ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ; ਹਜ਼ਾਰਾਂ ਕਿਸਾਨਾਂ ਨੂੰ ਨਹੀਂ ਮਿਲਿਆ ਹੜ੍ਹਾਂ ਦਾ ਮੁਆਵਜ਼ਾ..!
ਪਟਵਾਰੀਆਂ ਤੇ ਤਹਿਸੀਲਦਾਰਾਂ ਦੀ ਧੱਕੇਸ਼ਾਹੀ ਦੇ ਖਿਲਾਫ਼ ਕਿਸਾਨਾਂ ਦਾ ਵੱਡਾ ਐਲਾਨ
ਪਟਵਾਰੀਆਂ ਤੇ ਤਹਿਸੀਲਦਾਰਾਂ ਦੇ ਚੱਕਰ ਕੱਟ ਕੇ ਥੱਕੇ ਕਿਸਾਨ; ਯੂਨੀਅਨ ਨੇ ਚੁੱਕਿਆ ਮੁੱਦਾ
“ਕਿਸਾਨਾਂ ਦਾ ਹੱਕ ਮਾਰਨ ਵਾਲੇ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ” — ਸੁਖਦੇਵ ਭੋਜਰਾਜ
ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ‘ਤੇ ਕਿਸਾਨਾਂ ‘ਚ ਰੋਸ; ਡੀ.ਸੀ. ਗੁਰਦਾਸਪੁਰ ਨੂੰ ਸੌਂਪਿਆ ਮੰਗ ਪੱਤਰ
ਕਈ ਪਿੰਡਾਂ ਦੇ ਕਿਸਾਨ ਅਜੇ ਵੀ ਮੁਆਵਜ਼ੇ ਤੋਂ ਵਾਂਝੇ; ਕਿਸਾਨ ਤੇ ਜਵਾਨ ਭਲਾਈ ਯੂਨੀਅਨ ਨੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਗੁਰਦਾਸਪੁਰ 13 ਮਾਰਚ 2026:
ਸਾਲ 2025 ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਤੋਂ ਪਰੇਸ਼ਾਨ ਕਿਸਾਨਾਂ ਨੇ ਅੱਜ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਇਆ। ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਅਦਿਤਿਆ ਉੱਪਲ ਨੂੰ ਮਿਲਿਆ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ।
100 ਫ਼ੀਸਦੀ ਨੁਕਸਾਨ ਦੇ ਬਾਵਜੂਦ ਕਿਸਾਨ ਖ਼ਾਲੀ ਹੱਥ
ਵਫ਼ਦ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕੇ ਕਲਾਨੌਰ, ਫਤੂਪੁਰ, ਗਵਾਰੇ, ਕਿਲ੍ਹਾ ਨੱਥੂ ਸਿੰਘ ਅਤੇ ਚਿਕੜੀ ਮਾਨੇਪੁਰ ਵਰਗੇ ਪਿੰਡਾਂ ਵਿੱਚ ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ 100 ਫ਼ੀਸਦੀ ਨੁਕਸਾਨ ਹੋਇਆ ਸੀ। ਸਰਕਾਰ ਵੱਲੋਂ ਐਲਾਨੀ ਗਈ 20 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਮਾਮੂਲੀ ਰਾਸ਼ੀ ਲੈਣ ਤੋਂ ਵੀ ਬਹੁਤ ਸਾਰੇ ਕਿਸਾਨ ਅਜੇ ਤੱਕ ਵਾਂਝੇ ਹਨ। ਕਿਸਾਨ ਲਗਾਤਾਰ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੇ ਚੱਕਰ ਕੱਟ ਕੇ ਥੱਕ ਚੁੱਕੇ ਹਨ, ਪਰ ਅਧਿਕਾਰੀਆਂ ਦੇ ਰਵਈਏ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੀ ਪੱਲੇ ਪੈ ਰਹੀ ਹੈ।
ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਬਹੁਤ ਸਾਰੇ ਕਿਸਾਨ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਹਾਰ ਕੇ ਘਰ ਬੈਠ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪੈਂਡਿੰਗ ਪਏ ਮੁਆਵਜ਼ੇ ਦੀ ਤੁਰੰਤ ਜਾਂਚ ਕਰਵਾ ਕੇ ਕਿਸਾਨਾਂ ਨੂੰ ਬਣਦੀ ਰਾਸ਼ੀ ਜਾਰੀ ਕੀਤੀ ਜਾਵੇ। ਜਿਨ੍ਹਾਂ ਮੁਲਾਜ਼ਮਾਂ ਜਾਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਉਨ੍ਹਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ, ਇਕਾਈ ਪ੍ਰਧਾਨ ਗੁਰਜਿੰਦਰ ਸਿੰਘ ਗਵਾਰੇ, ਟਹਿਲ ਸਿੰਘ ਮਾਨੇਪੁਰ, ਸਤਨਾਮ ਸਿੰਘ ਕਲਾਨੌਰ, ਗੁਰਦੇਵ ਸਿੰਘ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਮਸੀਹ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।






