ਸੂਰਤ ਵਿੱਚ ਵਾਪਸ (ਰਿਫੰਡ) ਜਾਂ ਐਡਜਸਟ ਨਹੀਂ ਹੋਵੇਗੀ। ਅਧੂਰੇ ਜਾਂ ਬਿਨਾਂ ਫ਼ੀਸ ਵਾਲੇ ਫਾਰਮ ਬਿਨਾਂ ਕਿਸੇ ਸੂਚਨਾ ਦੇ ਰੱਦ ਕਰ ਦਿੱਤੇ ਜਾਣਗੇ।

ਰੀ-ਇਵੈਲੂਏਸ਼ਨ ਤੋਂ ਬਾਅਦ ਜੇਕਰ ਪ੍ਰੀਖਿਆਰਥੀ ਦੇ ਅੰਕ (ਨੰਬਰ) ਵੱਧਦੇ ਹਨ ਜਾਂ ਘੱਟਦੇ ਹਨ, ਤਾਂ ਉਸੇ ਦੇ ਆਧਾਰ ’ਤੇ ਹੀ ਰਿਜ਼ਲਟ ਵਿੱਚ ਸੁਧਾਰ ਕੀਤਾ ਜਾਵੇਗਾ। ਬਾਅਦ ਵਿੱਚ ਐਲਾਨਿਆ ਗਿਆ ਨਤੀਜਾ ਹੀ ਪੂਰੀ ਤਰ੍ਹਾਂ ਅੰਤਿਮ (ਫਾਈਨਲ) ਮੰਨਿਆ ਜਾਵੇਗਾ।

ਜੇਕਰ ਕਿਸੇ ਪ੍ਰੀਖਿਆਰਥੀ ਦੇ ਨੰਬਰ ਵੱਧਦੇ ਹਨ, ਤਾਂ ਬੋਰਡ ਵੱਲੋਂ ਉਸ ਨੂੰ ‘ਜੁਆਇੰਟ ਮੈਰਿਟ’ ਵਜੋਂ ਜੋੜਿਆ ਜਾਵੇਗਾ, ਜਿਸ ਨਾਲ ਮੁੱਖ (ਪ੍ਰਾਇਮਰੀ) ਮੈਰਿਟ ਸੂਚੀ ਪ੍ਰਭਾਵਿਤ ਨਹੀਂ ਹੋਵੇਗੀ।

ਜੇਕਰ ਅੰਕਾਂ ਵਿੱਚ ਕੋਈ ਸੋਧ ਹੁੰਦੀ ਹੈ, ਤਾਂ ਪ੍ਰੀਖਿਆਰਥੀ ਨੂੰ ਸਬੰਧਿਤ ਪ੍ਰੀਖਿਆ ਸ਼ਾਖਾ ਨਾਲ ਸੰਪਰਕ ਕਰਕੇ ਆਪਣਾ ਪੁਰਾਣਾ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਉਸ ਦੇ ਬਦਲੇ ਨਵਾਂ ਸਰਟੀਫਿਕੇਟ ਪ੍ਰਾਪਤ ਕਰਨਾ ਹੋਵੇਗਾ।