Join WhatsApp

Join Now

ਆਂਗਣਵਾੜੀ ਵਰਕਰਾਂ ਨੇ CM ਮਾਨ ਨੂੰ ‘ਲੋਕ ਮਿਲਣੀ’ ਦੌਰਾਨ ਸੌਂਪਿਆ ਮੰਗ ਪੱਤਰ, ਮਾਣ-ਭੱਤਾ ਦੁਗਣਾ ਕਰਨ ਦੀ ਮੰਗ

On: ਸਤੰਬਰ 21, 2026 10:23 ਬਾਃ ਦੁਃ

 

ਆਂਗਣਵਾੜੀ ਵਰਕਰਾਂ ਨੇ CM ਮਾਨ ਨੂੰ ‘ਲੋਕ ਮਿਲਣੀ’ ਦੌਰਾਨ ਸੌਂਪਿਆ ਮੰਗ ਪੱਤਰ, ਮਾਣ-ਭੱਤਾ ਦੁਗਣਾ ਕਰਨ ਦੀ ਮੰਗ

ਪਿੰਡ ਸਹਿੰਸਰਾ ਪਹੁੰਚੇ CM ਮਾਨ: ਆਂਗਣਵਾੜੀ ਯੂਨੀਅਨ ਨੇ ਚੇਤਾਵਨੀ ਦਿੰਦਿਆਂ ਕਿਹਾ- ‘ਵਾਅਦਾ ਪੂਰਾ ਕਰੋ, ਨਹੀਂ ਤਾਂ ਅਕਤੂਬਰ ‘ਚ ਸੰਗਰੂਰ ਘੇਰਾਂਗੇ’

ਆਂਗਣਵਾੜੀ ਵਰਕਰਾਂ ਦੀ ਚੋਣ ਮੈਨੀਫੈਸਟੋ ਦੇ ਵਾਅਦੇ ਅਮਲ ਵਿੱਚ ਲਿਆਉਣ ਦੀ ਮੰਗ; 29 ਸਤੰਬਰ ਦੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਸਿੱਧੀ ਗੱਲਬਾਤ ਦੀ ਮੰਗ

ਅੰਮ੍ਰਿਤਸਰ, 21 ਸਤੰਬਰ 2026: ਅੱਜ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਪਿੰਡ ਸਹਿੰਸਰਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ‘ਲੋਕ ਮਿਲਣੀ’ ਦੌਰੇ ਤਹਿਤ ਪਹੁੰਚੇ। ਇਸ ਮੌਕੇ ਸਰਵ ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਦੀ ਬਲਾਕ ਹਰਸ਼ਾ ਛੀਨਾ ਦੀ ਮੀਤ ਪ੍ਰਧਾਨ ਸੀਮਾ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਜਦੋਂ ਯੂਨੀਅਨ ਆਗੂ ਨੇ ਮੁੱਖ ਮੰਤਰੀ ਨਾਲ ਸਿੱਧੀ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਣ ਦੀ ਕੋਸ਼ਿਸ਼ ਕੀਤੀ, ਤਾਂ ਮੁੱਖ ਮੰਤਰੀ ਨੇ ਆਪਣੇ ਨੁਮਾਇੰਦੇ ਨੂੰ ਭੇਜ ਕੇ ਯੂਨੀਅਨ ਦਾ ਮੰਗ ਪੱਤਰ ਪ੍ਰਾਪਤ ਕੀਤਾ।

ਯੂਨੀਅਨ ਆਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਸਤੰਬਰ 2026 (ਦਿਨ ਸ਼ਨੀਵਾਰ) ਨੂੰ ਪੂਰੇ ਪੰਜਾਬ ਵਿੱਚ ਮੰਤਰੀਆਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਘਰਾਂ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ ਸਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਤੋਂ ਬਾਅਦ ਡਿਪਟੀ ਕਮਿਸ਼ਨਰ (DC) ਅੰਮ੍ਰਿਤਸਰ ਵੱਲੋਂ ਇੱਕ ਲਿਖਤੀ ਪੱਤਰ ਸੌਂਪਿਆ ਗਿਆ, ਜਿਸ ਵਿੱਚ 29 ਸਤੰਬਰ 2026 ਨੂੰ ਦੁਪਹਿਰ 12 ਵਜੇ ਵਿੱਤ ਮੰਤਰੀ ਦੇ ਕਮਰੇ ਵਿੱਚ ਸਬ-ਕਮੇਟੀ ਨਾਲ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਹੈ।

“ਲਾਰੇਬਾਜ਼ੀ ਛੱਡ ਕੇ ਮੁੱਖ ਮੰਤਰੀ ਸਿੱਧੀ ਮੀਟਿੰਗ ਕਰਨ”

ਸਰਵ ਆਂਗਣਵਾੜੀ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਦਾ ਕਹਿਣਾ ਹੈ ਕਿ ਹਾਲਾਂਕਿ ਉਹ 29 ਸਤੰਬਰ ਨੂੰ ਸਬ-ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਣਗੇ, ਪਰ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਦੀ ਮੀਟਿੰਗ ਸਿੱਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਰਵਾਈ ਜਾਵੇ। ਮੈਡਮ ਛੀਨਾ ਨੇ ਯਾਦ ਕਰਵਾਇਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਗਿੱਲ ਫਾਰਮ ਵਿਖੇ CM ਭਗਵੰਤ ਮਾਨ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਖ਼ਾਸ ਬੈਠਕ ਕੀਤੀ ਸੀ। ਉਸ ਸਮੇਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ-ਭੱਤਾ ਦੁਗਣਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਘੱਟੋ-ਘੱਟ ਉਜਰਤ (ਮਿਨੀਮਮ ਵੇਜਿਜ਼) ਦੇ ਅਧੀਨ ਲਿਆਂਦਾ ਜਾਵੇਗਾ।

ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਇਹ ਵਾਅਦਾ ਦਰਜ ਕੀਤਾ ਸੀ। ਮੈਡਮ ਛੀਨਾ ਨੇ ਰੋਸ ਪ੍ਰਗਟਾਇਆ ਕਿ ਸਰਕਾਰ ਦੇ ਗਠਨ ਨੂੰ ਲਗਭਗ ਸਾਢੇ ਚਾਰ ਸਾਲ ਦਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ। ਮੁੱਖ ਮੰਤਰੀ ਅਕਸਰ ਜਨਤਕ ਮੰਚਾਂ ਤੋਂ ਕਹਿੰਦੇ ਹਨ ਕਿ “ਧਰਨੇ-ਪ੍ਰਦਰਸ਼ਨ ਛੱਡ ਕੇ ਸਿੱਧੇ ਮੇਰੇ ਕੋਲੋਂ ਮੀਟਿੰਗ ਦਾ ਸਮਾਂ ਲਓ।” ਮੀਤ ਪ੍ਰਧਾਨ ਸੀਮਾ ਸ਼ਰਮਾ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਦੇ ਕਥਨ ਅਨੁਸਾਰ ਹੀ ਉਨ੍ਹਾਂ ਦੀ ‘ਲੋਕ ਮਿਲਣੀ’ ਵਿੱਚ ਜਾ ਕੇ ਮੰਗ ਪੱਤਰ ਸੌਂਪਿਆ ਗਿਆ ਹੈ।

ਸਰਵ ਆਂਗਣਵਾੜੀ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੇ ਪ੍ਰਦਰਸ਼ਨਾਂ, ਮੰਗਾਂ ਅਤੇ ਸੌਂਪੇ ਗਏ ਮੰਗ ਪੱਤਰ ਨੂੰ ਅਣਗੋਲਿਆ ਕੀਤਾ, ਤਾਂ ਅਕਤੂਬਰ ਦੇ ਪਹਿਲੇ ਹਫ਼ਤੇ ਪੂਰੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਇੱਕ-ਮੁੱਠ ਹੋ ਕੇ ਮੁੱਖ ਮੰਤਰੀ ਦੇ ਨਿਜ ਜ਼ਿਲ੍ਹੇ ਸੰਗਰੂਰ ਅਧੀਨ ਆਉਂਦੇ ਹਲਕਾ ਧੂਰੀ ਵਿਖੇ ਸੂਬਾ ਪੱਧਰੀ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨਗੀਆਂ। ਯੂਨੀਅਨ ਅਨੁਸਾਰ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਤਣਾਅ ਜਾਂ ਨੁਕਸਾਨ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋਵੇਗੀ।

 

Leave a Comment