BBMB Big Alert: ਭਾਖੜਾ ਡੈਮ ‘ਚ ਵਧਿਆ ਪਾਣੀ ਦਾ ਪੱਧਰ; 8000 ਕਿਊਸਿਕ ਪਾਣੀ ਛੱਡਿਆ
BBMB Big Alert: ਡੈਮ ‘ਚ ਪਾਣੀ ਦਾ ਪੱਧਰ 1573 ਫੁੱਟ ਤੋਂ ਪਾਰ; ਪਹਾੜਾਂ ‘ਚ ਪਿਘਲੀ ਬਰਫ਼, ਗੋਬਿੰਦ ਸਾਗਰ ਝੀਲ ‘ਚ ਵਧਿਆ ਵਹਾਅ; 8000 ਕਿਊਸਿਕ ਪਾਣੀ ਛੱਡਿਆ; ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ
ਨੰਗਲ/ਭਾਖੜਾ ਡੈਮ, 17 ਜੂਨ 2026
BBMB Big Alert! ਪਹਾੜੀ ਇਲਾਕਿਆਂ ਵਿੱਚ ਪੈ ਰਹੀ ਭਿਆਨਕ ਗਰਮੀ ਦਾ ਸਿੱਧਾ ਅਸਰ ਹੁਣ ਡੈਮਾਂ ਦੇ ਪਾਣੀ ਦੇ ਪੱਧਰ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ਵਿੱਚ ਤੇਜ਼ ਗਰਮੀ ਕਾਰਨ ਬਰਫ਼ ਬਹੁਤ ਤੇਜ਼ੀ ਨਾਲ ਪਿਘਲ ਰਹੀ ਹੈ, ਜਿਸ ਕਾਰਨ ਭਾਖੜਾ ਡੈਮ ਦੇ ਪਿੱਛੇ ਸਥਿਤ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਵਹਾਅ ਲਗਾਤਾਰ ਵਧ ਰਿਹਾ ਹੈ।
PTC ਦੀ ਰਿਪੋਰਟ ਅਨੁਸਾਰ, ਪਾਣੀ ਦੀ ਇਸ ਭਾਰੀ ਆਮਦ ਦੇ ਚਲਦਿਆਂ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵਧ ਕੇ 1573.56 ਫੁੱਟ ਤੱਕ ਪਹੁੰਚ ਗਿਆ ਹੈ, ਜੋ ਕਿ ਅੱਜ ਸਵੇਰੇ 6 ਵਜੇ ਦਰਜ ਕੀਤਾ ਗਿਆ। ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਅਤੇ ਸਥਿਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਭਾਖੜਾ ਬੀਬੀਐਮਬੀ (BBMB) ਪ੍ਰਸ਼ਾਸਨ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਪਾਣੀ ਦੇ ਵਧਦੇ ਗ੍ਰਾਫ਼ ਨੂੰ ਦੇਖਦੇ ਹੋਏ ਅੱਜ ਸਵੇਰੇ ਭਾਖੜਾ ਡੈਮ ਤੋਂ 8000 ਕਿਊਸਿਕ ਪਾਣੀ ਅੱਗੇ ਛੱਡਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਪਾਣੀ ਦੀ ਆਮਦ ਅਤੇ ਡੈਮ ਦੇ ਫਲੱਡ ਗੇਟਾਂ ਦੀ ਸਥਿਤੀ ‘ਤੇ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ। ਮਾਹਰਾਂ ਮੁਤਾਬਕ ਜੇਕਰ ਪਹਾੜਾਂ ਵਿੱਚ ਗਰਮੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਵਹਾਅ ਹੋਰ ਤੇਜ਼ ਹੋ ਸਕਦਾ ਹੈ।
ਬਿਜਲੀ ਅਤੇ ਪਾਣੀ ਦੀ ਮੰਗ ਵਿੱਚ ਹੋਇਆ ਕਾਫ਼ੀ ਵਾਧਾ
ਇਸ ਸੀਜ਼ਨ ਵਿੱਚ ਬਿਜਲੀ ਅਤੇ ਪਾਣੀ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਮੀਂਹ ਤੇ ਨਮੀ ਦੇ ਵਿਚਕਾਰ ਪੰਜਾਬ ਵਿੱਚ ਬਿਜਲੀ ਦੀ ਮੰਗ 13,036 ਮੈਗਾਵਾਟ ਤੱਕ ਪਹੁੰਚ ਗਈ। ਇਹ ਸਥਿਤੀ ਸੋਮਵਾਰ ਸ਼ਾਮ 5:45 ਵਜੇ ਦੇ ਕਰੀਬ ਬਣੀ ਰਹੀ। ਰਾਤ 8 ਵਜੇ ਤੋਂ ਬਾਅਦ, ਮੰਗ ਘੱਟ ਕੇ ਲਗਭਗ 12,000 ਮੈਗਾਵਾਟ ਰਹਿ ਗਈ। ਇਸ ਸਮੇਂ ਦੌਰਾਨ, ਸੂਬੇ ਨੂੰ ਆਪਣੇ ਸਰੋਤਾਂ ਤੋਂ ਲਗਭਗ 5,200 ਮੈਗਾਵਾਟ ਅਤੇ ਕੇਂਦਰ ਸਰਕਾਰ ਤੋਂ ਲਗਭਗ 7,700 ਮੈਗਾਵਾਟ ਪ੍ਰਾਪਤ ਹੋਇਆ।

ਪੰਜਾਬ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ, BBMB ਪ੍ਰਸ਼ਾਸਨ ਨੇ ਭਾਖੜਾ ਡੈਮ ‘ਤੇ ਸਾਰੀਆਂ ਟਰਬਾਈਨਾਂ ਨੂੰ ਸਰਗਰਮ ਕਰ ਦਿੱਤਾ ਹੈ। ਇਸ ਨਾਲ ਬਿਜਲੀ ਉਤਪਾਦਨ ਵਿੱਚ ਵਾਧਾ ਹੋਇਆ ਹੈ ਅਤੇ ਇਹ ਸੂਬੇ ਦੀਆਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ।















