Punjab School Summer Vacations: ਪੰਜਾਬ ਦੇ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੱਡੀ ਅਪਡੇਟ, ਪੜ੍ਹੋ ਵੇਰਵਾ

 

Punjab School Summer Vacations: ਪੰਜਾਬ ਦੇ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੱਡੀ ਅਪਡੇਟ, ਪੜ੍ਹੋ ਵੇਰਵਾ

ਭਿਆਨਕ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਵਿੱਚ 1 ਜੂਨ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਹੋਣ ਦੇ ਆਸਾਰ

ਪੰਜਾਬ ਦੇ ਸਕੂਲਾਂ ਵਿੱਚ ਮਈ 2026 ਦੇ ਆਖਰੀ ਹਫ਼ਤੇ ਤੋਂ ਗਰਮੀਆਂ ਦੀਆਂ ਛੁੱਟੀਆਂ ਮਿਲ ਸਕਦੀਆਂ ਹਨ, ਹਾਲਾਂਕਿ ਅਧਿਕਾਰਤ ਤਾਰੀਖਾਂ ਦੀ ਅਜੇ ਉਡੀਕ

ਚੰਡੀਗੜ੍ਹ, 17 ਮਈ 2026:

Punjab School Summer Vacations: ਪੰਜਾਬ ਵਿੱਚ ਹੁਣ ਸੂਰਜ ਦੇ ਤੇਵਰ ਤਿੱਖੇ ਹੋਣ ਲੱਗੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

ਮੌਸਮ ਵਿਗਿਆਨ ਵਿਭਾਗ ਨੇ ਪੰਜਾਬ ਵਿੱਚ ਗਰਮੀ ਦਾ ਕਹਿਰ ਵਧਣ ਦੀ ਚੇਤਾਵਨੀ ਦਿੰਦਿਆਂ ਸੂਬੇ ਦੇ ਕਈ ਜ਼ਿਲ੍ਹਿਆਂ ਲਈ 21 ਮਈ ਤੱਕ ‘ਹੀਟਵੇਵ’ (Heatwave Alert) ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।

ਇਸ ਵਧਦੀ ਹੋਈ ਗਰਮੀ ਦੇ ਦੌਰਾਨ ਹੁਣ ਸਕੂਲੀ ਬੱਚਿਆਂ ਅਤੇ ਮਾਪਿਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਸੂਬੇ ਵਿੱਚ ਲਗਾਤਾਰ ਵਧ ਰਹੇ ਪਾਰੇ ਅਤੇ ਤੇਜ਼ ਗਰਮੀ ਦੇ ਕਹਿਰ ਨੂੰ ਵੇਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਜਲਦ ਹੀ ਅਹਿਮ ਫੈਸਲਾ ਲਿਆ ਜਾ ਸਕਦਾ ਹੈ।

ਸੂਤਰਾਂ ਮੁਤਾਬਕ, ਉੱਤਰੀ ਭਾਰਤ ਵਿੱਚ ਵਧਦੀ ਗਰਮੀ ਦੀ ਲਹਿਰ ਦੇ ਕਾਰਨ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਲਦੀ ਹੀ ਪੰਜਾਬ 2026 ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ।

ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਈ 2026 ਦੇ ਆਖਰੀ ਹਫ਼ਤੇ ਤੋਂ ਗਰਮੀਆਂ ਦੀਆਂ ਛੁੱਟੀਆਂ ਮਿਲ ਸਕਦੀਆਂ ਹਨ, ਹਾਲਾਂਕਿ ਅਧਿਕਾਰਤ ਤਾਰੀਖਾਂ ਦੀ ਅਜੇ ਉਡੀਕ ਹੈ।

ਜੇਕਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਉਮੀਦ ਤੋਂ ਜ਼ਿਆਦਾ ਵਧਦਾ ਹੈ, ਤਾਂ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਛੁੱਟੀਆਂ ਨੂੰ ਸਮੇਂ ਤੋਂ ਪਹਿਲਾਂ ਵੀ ਐਲਾਨਿਆ ਜਾ ਸਕਦਾ ਹੈ।

ਮੌਸਮ ਵਿਭਾਗ ਵੱਲੋਂ 21 ਮਈ ਤੱਕ ‘ਹੀਟਵੇਵ’ ਦਾ ਅਲਰਟ

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਮੌਸਮ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਕੁਝ ਦਿਨਾਂ ਤੱਕ ਮੌਸਮ ਪੂਰੀ ਤਰ੍ਹਾਂ ਖੁਸ਼ਕ ਬਣਿਆ ਰਹੇਗਾ।

ਉਨ੍ਹਾਂ ਮੁਤਾਬਕ, ਅਗਲੇ ਹਫ਼ਤੇ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦਾ ਹੋਰ ਵਾਧਾ ਦਰਜ ਕੀਤਾ ਜਾ ਸਕਦਾ ਹੈ, ਜਿਸ ਕਾਰਨ ਦਿਨ ਵੇਲੇ ਹਾਲਾਤ ਹੋਰ ਵੀ ਭਾਰੇ ਹੋ ਜਾਣਗੇ।

ਮੌਸਮ ਵਿਭਾਗ ਨੇ ਖ਼ਾਸ ਤੌਰ ‘ਤੇ 20 ਮਈ ਤੱਕ ਪੰਜਾਬ ਦੇ ਮਾਲਵਾ ਖੇਤਰ ਦੇ 7 ਪ੍ਰਮੁੱਖ ਜ਼ਿਲ੍ਹਿਆਂ ਵਿੱਚ ਤੀਬਰ ‘ਹੀਟਵੇਵ’ ਚੱਲਣ ਦੀ ਸੰਭਾਵਨਾ ਜਤਾਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਸ਼ਾਮਲ ਹਨ।

ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਦੁਪਹਿਰ ਵੇਲੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਿਹਤ ਦਾ ਖ਼ਾਸ ਖ਼ਿਆਲ ਰੱਖਣ ਦੀ ਸਲਾਹ ਦਿੱਤੀ ਗਈ ਹੈ।