ਸਾਵਧਾਨ: Doctor ਨਾਲ 12 ਕਰੋੜ ਦੀ ਆਨਲਾਈਨ ਠੱਗੀ; Stock Market ‘ਚ ਨਿਵੇਸ਼ ਦੇ ਨਾਂ ‘ਤੇ ਲੁੱਟਿਆ
ਪੁਣੇ, 11 ਅਪ੍ਰੈਲ 2026:
ਮਹਾਰਾਸ਼ਟਰ ਦੇ ਉਦਯੋਗਿਕ ਸ਼ਹਿਰ ਪੁਣੇ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 75 ਸਾਲਾ ਇੱਕ ਡਾਕਟਰ (Doctor) ਆਨਲਾਈਨ ਸ਼ੇਅਰ ਟ੍ਰੇਡਿੰਗ (Stock Market) ਘੁਟਾਲੇ ਵਿੱਚ 12 ਕਰੋੜ ਰੁਪਏ ਤੋਂ ਵੱਧ ਦੀ ਰਕਮ ਗੁਆ ਬੈਠਾ।
ਧੋਖੇਬਾਜ਼ਾਂ ਨੇ ਡਾਕਟਰ ਨੂੰ ਕਈ ਵਾਰ ਨਿਵੇਸ਼ ਕਰਨ ਲਈ ਮਜਬੂਰ ਕੀਤਾ ਅਤੇ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਇਸ ਵੱਡੀ ਠੱਗੀ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ, ਜਨਵਰੀ ਦੇ ਆਖਰੀ ਹਫ਼ਤੇ ਵਿੱਚ ਪੀੜਤ ਡਾਕਟਰ ਨੂੰ ਇੱਕ ਅਣਪਛਾਤੇ ਨੰਬਰ ਤੋਂ ਮੈਸੇਜ ਮਿਲਿਆ ਸੀ।
ਇਸ ਮੈਸੇਜ ਵਿੱਚ ਵੱਖ-ਵੱਖ ਸ਼ੇਅਰਾਂ ਦੀ ਸੂਚੀ ਅਤੇ ਇੱਕ ਲਿੰਕ ਸੀ, ਜਿਸ ਵਿੱਚ ਨਿਵੇਸ਼ ਕਰਨ ‘ਤੇ ਭਾਰੀ ਮੁਨਾਫ਼ੇ ਦਾ ਦਾਅਵਾ ਕੀਤਾ ਗਿਆ ਸੀ। ਜਿਵੇਂ ਹੀ ਡਾਕਟਰ ਨੇ ਲਿੰਕ ‘ਤੇ ਕਲਿੱਕ ਕੀਤਾ, ਉਸਨੂੰ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕਰ ਲਿਆ ਗਿਆ।
ਨਕਲੀ ਐਕਸਪਰਟ ਅਤੇ ਫਰਜ਼ੀ ਐਪਲੀਕੇਸ਼ਨ
ਗਰੁੱਪ ਦੇ ਸੰਚਾਲਕਾਂ ਨੇ ਖੁਦ ਨੂੰ ਇੱਕ ਗਲੋਬਲ ਫਾਈਨੈਂਸ਼ੀਅਲ ਮੈਨੇਜਮੈਂਟ ਫਰਮ ਦੇ ਸੀਨੀਅਰ ਅਧਿਕਾਰੀ ਦੱਸਿਆ। ਉਨ੍ਹਾਂ ਵਿੱਚੋਂ ਇੱਕ ਨੇ ਸ਼ੇਅਰ ਬਾਜ਼ਾਰ ਦਾ ਮਾਹਰ ਹੋਣ ਦਾ ਦਾਅਵਾ ਕੀਤਾ। ਗਰੁੱਪ ਦੇ ਬਾਕੀ ਮੈਂਬਰਾਂ (ਜੋ ਕਿ ਰੈਕੇਟ ਦਾ ਹਿੱਸਾ ਸਨ) ਨੇ ਨਿਵੇਸ਼ ਤੋਂ ਹੋਏ ਭਾਰੀ ਮੁਨਾਫ਼ੇ ਦੇ ਫਰਜ਼ੀ ਮੈਸੇਜ ਪੋਸਟ ਕਰਕੇ ਡਾਕਟਰ ਦਾ ਭਰੋਸਾ ਜਿੱਤ ਲਿਆ।
ਡਾਕਟਰ (Doctor) ਨੂੰ ਇੱਕ ਅਜਿਹੀ ਟ੍ਰੇਡਿੰਗ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ ਜਿਸਦਾ ਨਾਮ ਇੱਕ ਮਸ਼ਹੂਰ ਅੰਤਰਰਾਸ਼ਟਰੀ ਕੰਪਨੀ ਨਾਲ ਮਿਲਦਾ-ਜੁਲਦਾ ਸੀ।
ਡਾਕਟਰ ਤੋਂ ਉਸਦੇ ਨਿੱਜੀ ਬੈਂਕ ਖਾਤੇ ਅਤੇ ਹੋਰ ਜਾਣਕਾਰੀ ਹਾਸਲ ਕਰਨ ਤੋਂ ਬਾਅਦ, ਉਸਨੂੰ ਪੈਸੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਲਈ ਕਿਹਾ ਗਿਆ।
11 ਦਿਨਾਂ ‘ਚ 12.3 ਕਰੋੜ ਦੀ ਠੱਗੀ/ਧਮਕੀਆਂ ਦੇ ਕੇ ਵਸੂਲੇ ਪੈਸੇ
ਡਾਕਟਰ ਨੇ 7 ਮਾਰਚ ਤੋਂ 18 ਮਾਰਚ ਦੇ ਵਿਚਕਾਰ ਕੁੱਲ 12.3 ਕਰੋੜ ਰੁਪਏ ਦਾ ਲੈਣ-ਦੇਣ ਕੀਤਾ। ਫਰਜ਼ੀ ਪਲੇਟਫਾਰਮ ‘ਤੇ ਉਸਦੇ ਨਿਵੇਸ਼ ‘ਤੇ ਬਹੁਤ ਜ਼ਿਆਦਾ ਮੁਨਾਫ਼ਾ ਦਿਖਾਇਆ ਜਾ ਰਿਹਾ ਸੀ, ਜੋ ਕਿ ਸਿਰਫ਼ ਇੱਕ ਮਨਘੜਤ ਅੰਕੜਾ ਸੀ।
ਜਦੋਂ ਡਾਕਟਰ ਨੇ ਹੋਰ ਪੈਸਾ ਨਿਵੇਸ਼ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਮੁਲਜ਼ਮਾਂ ਨੇ ਆਪਣਾ ਅਸਲੀ ਰੰਗ ਦਿਖਾਇਆ। ਉਨ੍ਹਾਂ ਨੇ ਡਾਕਟਰ ਦੀ ਜਾਇਦਾਦ ਜ਼ਬਤ ਕਰਨ ਦੀ ਧਮਕੀ ਦਿੱਤੀ ਅਤੇ ਉਸਨੂੰ ਹੋਰ ਪੈਸੇ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ।
ਆਖਰਕਾਰ ਠੱਗੀ ਦਾ ਅਹਿਸਾਸ ਹੋਣ ‘ਤੇ ਡਾਕਟਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।






