Join WhatsApp

Join Now

ਆਦਰਸ਼ ਸਕੂਲ ‘ਚ ਪ੍ਰਿੰਸੀਪਲ ਦੀ ਕਥਿਤ ਦਾਦਾਗਿਰੀ; 11ਵੀਂ ਦੇ ਵਿਦਿਆਰਥੀ ਨੂੰ ਪੇਪਰ ‘ਚ ਬੈਠਣ ਤੋਂ ਰੋਕਿਆ, DEO ਦੇ ਦਖ਼ਲ ਤੋਂ ਬਾਅਦ ਮਿਲਿਆ ਇਨਸਾਫ਼

On: ਸਤੰਬਰ 16, 2026 10:10 ਪੂਃ ਦੁਃ

 

ਆਦਰਸ਼ ਸਕੂਲ ‘ਚ ਪ੍ਰਿੰਸੀਪਲ ਦੀ ਕਥਿਤ ਦਾਦਾਗਿਰੀ; 11ਵੀਂ ਦੇ ਵਿਦਿਆਰਥੀ ਨੂੰ ਪੇਪਰ ‘ਚ ਬੈਠਣ ਤੋਂ ਰੋਕਿਆ, DEO ਦੇ ਦਖ਼ਲ ਤੋਂ ਬਾਅਦ ਮਿਲਿਆ ਇਨਸਾਫ਼

ਬਰਨਾਲਾ ‘ਚ ਸਿੱਖਿਆ ਪ੍ਰਬੰਧਾਂ ‘ਤੇ ਉੱਠੇ ਸਵਾਲ: ਮਾਮੂਲੀ ਤਕਰਾਰ ਮਗਰੋਂ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਪ੍ਰੀਖਿਆ ਤੋਂ ਕੀਤਾ ਵਾਂਝਾ

ਪਰਿਵਾਰ ਕਰਦਾ ਰਿਹਾ ਮਿੰਨਤਾਂ, ਅਧਿਆਪਕ ਵੀ ਨਿੱਤਰਿਆ ਹੱਕ ‘ਚ; ਸਿੱਖਿਆ ਅਫ਼ਸਰ ਦੇ ਹੁਕਮਾਂ ਤੋਂ ਬਾਅਦ ਹਰਮਨ ਦੇਵੇਗਾ ਅਗਲੇ ਪੇਪਰ

ਛੇ ਮਹੀਨਿਆਂ ‘ਚ ਦੂਜੀ ਘਟਨਾ: ਆਦਰਸ਼ ਸਕੂਲ ਕਾਲੇਕੇ ‘ਚ ਪ੍ਰਿੰਸੀਪਲ ਦੀ ਕਾਰਵਾਈ ਨਾਲ ਮਾਪਿਆਂ ‘ਚ ਰੋਸ, DEO ਨੇ ਲਿਆ ਗੰਭੀਰ ਨੋਟਿਸ

ਬਰਨਾਲਾ, 16 ਸਤੰਬਰ 2026- ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ‘ਸਿੱਖਿਆ ਕ੍ਰਾਂਤੀ’ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਹਕੀਕਤ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਸਥਿਤ ਆਦਰਸ਼ ਸਕੂਲ ਵਿਖੇ ਪ੍ਰਿੰਸੀਪਲ ਦੀ ਕਥਿਤ ਅੜਬਾਈ ਅਤੇ ਜ਼ਿੱਦੀ ਰਵੱਈਏ ਕਾਰਨ ਗਿਆਰਵੀਂ ਜਮਾਤ ਦੇ ਇੱਕ ਹੋਣਹਾਰ ਵਿਦਿਆਰਥੀ ਨੂੰ ਪ੍ਰੀਖਿਆ ਵਿੱਚ ਬੈਠਣ ਤੋਂ ਰੋਕਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਦੇ ਅੰਦਰ ਇਸੇ ਸਕੂਲ ਵਿੱਚ ਅਜਿਹੀ ਇਹ ਦੂਜੀ ਘਟਨਾ ਵਾਪਰੀ ਹੈ, ਜਿਸ ਨਾਲ ਸਰਕਾਰੀ ਸਿੱਖਿਆ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਰਵੱਈਏ ’ਤੇ ਵੱਡੇ ਸਵਾਲੀਆ ਨਿਸ਼ਾਨ ਲੱਗ ਗਏ ਹਨ।

ਪੀੜਤ ਵਿਦਿਆਰਥੀ ਹਰਮਨ ਸਿੰਘ (ਵਾਸੀ ਧਨੌਲਾ) ਦੀ ਮਾਤਾ ਪ੍ਰੀਆ ਰਾਣੀ ਅਤੇ ਚਾਚਾ ਬਲਜੀਤ ਸਿੰਘ ਨੇ ਦੱਸਿਆ ਕਿ 8 ਸਤੰਬਰ ਨੂੰ ਸਕੂਲ ਵਿੱਚ ਇੱਕ ਬਹੁਤ ਹੀ ਮਾਮੂਲੀ ਘਟਨਾ ਵਾਪਰੀ ਸੀ। ਇਸੇ ਘਟਨਾ ਨੂੰ ਆਧਾਰ ਬਣਾ ਕੇ ਸਕੂਲ ਦੇ ਪ੍ਰਿੰਸੀਪਲ ਸੰਦੇਸ਼ ਸਿੰਗਲਾ ਨੇ 9 ਸਤੰਬਰ ਨੂੰ 11ਵੀਂ ਜਮਾਤ ਦੇ ਪਹਿਲੇ ਹਿਸਟਰੀ (ਇਤਿਹਾਸ) ਦੇ ਪੇਪਰ ਅਤੇ 11 ਸਤੰਬਰ ਨੂੰ ਦੂਜੇ ਅੰਗਰੇਜ਼ੀ ਦੇ ਪੇਪਰ ਵਿੱਚ ਬੱਚੇ ਨੂੰ ਬੈਠਣ ਨਹੀਂ ਦਿੱਤਾ। ਪਰਿਵਾਰ ਅਨੁਸਾਰ ਉਹ ਸਕੂਲ ਪ੍ਰਬੰਧਕ ਕਮੇਟੀ, ਕਲਾਸ ਇੰਚਾਰਜ ਅਰੁਣ ਕੁਮਾਰ ਅਤੇ ਪ੍ਰਿੰਸੀਪਲ ਅੱਗੇ ਹੱਥ ਜੋੜ ਕੇ ਮਿੰਨਤਾਂ ਕਰਦੇ ਰਹੇ ਕਿ ਜੇਕਰ ਬੱਚੇ ਤੋਂ ਅਣਜਾਣੇ ਵਿੱਚ ਕੋਈ ਗਲਤੀ ਹੋਈ ਵੀ ਹੈ ਤਾਂ ਉਸ ਦਾ ਭਵਿੱਖ ਦੇਖਦਿਆਂ ਮਾਫ਼ ਕੀਤਾ ਜਾਵੇ। ਪਰ ਪ੍ਰਿੰਸੀਪਲ ਨੇ ਆਪਣੀ ਜ਼ਿੱਦ ਪਗਾਉਂਦਿਆਂ ਬੱਚੇ ਨੂੰ ਸਕੂਲ ਵਿੱਚੋਂ ਬਾਹਰ ਕੱਢਣ ਦੀ ਧਮਕੀ ਤੱਕ ਦੇ ਦਿੱਤੀ।

ਇਸ ਪੂਰੇ ਮਾਮਲੇ ਵਿੱਚ ਇੱਕ ਰੋਚਕ ਮੋੜ ਉਦੋਂ ਆਇਆ ਜਦੋਂ ਕਲਾਸ ਇੰਚਾਰਜ ਅਧਿਆਪਕ ਅਰੁਣ ਕੁਮਾਰ ਨੇ ਲਾਈਵ ਗੱਲਬਾਤ ਦੌਰਾਨ ਨਿਡਰਤਾ ਨਾਲ ਵਿਦਿਆਰਥੀ ਹਰਮਨ ਦਾ ਪੱਖ ਪੂਰਿਆ। ਅਧਿਆਪਕ ਨੇ ਸਪੱਸ਼ਟ ਕੀਤਾ ਕਿ ਪਿਛਲੇ ਪੰਜ ਸਾਲਾਂ ਦੇ ਰਿਕਾਰਡ ਵਿੱਚ ਬੱਚੇ ਦਾ ਆਚਰਣ ਬਿਲਕੁਲ ਸਾਫ਼ ਰਿਹਾ ਹੈ ਅਤੇ ਉਸ ਨੇ ਕੋਈ ਅਜਿਹੀ ਗੰਭੀਰ ਗਲਤੀ ਨਹੀਂ ਕੀਤੀ ਜਿਸ ਦੀ ਸਜ਼ਾ ਵਜੋਂ ਉਸ ਦਾ ਸ਼ਾਨਦਾਰ ਭਵਿੱਖ ਖ਼ਰਾਬ ਕੀਤਾ ਜਾਵੇ। ਇੱਥੋਂ ਤੱਕ ਕਿ ਦੂਜੇ ਧਿਰ ਦੇ ਵਿਦਿਆਰਥੀ ਅਨਮੋਲ ਅਤੇ ਉਸ ਦੇ ਪਰਿਵਾਰ ਨੇ ਵੀ ਪ੍ਰਿੰਸੀਪਲ ਨੂੰ ਅਪੀਲ ਕੀਤੀ ਸੀ ਕਿ ਹਰਮਨ ਨੂੰ ਪੇਪਰ ਵਿੱਚ ਬੈਠਣ ਦਿੱਤਾ ਜਾਵੇ।

ਦੂਜੇ ਪਾਸੇ, ਪ੍ਰਿੰਸੀਪਲ ਸੰਦੇਸ਼ ਸਿੰਗਲਾ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਕਤ ਵਿਦਿਆਰਥੀ ਸਕੂਲ ਤੋਂ ਬਾਹਰੀ ਵਿਅਕਤੀਆਂ ਨੂੰ ਨਾਲ ਲੈ ਕੇ ਆਇਆ ਸੀ, ਜੋ ਕਿਸੇ ਹੋਰ ਬੱਚੇ ਨਾਲ ਮਾਰਕੁੱਟ ਕਰਨ ਦੀ ਨੀਅਤ ਨਾਲ ਪਹੁੰਚੇ ਸਨ। ਉਨ੍ਹਾਂ ਅਨੁਸਾਰ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਉਸੇ ਆਧਾਰ ‘ਤੇ ਹੀ ਕਾਰਵਾਈ ਕੀਤੀ ਗਈ ਹੈ। ਹਾਲਾਂਕਿ, ਜਿਸ ਨੂੰ ਪ੍ਰਿੰਸੀਪਲ ਬਾਹਰੀ ਵਿਅਕਤੀ ਗਰਦਾਨ ਰਹੇ ਹਨ, ਉਹ ਹਰਮਨ ਦਾ ਸਕਾ ਚਾਚਾ ਹੀ ਸੀ, ਜਿਸ ਦੀ ਤਸਦੀਕ ਸਕੂਲ ਦੇ ਹੋਰ ਅਧਿਆਪਕਾਂ ਨੇ ਵੀ ਕੀਤੀ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਖ਼ਲ ਤੋਂ ਬਾਅਦ ਮਿਲਿਆ ਇਨਸਾਫ਼

ਜਦੋਂ ਪੀੜਤ ਪਰਿਵਾਰ ਇਨਸਾਫ਼ ਦੀ ਗੁਹਾਰ ਲੈ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਪਹੁੰਚਿਆ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ (DEO) ਸੁਨੀਤਇੰਦਰ ਸਿੰਘ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਮਝਦਿਆਂ ਤੁਰੰਤ ਗੰਭੀਰ ਨੋਟਿਸ ਲਿਆ। ਉਨ੍ਹਾਂ ਪ੍ਰਿੰਸੀਪਲ ਨੂੰ ਸਖ਼ਤ ਹੁਕਮ ਜਾਰੀ ਕੀਤੇ ਕਿ 16 ਸਤੰਬਰ ਨੂੰ ਹੋਣ ਵਾਲੇ ਅਗਲੇ ਪ੍ਰੀਖਿਆ ਵਿੱਚ ਹਰਮਨ ਸਿੰਘ ਨੂੰ ਹਰ ਹਾਲਤ ਵਿੱਚ ਬਿਠਾਇਆ ਜਾਵੇ। ਇਸ ਤੋਂ ਇਲਾਵਾ, ਡੀ.ਈ.ਓ. ਨੇ ਇਹ ਵੀ ਯਕੀਨੀ ਬਣਾਇਆ ਕਿ ਜੋ ਦੋ ਪ੍ਰੀਖਿਆਵਾਂ ਛੁੱਟ ਗਈਆਂ ਹਨ, ਉਹ ਵੀ ਬਾਅਦ ਵਿੱਚ ਦੁਬਾਰਾ ਲਈਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਦਾ ਪੂਰਾ ਸਾਲ ਖ਼ਰਾਬ ਹੋਣ ਤੋਂ ਬਚ ਸਕੇ। ਡੀ.ਈ.ਓ. ਦੇ ਇਸ ਫੈਸਲੇ ਨਾਲ ਪੀੜਤ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ। jagran

 

Leave a Comment