Join WhatsApp

Join Now

1984 ਦੇ ਕਤਲੇਆਮ ਸਮੇਂ ਸਿੱਖਾਂ ਨੂੰ ਬਚਾਉਣ ਲਈ RSS ਨੇ ਨਿਭਾਈ ਅਹਿਮ ਭੂਮਿਕਾ: ਸਾਬਕਾ ਚੀਫ਼ ਜਸਟਿਸ ਦਾ ਵੱਡਾ ਖੁਲਾਸਾ

On: November 29, 2026 3:20 PM

 

1984 ਦੇ ਕਤਲੇਆਮ ਸਮੇਂ ਸਿੱਖਾਂ ਨੂੰ ਬਚਾਉਣ ਲਈ RSS ਨੇ ਨਿਭਾਈ ਅਹਿਮ ਭੂਮਿਕਾ: ਸਾਬਕਾ ਚੀਫ਼ ਜਸਟਿਸ ਜੇ.ਐੱਸ. ਖੇਹਰ ਦਾ ਵੱਡਾ ਖੁਲਾਸਾ

ਨਵੀਂ ਦਿੱਲੀ

ਭਾਰਤ ਦੇ ਪਹਿਲੇ ਸਿੱਖ ਮੁੱਖ ਜੱਜ (ਚੀਫ਼ ਜਸਟਿਸ) ਜਗਦੀਸ਼ ਸਿੰਘ ਖੇਹਰ ਨੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਦਿਆਂ ਇਤਿਹਾਸਕ ਸੰਕਟਾਂ ਦੌਰਾਨ ਸੰਘ ਦੇ ਕਾਰਕੁਨਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੰਘ ਦੀ ਦਿੱਲੀ ਇਕਾਈ ਵੱਲੋਂ ਆਯੋਜਿਤ ਵਿਸ਼ੇਸ਼ ਸਮਾਗਮ ‘ਰਾਸ਼ਟਰ ਵੰਦਮ’ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਜੱਜ ਖੇਹਰ ਨੇ ਕਿਹਾ ਕਿ 1984 ਦੇ ਫਿਰਕੂ ਦੰਗਿਆਂ ਦੇ ਸਿਖਰ ਦੌਰਾਨ ਸਿੱਖ ਪਰਿਵਾਰਾਂ ਦੀ ਸੁਰੱਖਿਆ ਕਰਨ ਅਤੇ 1947 ਦੀ ਵੰਡ ਵੇਲੇ ਪੰਜਾਬ ਵਿੱਚ ਰਾਹਤ ਕਾਰਜਾਂ ਨੂੰ ਸੰਗਠਿਤ ਕਰਨ ਵਿੱਚ ਸੰਘ ਦੇ ਸਵੈਮਸੇਵਕਾਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਰਿਹਾ ਹੈ।

ਸੰਘ ਮੁਖੀ ਮੋਹਨ ਭਾਗਵਤ ਦੇ ਭਾਸ਼ਣ ਤੋਂ ਪਹਿਲਾਂ ਇਕੱਠ ਨੂੰ ਸੰਬੋਧਿਤ ਹੁੰਦਿਆਂ ਜਸਟਿਸ ਖੇਹਰ ਨੇ ਦੇਸ਼ ਦੀ ਵੰਡ ਦੇ ਭਿਆਨਕ ਦੌਰ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਵੰਡ ਦੇ ਸਮੇਂ ਦੌਰਾਨ ਆਰ.ਐੱਸ.ਐੱਸ. ਦੇ ਸਵੈਮਸੇਵਕਾਂ ਨੇ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਦੀ ਸਵੈ-ਰੱਖਿਆ ਲਈ ਪ੍ਰਬੰਧ ਕੀਤੇ, ਵੱਡੇ ਪੱਧਰ ‘ਤੇ ਰਾਹਤ ਕੈਂਪ ਲਗਾਏ ਅਤੇ ਸੰਕਟ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਉਣ ਵਿੱਚ ਦਿਨ-ਰਾਤ ਮਦਦ ਕੀਤੀ।

ਸਾਲ 1984 ਦੇ ਦਿੱਲੀ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਸਾਬਕਾ ਮੁੱਖ ਜੱਜ ਨੇ ਸੰਘ ਦੇ ਅਧਿਕਾਰਤ ਪ੍ਰਕਾਸ਼ਨਾਂ ਅਤੇ ਉੱਘੇ ਲੇਖਕ ਤੇ ਇਤਿਹਾਸਕਾਰ ਮਰਹੂਮ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਦਾ ਹਵਾਲਾ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਰਾਜਧਾਨੀ ਦਿੱਲੀ ਵਿੱਚ ਸਿੱਖ ਭਾਈਚਾਰੇ ‘ਤੇ ਹਮਲੇ ਹੋ ਰਹੇ ਸਨ, ਤਾਂ ਸੰਘ ਦੇ ਸਵੈਮਸੇਵਕ ਪੀੜਤ ਪਰਿਵਾਰਾਂ ਦੀ ਢਾਲ ਬਣ ਕੇ ਖੜ੍ਹੇ ਹੋਏ। ਜਸਟਿਸ ਖੇਹਰ ਨੇ ਕਿਹਾ ਕਿ ਸਵੈਮਸੇਵਕਾਂ ਨੇ ਉਨ੍ਹਾਂ ਰਿਹਾਇਸ਼ੀ ਬਸਤੀਆਂ ਦੀ ਪਹਿਰੇਦਾਰੀ ਵੀ ਕੀਤੀ, ਜਿਨ੍ਹਾਂ ‘ਤੇ ਹਮਲੇ ਹੋਣ ਦਾ ਸਭ ਤੋਂ ਵੱਧ ਖ਼ਦਸ਼ਾ ਬਣਿਆ ਹੋਇਆ ਸੀ। ਉਨ੍ਹਾਂ ਮੁਤਾਬਕ ਇਸ ਇਤਿਹਾਸਕ ਸੱਚਾਈ ਦੀ ਪੁਸ਼ਟੀ ਖੁਸ਼ਵੰਤ ਸਿੰਘ ਵਰਗੇ ਨਾਮਵਰ ਇਤਿਹਾਸਕਾਰ ਵੱਲੋਂ ਵੀ ਕੀਤੀ ਗਈ ਸੀ।

ਸੰਘ ਦੀ ਸੌ ਸਾਲਾਂ ਦੀ ਯਾਤਰਾ ‘ਤੇ ਚਾਨਣਾ ਪਾਉਂਦਿਆਂ ਜਸਟਿਸ ਜੇ.ਐੱਸ. ਖੇਹਰ ਨੇ ਸੰਗਠਨ ਦੇ ਵਿਸਥਾਰ ਪ੍ਰਤੀ ਮਾਣ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਬੇਹੱਦ ਪ੍ਰਸੰਨਤਾ ਹੁੰਦੀ ਹੈ ਕਿ ਜਿਹੜਾ ਸੰਗਠਨ ਮਹਿਜ਼ ਪੰਦਰਾਂ ਤੋਂ ਵੀਹ ਨੌਜਵਾਨਾਂ ਦੇ ਸਹਿਯੋਗ ਨਾਲ ਆਰੰਭ ਹੋਇਆ ਸੀ, ਉਹ ਅੱਜ ਵਿਸ਼ਵ ਦੇ ਸਭ ਤੋਂ ਵੱਡੇ ਸਵੈ-ਸੇਵੀ ਸੰਗਠਨਾਂ ਵਿੱਚ ਸ਼ੁਮਾਰ ਹੋ ਚੁੱਕਾ ਹੈ। ਸਮਾਗਮ ਦੇ ਅੰਤ ਵਿੱਚ ਉਨ੍ਹਾਂ ਸੰਘ ਦੀ ਕਾਰਜਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਬੀਤੀ ਇੱਕ ਸਦੀ ਵਿੱਚ ਦੌਰਾਨ ਦੇਸ਼ ਵਿੱਚ ਅਨੇਕਾਂ ਸਮਾਜਿਕ ਅਤੇ ਸਿਆਸੀ ਉਤਰਾਅ-ਚੜ੍ਹਾਅ ਆਏ, ਪਰ ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਰਾਸ਼ਟਰੀ ਸਵੈਮਸੇਵਕ ਸੰਘ ਆਪਣੇ ਮੂਲ ਸਿਧਾਂਤਾਂ ‘ਤੇ ਕਾਇਮ ਰਹਿੰਦਿਆਂ ਇੱਕ ਨਿਰੋਲ ਸੱਭਿਆਚਾਰਕ, ਸਮਾਜਿਕ ਅਤੇ ਰਾਸ਼ਟਰਵਾਦੀ ਸੰਗਠਨ ਵਜੋਂ ਵਿਚਰਦਾ ਰਿਹਾ ਹੈ।

Leave a Comment