Punjab MC Elections 2026: ਪੰਜਾਬ ‘ਚ ਬਦਲਾਅ ਸ਼ੁਰੂ! ਕੌਂਸਲਰ ਚੋਣ ਲੜ ਰਹੇ AAP ਵਿਧਾਇਕਾ ਦੇ ਪਤੀ ਦਾ ਹੀ ਨਾਮਜ਼ਦਗੀ ਪੱਤਰ ਰੱਦ
‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਪਤੀ ਨੂੰ ਵੱਡਾ ਝਟਕਾ; ਚੋਣ ਅਧਿਕਾਰੀਆਂ ਨੇ ਨਾਮਜ਼ਦਗੀ ਪੱਤਰ ਕੀਤਾ ਰੱਦ
ਵਾਰਡ ਨੰਬਰ 1 ਮਹਿਲਾ ਲਈ ਰਾਖਵਾਂ ਹੋਣ ਕਾਰਨ ਸੁਖਵਿੰਦਰ ਸਿੰਘ ਦਾ ਫਾਰਮ ਹੋਇਆ ਖਾਰਜ
ਜਗਰਾਓਂ ਨਗਰ ਕੌਂਸਲ ਚੋਣਾਂ ਦੇ ਗਰਮਾਏ ਮਾਹੌਲ ਦੌਰਾਨ ਸੱਤਾਧਾਰੀ ਪਾਰਟੀ ਲਈ ਵੱਡੀ ਨਿਰਾਸ਼ਾ
ਜਾਂਚ ਦੌਰਾਨ ਚੋਣ ਅਧਿਕਾਰੀਆਂ ਨੇ ਨਿਯਮਾਂ ਦੇ ਤਹਿਤ ਲਿਆ ਸਖ਼ਤ ਐਕਸ਼ਨ
ਲੁਧਿਆਣਾ/ਜਗਰਾਓਂ, 19 ਮਈ 2026: ਜਗਰਾਓਂ ਨਗਰ ਕੌਂਸਲ ਚੋਣਾਂ ਦੇ ਗਰਮਾਏ ਸਿਆਸੀ ਮਾਹੌਲ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ (AAP) ਲਈ ਇੱਕ ਬੇਹੱਦ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ।
ਇੱਥੇ ਹਲਕਾ ਜਗਰਾਓਂ ਤੋਂ ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਪਤੀ ਸੁਖਵਿੰਦਰ ਸਿੰਘ ਦਾ ਨਾਮਜ਼ਦਗੀ ਪੱਤਰ (Nomination Paper) ਚੋਣ ਅਧਿਕਾਰੀਆਂ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਚੋਣਾਂ ਦੇ ਇਸ ਅਹਿਮ ਮੌਕੇ ‘ਤੇ ਵਿਧਾਇਕਾ ਦੇ ਪਰਿਵਾਰ ਅਤੇ ਪਾਰਟੀ ਲਈ ਇਸ ਨੂੰ ਇੱਕ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਪਤੀ ਸੁਖਵਿੰਦਰ ਸਿੰਘ ਬਿੱਲਾ ਨੇ ਜਗਰਾਓਂ ਨਗਰ ਕੌਂਸਲ ਦੇ ਵਾਰਡ ਨੰਬਰ-1 ਤੋਂ ਕੌਂਸਲਰ ਦੀ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਫਾਰਮ ਦਾਖ਼ਲ ਕੀਤਾ ਸੀ।
ਪਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ (ਸਕ੍ਰੂਟਨੀ) ਦੌਰਾਨ ਇਹ ਵੱਡੀ ਗ਼ਲਤੀ ਸਾਹਮਣੇ ਆਈ ਕਿ ਉਕਤ ਵਾਰਡ ਨੰਬਰ-1 ਮਹਿਲਾ ਉਮੀਦਵਾਰ ਲਈ ਰਾਖਵਾਂ (Reserved for Women) ਹੈ।

ਕਾਨੂੰਨੀ ਨਿਯਮਾਂ ਅਤੇ ਰਾਖਵੇਂਕਰਨ ਦੀਆਂ ਸ਼ਰਤਾਂ ਦੇ ਤਹਿਤ, ਚੋਣ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੁਖਵਿੰਦਰ ਸਿੰਘ ਦਾ ਫਾਰਮ ਰੱਦ ਕਰ ਦਿੱਤਾ ਗਿਆ।
ਵਿਧਾਇਕਾ ਦੇ ਪਤੀ ਦਾ ਫਾਰਮ ਰੱਦ ਹੋਣ ਤੋਂ ਬਾਅਦ ਜਗਰਾਓਂ ਸਮੇਤ ਪੂਰੇ ਲੁਧਿਆਣਾ ਜ਼ਿਲ੍ਹੇ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ‘ਤੇ ਸੱਤਾਧਾਰੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਦਕਿ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਵਿੱਚ ਇਸ ਫੈਸਲੇ ਤੋਂ ਬਾਅਦ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰਡ ਵਿੱਚ ‘ਆਪ’ ਹਾਈਕਮਾਂਡ ਵੱਲੋਂ ਅਗਲੀ ਰਣਨੀਤੀ ਕੀ ਤੈਅ ਕੀਤੀ ਜਾਂਦੀ ਹੈ?






