ਚਿੰਤਾਜਨਕ: ਪੰਜਾਬੀ ਭਾਸ਼ਾ ਦੀ ਪ੍ਰੀਖਿਆ ‘ਚ 42% ਉਮੀਦਵਾਰ ਫ਼ੇਲ੍ਹ
ਮਾਝਾ ਪਛੜਿਆ, ਮਾਲਵੇ ਦੇ ਨੌਜਵਾਨਾਂ ਨੇ ਮਾਰੀ ਬਾਜ਼ੀ
ਚੰਡੀਗੜ੍ਹ 28 ਅਪ੍ਰੈਲ 2026: ਪੰਜਾਬ ਵਿੱਚ ਸਰਕਾਰੀ ਨੌਕਰੀਆਂ ਲਈ ਪੰਜਾਬੀ ਭਾਸ਼ਾ ਦੀ ਲਾਜ਼ਮੀ ਪ੍ਰੀਖਿਆ ਦੇ ਨਤੀਜਿਆਂ ਨੇ ਰਾਜ ਦੀ ਸਿੱਖਿਆ ਪ੍ਰਣਾਲੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਅਧੀਨ ਸੇਵਾਵਾਂ ਚੋਣ ਬੋਰਡ (SSSB) ਵੱਲੋਂ ਗਰੁੱਪ-ਡੀ ਦੀ ਭਰਤੀ ਲਈ ਲਈ ਗਈ ਪ੍ਰੀਖਿਆ ਵਿੱਚ 42 ਫ਼ੀਸਦੀ ਉਮੀਦਵਾਰ ਮਾਂ-ਬੋਲੀ ਪੰਜਾਬੀ ਦੇ ਪੇਪਰ ਵਿੱਚੋਂ ਹੀ ਫ਼ੇਲ੍ਹ ਹੋ ਗਏ ਹਨ।
ਪ੍ਰੀਖਿਆ ਦੇ ਅਹਿਮ ਅੰਕੜੇ
ਸੇਵਾਦਾਰ, ਚੌਕੀਦਾਰ ਅਤੇ ਸਵੀਪਰ (ਯੋਗਤਾ ਦਸਵੀਂ ਪੱਧਰ ਦੀ ਸੀ) ਦੇ ਅਹੁਦੇ ਲਈ, ਕੁੱਲ ਉਮੀਦਵਾਰ 1.25 ਲੱਖ (ਅਪਲਾਈ ਕਰਨ ਵਾਲੇ) ਹਾਜ਼ਰ ਉਮੀਦਵਾਰ 78159, ਫ਼ੇਲ੍ਹ ਹੋਣ ਵਾਲੇ ਉਮੀਦਵਾਰ 32737 (42%)।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਬਹੁਤੇ ਉਮੀਦਵਾਰ ਗਰੈਜੂਏਟ ਜਾਂ ਉੱਚ ਵਿੱਦਿਆ ਪ੍ਰਾਪਤ ਸਨ, ਫਿਰ ਵੀ ਉਹ ਦਸਵੀਂ ਪੱਧਰ ਦੀ ਪੰਜਾਬੀ ਪਾਸ ਨਹੀਂ ਕਰ ਸਕੇ।
ਨਤੀਜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਮਾਝਾ ਖਿੱਤੇ ਦੇ ਜ਼ਿਲ੍ਹਿਆਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਸਭ ਤੋਂ ਨਾਜ਼ੁਕ ਹੈ।
ਪਠਾਨਕੋਟ ਵਿੱਚ ਸਭ ਤੋਂ ਵੱਧ 65% ਉਮੀਦਵਾਰ ਫ਼ੇਲ੍ਹ, ਤਰਨ ਤਾਰਨ ਵਿੱਚ 59% ਉਮੀਦਵਾਰ ਅਸਫ਼ਲ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਕ੍ਰਮਵਾਰ 54% ਅਤੇ 53% ਫ਼ੇਲ੍ਹ, ਇਸ ਦੇ ਉਲਟ ਮਾਲਵਾ ਖਿੱਤੇ ਵਿੱਚ ਪਾਸ ਹੋਣ ਦੀ ਦਰ ਕਾਫ਼ੀ ਉੱਚੀ ਰਹੀ ਹੈ।
ਮਾਨਸਾ ਵਿੱਚ ਸਭ ਤੋਂ ਘੱਟ 34% ਫ਼ੇਲ੍ਹ (ਸਭ ਤੋਂ ਵਧੀਆ ਨਤੀਜਾ)। ਬਠਿੰਡਾ ਤੇ ਬਰਨਾਲਾ ਵਿੱਚ ਕ੍ਰਮਵਾਰ 35% ਅਤੇ 36% ਉਮੀਦਵਾਰ ਫ਼ੇਲ੍ਹ ਰਹੇ।
ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੇ 40% ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜ਼ਿਲ੍ਹੇ ਰੂਪਨਗਰ ਦੇ 45% ਉਮੀਦਵਾਰ ਪੰਜਾਬੀ ਵਿੱਚੋਂ ਫ਼ੇਲ੍ਹ ਹੋ ਗਏ ਹਨ। ਦੂਜੇ ਪਾਸੇ, ਬਾਹਰਲੇ ਸੂਬਿਆਂ ਦੇ 2079 ਉਮੀਦਵਾਰਾਂ ਵਿੱਚੋਂ 1202 ਨੇ ਪੰਜਾਬੀ ਦਾ ਪੇਪਰ ਪਾਸ ਕਰਕੇ ਹੈਰਾਨ ਕਰ ਦਿੱਤਾ ਹੈ।
ਭਾਸ਼ਾ ਵਿਗਿਆਨੀ ਪ੍ਰੋ. ਬੂਟਾ ਸਿੰਘ ਬਰਾੜ ਅਨੁਸਾਰ ਇਸ ਨਿਘਾਰ ਦੀ ਅਸਲ ਵਜ੍ਹਾ ਪ੍ਰਾਇਮਰੀ ਪੱਧਰ ਦੀ ਸਿੱਖਿਆ ਵਿੱਚ ਆਈਆਂ ਕਮੀਆਂ ਹਨ। ਨਿੱਜੀ ਸਕੂਲਾਂ ਵਿੱਚ ਹਿੰਦੀ ਅਤੇ ਅੰਗਰੇਜ਼ੀ ‘ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਸ ਕਾਰਨ ਬੱਚਿਆਂ ਦੀ ਮਾਂ-ਬੋਲੀ ‘ਤੇ ਪਕੜ ਕਮਜ਼ੋਰ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਲਵਾ ਹਮੇਸ਼ਾ ਤੋਂ ਭਾਸ਼ਾਈ ਤੌਰ ‘ਤੇ ਅਮੀਰ ਰਿਹਾ ਹੈ, ਜਦਕਿ ਦੋਆਬੇ ਅਤੇ ਮਾਝੇ ਵਿੱਚ ਪਰਵਾਸ ਕਾਰਨ ਭਾਸ਼ਾ ਪ੍ਰਤੀ ਰੁਝਾਨ ਘਟਿਆ ਹੈ।
ਇਹ ਨਤੀਜੇ ਸਰਕਾਰ ਅਤੇ ਸਿੱਖਿਆ ਵਿਭਾਗ ਲਈ ਇੱਕ ਚੇਤਾਵਨੀ ਹਨ ਕਿ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਦੇ ਵਿਚਕਾਰ ਮਾਂ-ਬੋਲੀ ਪੰਜਾਬੀ ਦੀ ਹਾਲਤ ਸੁਧਾਰਨ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। Punjabi Tribune






