Join WhatsApp

Join Now

Opinion: ਸਰਹੱਦੀ ਖੇਤਰ ਦੇ ਲੋਕਾਂ ਦਾ ਦਰਦ

On: ਮਾਰਚ 13, 2026 2:22 ਬਾਃ ਦੁਃ

 

ਸਰਹੱਦੀ ਖੇਤਰ ਦੇ ਲੋਕਾਂ ਦਾ ਦਰਦ

ਸਮੱਸਿਆਵਾਂ ਨਾਲ ਘਿਰਿਆ ਪੰਜਾਬ ਦੇ ਸਰਹੱਦੀ ਖੇਤਰ ਤੇ ਲੋਕਾਂ ਦਾ ਜੀਵਨ

ਡਾ. ਸਤਿੰਦਰ ਸਿੰਘ

ਪੰਜਾਬ ਦੇ 06 ਜ਼ਿਲ੍ਹੇ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਹਿੰਦ-ਪਾਕਿ ਸਰਹੱਦ ਦੇ 05 ਕਿਲੋਮੀਟਰ ਘੇਰੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਜੀਵਨ ਬੇਹੱਦ ਸੰਘਰਸ਼ਮਈ, ਚੁਨੌਤੀਪੂਰਨ, ਬਹਾਦਰੀ ਨਾਲ ਭਰਪੂਰ ਅਤੇ ਅਨੇਕਾਂ ਹੀ ਭੂਗੋਲਿਕ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਇਹ ਲੋਕ ਜਿੱਥੇ ਸਰਹੱਦਾਂ ਦੀ ਰਾਖੀ ਵਿੱਚ ਬੀ ਐਸ ਐਫ ਅਤੇ ਭਾਰਤੀ ਫੌਜ ਨੂੰ ਵੱਡਮੁੱਲਾ ਸਹਿਯੋਗ ਕਰਦੇ ਹਨ, ਉੱਥੇ ਕੁਝ ਲੋਕਾਂ ਦੀਆਂ ਗਲਤੀਆਂ ਕਾਰਨ ਇਹਨਾਂ ਤੇ ਇਲਜ਼ਾਮ ਵੀ ਲੱਗਦੇ ਹਨ ਅਤੇ ਸ਼ੱਕ ਦੀਆਂ ਨਿਗਾਂਹ ਨਾਲ ਵੀ ਦੇਖਿਆ ਜਾਂਦਾ ਹੈ। ਇਹਨਾਂ ਦੀ ਜ਼ਿੰਦਗੀ ਸਰਹੱਦ ਦੇ ਨਾਲ ਲੱਗੀ ਕੰਡਿਆਲੀ ਤਾਰ ਦੀ ਤਰ੍ਹਾਂ ਗੁੰਝਲਦਾਰ ਹੋਣ ਦੇ ਨਾਲ ਨਾਲ ਸਰਹੱਦ ਦੇ ਨਾਲ ਵਗਦੇ ਸਤਲੁਜ ਦਰਿਆ ਦੀ ਗਤੀ ਤੇ ਵੀ ਨਿਰਭਰ ਕਰਦੀ ਹੈ।

ਵਿਸ਼ਵ ਪ੍ਰਸਿੱਧ ਸ਼ਹੀਦੀ ਸਮਾਰਕ ਹੂਸੈਨੀ ਵਾਲਾ ਫਿਰੋਜ਼ਪੁਰ ਦੇ ਨਜ਼ਦੀਕ ਹਿੰਦ ਪਾਕਿ ਸਰਹੱਦ ਦੀ ਜ਼ੀਰੋ ਲਾਈਨ ਅਤੇ ਸਤਲੁਜ ਦਰਿਆ ਦੇ ਵਿਚਕਾਰ ਵਸਦੇ 14 ਪਿੰਡਾਂ ਵਿੱਚ ਪਿਛਲੇ 09 ਸਾਲ ਤੋਂ ਡਿਊਟੀ ਨਿਭਾਉਂਦਿਆਂ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਹੀ ਨੇੜਤਾ ਅਤੇ ਗਹੁ ਨਾਲ ਦੇਖਿਆ। ਸਾਲ 2017 ਵਿੱਚ ਸਿੱਖਿਆ ਵਿਭਾਗ ਵਿੱਚ ਜਦੋਂ ਬਤੌਰ ਪ੍ਰਿੰਸੀਪਲ ਤਰੱਕੀ ਮਿਲੀ ਤਾਂ ਸਮਾਜਿਕ ਜਿੰਮੇਵਾਰੀ ਸਮਝਦਿਆਂ , ਮਨ ਵਿੱਚ ਆਇਆ ਕਿ ਕੋਈ ਅਜਿਹਾ ਸਕੂਲ ਚੁਣਿਆ ਜਾਵੇ ਜਿੱਥੇ ਕੰਮ ਕਰਨ ਦਾ ਦਾਇਰਾ ਵੱਡਾ ਹੋਵੇ ਅਤੇ ਇਲਾਕਾ ਲੋੜਵੰਦ ਹੋਵੇ, ਅਜਿਹੇ ਇਲਾਕੇ ਵਿੱਚ ਕੰਮ ਕਰਨ ਦਾ ਜਜ਼ਬਾ ਲੈ ਕੇ ਸਰਹੱਦ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਸਥਿਤ ਪਿੰਡ ਗੱਟੀ ਰਾਜੋ ਕੇ ਦਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹਿਲੇ ਪ੍ਰਿੰਸੀਪਲ ਵਜੋਂ ਹਾਜ਼ਰ ਹੋਇਆ। ਜਿੱਥੇ ਉਸ ਸਮੇਂ ਮੋਬਾਇਲ ਫੋਨ ਜਾਂ ਇੰਟਰਨੈਟ ਤਾਂ ਦੂਰ ਲੈਂਡਲਾਈਨ ਵੀ ਨਹੀਂ ਚੱਲਦਾ ਸੀ । ਪਹੁੰਚ ਮਾਰਗ ਦੀ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਇੱਕ ਪਿੰਡ ਦੇ ਬੱਚੇ ਤਾਂ ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਸਕੂਲ ਪਹੁੰਚਦੇ ਸਨ। ਸਕੂਲ ਵਿੱਚ 550 ਵਿਦਿਆਰਥੀਆਂ ਲਈ ਸਿਰਫ 07 ਅਧਿਆਪਕ।ਇੱਥੇ ਆ ਕੇ ਪਤਾ ਲੱਗਿਆ ਕਿ ਇਹ ਇਲਾਕਾ ਸਿਰਫ ਆਰਥਿਕ ਸਮੱਸਿਆਵਾਂ ਹੀ ਨਹੀਂ ਬਲਕਿ ਅਨੇਕਾਂ ਹੀ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ । ਕੰਮ ਕਰਦਿਆਂ ਆਪਣੇ ਆਪ ਨੂੰ ਉਸ ਇਲਾਕੇ ਦੇ ਸਿਰਫ ਸਕੂਲ ਦੇ ਵਿਕਾਸ ਤੱਕ ਹੀ ਸੀਮਤ ਨਹੀਂ ਰੱਖਿਆ ਬਲਕਿ ਲੋੜੀਂਦੇ ਮੁੱਦਿਆਂ ਤੇ ਸਮਾਜ ਸੇਵੀ ਸੰਸਥਾਵਾਂ, ਬੀ ਐਸ ਐਫ, ਜ਼ਿਲ੍ਹਾ ਪ੍ਰਸ਼ਾਸਨ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਨੇਕਾਂ ਸਮਾਜ ਸੇਵਾ ਅਤੇ ਜਾਗਰੂਕਤਾ ਦੇ ਕੰਮ ਕੀਤੇ ਜੋ ਅਲੱਗ ਵਿਸ਼ਾ ਹੈ। ਪ੍ਰੰਤੂ ਅੱਜ ਦਾ ਲੇਖ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਤੇ ਕੇਂਦਰਿਤ ਹੈ। ਪ੍ਰੰਤੂ ਇਹਨਾਂ ਕੰਮਾਂ ਦੀ ਬਦੌਲਤ ਹੀ ਇਹਨਾਂ ਨਾਲ ਨੇੜਤਾ ਜਰੂਰ ਹੋਈ ਤੇ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ।

ਪੰਜਾਬ ‘ਚ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਲਗਭਗ ਸਮਾਨਤਾ ਹੀ ਦੇਖਣ ਨੂੰ ਮਿਲਦੀ ਹੈ। 2011 ਦੀ ਜਨਗਣਨਾ ਦੇ ਅਨੁਸਾਰ ਜ਼ੀਰੋ ਲਾਈਨ ਦੇ 16 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਜ਼ਿਲ੍ਹਾ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਇਹ ਇਲਾਕਾ 553 ਕਿਲੋਮੀਟਰ ਲੰਬਾ ਹੈ। ਜਿਸ ਵਿੱਚ 1840 ਦੇ ਕਰੀਬ ਪਿੰਡ ਅਤੇ 9 ਤੋਂ 10 ਸ਼ਹਿਰ ਸ਼ਾਮਿਲ ਹਨ ।ਪਰ ਇਹਨਾਂ ਵਿੱਚ 290 ਦੇ ਕਰੀਬ ਪਿੰਡ ਜੋ ਸਰਹੱਦ ਦੀ ਜ਼ੀਰੋ ਲਾਈਨ ਤੋਂ 04 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਹਨ ।ਉਹਨਾਂ ਦੀ ਸਥਿਤੀ ਜ਼ਿਆਦਾਤਰ ਤਰਸਯੋਗ ਹੈ।
ਇਹਨਾਂ ਪਿੰਡਾਂ ਵਿੱਚ ਅਨੇਕਾਂ ਪਿੰਡ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਬੇ ਚਿਰਾਗ ਹਨ । ਅਨੇਕਾਂ ਪਿੰਡਾਂ ਦੀ ਜਮੀਨ ਦੀ ਮਾਲਕੀ ਵੀ ਉਨਾਂ ਲੋਕਾਂ ਦੇ ਨਾਮ ਨਹੀਂ ਹੈ ,ਜਿਹੜੇ ਪਿਛਲੇ 60 ਸਾਲ ਤੋਂ ਵੱਧ ਸਮੇਂ ਤੋਂ ਉਸ ਜਮੀਨ ਤੇ ਖੇਤੀ ਕਰ ਰਹੇ ਹਨ। ਹੜਾਂ ਰੂਪੀ ਕੁਦਰਤੀ ਆਫਤ ਮੌਕੇ ਜਦੋਂ ਭਾਰੀ ਨੁਕਸਾਨ ਹੁੰਦਾ ਤਾਂ ਪੰਜਾਬ ਦੇ ਬਾਕੀ ਇਲਾਕਿਆਂ ਦੀ ਤਰ੍ਹਾਂ ਇਹਨਾਂ ਲੋਕਾਂ ਨੂੰ ਸਰਕਾਰੀ ਮੁਆਵਜ਼ਾ ਵੀ ਪੂਰਾ ਨਹੀਂ ਮਿਲਦਾ ਹੈ। ਜਮੀਨ ਦੀ ਮਲਕੀਅਤ ਇਹਨਾਂ ਕਿਸਾਨਾਂ ਦੇ ਨਾਮ ਤੇ ਨਾ ਹੋਣ ਕਾਰਨ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਬੈਂਕਾਂ ਤੋਂ ਲੋਨ ਅਤੇ ਲਿਮਿਟ ਆਦਿ ਦੀ ਸਹੂਲਤ ਵੀ ਅਸਾਨੀ ਨਾਲ ਉਪਲਬਧ ਨਹੀਂ ਹੁੰਦੀ। ਜਿਸ ਕਾਰਨ ਲੋੜ ਪੈਣ ਤੇ ਇਹ ਆੜਤੀਆਂ ਤੋਂ ਮਹਿੰਗੇ ਵਿਆਜ ਦਰ ਤੇ ਕਰਜ਼ਾ ਲੈਣ ਲਈ ਮਜਬੂਰ ਹੁੰਦੇ ਹਨ। ਸਾਲ 2023 ਅਤੇ ਸਾਲ 2025 ਵਿੱਚ ਆਏ ਭਾਰੀ ਹੜਾਂ ਨੇ ਤਾਂ ਇਹਨਾਂ ਲੋਕਾਂ ਦੀ ਆਰਥਿਕਤਾ ਦੀ ਕਮਰ ਹੀ ਤੋੜ ਕੇ ਰੱਖ ਦਿੱਤੀ ਹੈ। ਦੇਖਦੇ ਹੀ ਦੇਖਦੇ ਸਤਲੁਜ ਦਰਿਆ ਦੇ ਤੇਜ਼ ਵਹਾਅ ਨਾਲ ਅਨੇਕਾਂ ਹੀ ਪੱਕੇ ਮਕਾਨ ਹੜਾਂ ਦੀ ਭੇਟ ਚੜ੍ਹ ਗਏ।ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣਾ ,ਰਾਹਤ ਕੈਂਪਾਂ ਵਿੱਚ ਰਹਿਣਾ ਬਹੁਤ ਹੀ ਦੁਖਦਾਈ ਹੁੰਦਾ ਹੈ। ਹੜਾਂ ਦੌਰਾਨ ਰਾਹਤ ਕੰਮ ਕਰਦਿਆਂ ਦੇਖਿਆ ਕਿ ਜਿੱਥੇ ਕੁਦਰਤੀ ਕਰੋਪੀ ਨੇ ਭਾਰੀ ਤਬਾਹੀ ਮਚਾਈ, ਉੱਥੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ,ਦਾਨੀ ਸੱਜਣਾਂ ਨੇ ਇਸ ਇਲਾਕੇ ਦੀ ਹਰ ਪੱਖੋਂ ਮੱਦਦ ਜਿਸ ਦਰਿਆ ਦਿਲੀ ਅਤੇ ਭਾਈਚਾਰਕ ਸਾਂਝ ਨਾਲ ਮੱਦਦ ਕੀਤੀ, ਉਸਦੀ ਮਿਸਾਲ ਪੂਰੀ ਦੁਨੀਆਂ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹਨਾਂ ਲੋਕਾਂ ਦੀ ਮੱਦਦ ਨਾਲ ਅਤੇ ਆਪਣੇ ਸੰਘਰਸ਼ਮਈ ਸੁਭਾਅ ਅਤੇ ਆਤਮ ਵਿਸ਼ਵਾਸ ਨਾਲ ਇਹ ਲੋਕ ਥੋੜੇ ਸਮੇਂ ਬਾਅਦ ਹੀ ਆਮ ਵਾਂਗ ਜ਼ਿੰਦਗੀ ਜਿਉਣ ਦੇ ਯੋਗ ਹੋ ਜਾਂਦੇ ਹਨ। ਹੜਾਂ ਤੋਂ ਬਾਅਦ ਵੀ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਘੱਟਦੀਆਂ ਨਹੀਂ ਹਨ ।ਸਤਲੁਜ ਦਰਿਆ ਦਾ ਪ੍ਰਦੂਸ਼ਿਤ ਪਾਣੀ ਇਸ ਇਲਾਕੇ ਵਿੱਚ ਅਨੇਕਾਂ ਸਿਹਤ ਸਮੱਸਿਆਵਾਂ ਵੀ ਪੈਦਾ ਕਰ ਰਿਹਾ ਹੈ ।ਚਮੜੀ ਦੇ ਰੋਗ ਹੱਡੀਆਂ ਦੇ ਰੋਗ ,ਪੀਲੀਆ,ਪੇਟ ਦੇ ਰੋਗ,ਹੈਪਾਟਾਇਟਸ, ਅਲਰਜੀ ਅਤੇ ਪਾਣੀ ਨਾਲ ਸੰਬੰਧਿਤ ਕਈ ਹੋਰ ਬਿਮਾਰੀਆਂ ਇਸ ਇਲਾਕੇ ਵਿੱਚ ਆਮ ਗੱਲ ਹੈ ।ਹੁਸੈਨੀਵਾਲਾ ਦੇ ਨਜ਼ਦੀਕ ਪਾਕਿਸਤਾਨ ਦੀ ਤਰਫੋਂ ਕਸੂਰ ਸ਼ਹਿਰ ਦੇ ਚਮੜਾਂ ਉਦਯੋਗ ਦਾ ਕੈਮੀਕਲ ਯੁਕਤ ਪਾਣੀ ਇਸ ਦਰਿਆ ਵਿੱਚ ਪੈਂਦਾ ਹੈ। ਉਹ ਇਹਨਾਂ ਸਿਹਤ ਸਮੱਸਿਆਵਾਂ ਨੂੰ ਹੋਰ ਗੰਭੀਰ ਕਰ ਰਿਹਾ ਹੈ। ਸਤਲੁਜ ਦਰਿਆ ਕਿਸੇ ਸਮੇਂ ਇਸ ਇਲਾਕੇ ਦੇ ਖੇਤੀ ਲਈ ਵਰਦਾਨ ਸਾਬਿਤ ਹੁੰਦਾ ਸੀ। ਪਰੰਤੂ ਲਗਾਤਾਰ ਆਏ ਹੜਾਂ ਅਤੇ ਪ੍ਰਦੂਸ਼ਿਤ ਪਾਣੀ ਦੀ ਬਦੌਲਤ ਇਹ ਦਰਿਆ ਇਹਨਾਂ ਲੋਕਾਂ ਲਈ ਸਰਾਪ ਬਣਦਾ ਨਜ਼ਰ ਆ ਰਿਹਾ ਹੈ।

ਇਸ ਇਲਾਕੇ ਅਤੇ ਸਮੁੱਚੇ ਪੰਜਾਬ ਦੇ ਆਰਥਿਕ ਵਿਕਾਸ ਲਈ ਇਸ ਖੇਤਰ ਵਿੱਚ ਵਾਰ ਵਾਰ ਆਉਂਦੇ ਹੜਾ ਅਤੇ ਪ੍ਰਦੂਸ਼ਿਤ ਪਾਣੀ ਦਾ ਠੋਸ ਹੱਲ ਲੱਭਣਾ ਸਮੇਂ ਦੀ ਵੱਡੀ ਜਰੂਰਤ ਹੈ । ਇਸ ਮਸਲੇ ਤੇ ਕੇਂਦਰ ਸਰਕਾਰ ਨੂੰ ਵੀ ਮੱਦਦ ਲਈ ਫਰਾਖ ਦਿਲੀ ਦਿਖਾਉਣੀ ਚਾਹੀਦੀ ਹੈ । ਕਿਉਂਕਿ ਸੂਬਾ ਸਰਕਾਰ ਇਕੱਲੀ ਆਪਣੇ ਪੱਧਰ ਤੇ ਇੰਨੀ ਵੱਡੀ ਸਮੱਸਿਆ ਦਾ ਹੱਲ ਕਰਨ ਦੀ ਆਰਥਿਕ ਸਥਿਤੀ ਵਿੱਚ ਨਹੀਂ ਹੈ।

ਹਿੰਦ-ਪਾਕਿ ਸਰਹੱਦ ਤੇ ਤਨਾਅ :

ਇਸ ਇਲਾਕੇ ਦੀ ਦੂਸਰੀ ਸਭ ਤੋਂ ਵੱਡੀ ਸਮੱਸਿਆ ਉਸ ਵਕਤ ਖੜੀ ਹੁੰਦੀ ਹੈ ਜਦੋਂ ਪਾਕਿਸਤਾਨ ਨਾਲ ਸਥਿਤੀ ਤਨਾਵਪੂਰਨ ਬਣ ਜਾਂਦੀ ਹੈ 1965 ਤੇ 1971 ਦੀਆਂ ਜੰਗਾਂ ਤੋਂ ਬਾਅਦ ਇਹ ਲੋਕ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਸਿਰੇ ਤੋਂ ਕਰਨ ਲਈ ਮਜਬੂਰ ਹੋਏ ।ਪਰੰਤੂ ਕਾਰਗਿਲ ਜੰਗ, ਪੁਲਵਾਮਾ ਹਮਲਾ, ਪਹਿਲਗਾਮ ਅਟੈਕ ਤੇ ਆਪਰੇਸ਼ਨ ਸਿੰਦੂਰ ਸਮੇਂ ਵੀ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਦਹਿਸ਼ਤ ਅਨਿਸ਼ਚਿਤਤਾ ਅਤੇ ਮੁਸ਼ਕਿਲਾਂ ਨਾਲ ਭਰੀ ਹੁੰਦੀ ਹੈ। ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਜਿਸ ਨਾਲ ਖੇਤੀਬਾੜੀ ,ਪਸ਼ੂਆਂ ਅਤੇ ਖਾਸ ਤੌਰ ਤੇ ਬੱਚਿਆਂ ਦੀ ਪੜ੍ਹਾਈ ਤੇ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਜਿਨ੍ਹਾਂ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਹੁੰਦਾ । ਉਹਨਾਂ ਦੀਆਂ ਸੁਰੱਖਿਆ ਚਿੰਤਾਵਾਂ ਕਾਰਨ ਹਾਲਾਤ ਤਰਸਯੋਗ ਹੋ ਜਾਂਦੀ ਹੈ ,ਡਰ ਅਤੇ ਦਹਿਸ਼ਤ ਦਾ ਮਾਹੌਲ ਉਹਨਾਂ ਦੇ ਚਿਹਰੇ ਤੇ ਸਾਫ ਝਲਕਦਾ ਹੈ। ਇਹਨਾਂ ਦਿਨਾਂ ਵਿੱਚ ਘਰ ਛੱਡ ਕੇ ਗਏ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਵੀ ਆਮ ਗੱਲ ਹੋ ਜਾਂਦੀ ਹੈ।

ਬੱਚਿਆਂ ਦੀ ਪੜ੍ਹਾਈ ਤੇ ਮਾੜਾ ਪ੍ਰਭਾਵ:

ਇਸ ਇਲਾਕੇ ਵਿੱਚ ਚਾਹੇ ਸਰਹੱਦੀ ਤਨਾਅ ਹੋਵੇ ਜਾਂ ਦਰਿਆ ਦੇ ਕਾਰਨ ਹੜ ਆਉਣ ਤਾਂ, ਇਸ ਇਲਾਕੇ ਦੇ ਸਕੂਲ ਲੰਬੇ ਸਮੇਂ ਲਈ ਬੰਦ ਹੋ ਜਾਂਦੇ ਹਨ। ਜਿਹੜੇ ਲੋਕ ਇਲਾਕਾ ਛੱਡ ਕੇ ਦੂਸਰੀਆਂ ਸੁਰੱਖਿਤ ਥਾਵਾਂ ਤੇ ਚਲੇ ਜਾਂਦੇ ਹਨ, ਉਹਨਾਂ ਦੇ ਬੱਚੇ ਵੀ ਪੜ੍ਹਾਈ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ। ਜਿਸ ਦਾ ਬੱਚਿਆਂ ਦੀ ਪੜ੍ਹਾਈ ਤੇ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ। ਇਹਨਾਂ ਕਾਰਨਾਂ ਕਰਕੇ ਜਦੋਂ ਲੋਕਾਂ ਦੀ ਆਰਥਿਕ ਸਥਿਤੀ ਖਰਾਬ ਹੁੰਦੀ ਹੈ ਤਾਂ ਉਹ ਖੇਤੀ ਜਾਂ ਮਜ਼ਦੂਰੀ ਦੇ ਕੰਮਾਂ ਵਿੱਚ ਬੱਚਿਆਂ ਨੂੰ ਵੀ ਨਾਲ ਲਗਾ ਲੈਂਦੇ ਹਨ। ਬੱਚੇ ਲੰਬਾ ਸਮਾਂ ਸਕੂਲ ਤੋਂ ਗੈਰ ਹਾਜ਼ਰ ਰਹਿੰਦੇ ਹਨ ਜਾਂ ਸਕੂਲ ਛੱਡ ਜਾਂਦੇ ਹਨ। ਜਿਸ ਨਾਲ ਇਸ ਇਲਾਕੇ ਵਿੱਚ ਜਿੱਥੇ ਡਰਾਪ ਆਊਟ ਦਰ ਵੱਧਦੀ ਹੈ, ਉੱਥੇ ਇਸ ਇਲਾਕੇ ਵਿੱਚ ਅਨਪੜਤਾ ਵੀ ਵੱਧਦੀ ਹੈ, ਜੋ ਸੂਬੇ ਦੀ ਸਾਖਰਤਾ ਦਰ ਵਿੱਚ ਕਮੀ ਲਿਆਉਂਦੀ ਹੈ। ਸਰਕਾਰੀ ਪੱਧਰ ‘ਤੇ ਸਰਹੱਦੀ ਖੇਤਰ ਦੀ ਸਿੱਖਿਆ ਲਈ ਚਾਹੇ ਯਤਨ ਕੀਤੇ ਜਾ ਰਹੇ ਹਨ। ਪ੍ਰੰਤੂ ਲੋਕਾਂ ਦੀਆਂ ਮਜਬੂਰੀਆਂ ਇਸ ਤੇ ਭਾਰੂ ਪੈ ਜਾਂਦੀਆਂ ਹਨ। ਸਰਹੱਦੀ ਇਲਾਕੇ ਚ ਲੜਕੀਆਂ ਦੀ ਸਿੱਖਿਆ ਵੱਲ ਅਜੇ ਵੀ ਘੱਟ ਤਰਜੀਹ ਦਿੱਤੀ ਜਾਂਦੀ ਹੈ। ਸਕੂਲੀ ਸਿੱਖਿਆ ਦੌਰਾਨ ਹੀ ਲੜਕੀਆਂ ਸਕੂਲ ਛੱਡ ਜਾਂਦੀਆਂ ਹਨ। 12ਵੀਂ ਜਮਾਤ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਦੇ ਕਾਲਜਾਂ ਤੱਕ ਪਹੁੰਚਣ ਲਈ ਆਵਾਜਾਈ ਦੇ ਸਾਧਨਾਂ ਦੀ ਘਾਟ ਅਤੇ ਆਰਥਿਕ ਤੰਗੀ ਇਹਨਾਂ ਦੀ ਪੜ੍ਹਾਈ ਵਿੱਚ ਵੱਡੀ ਰੁਕਾਵਟ ਬਣਦੀ ਹੈ। ਲੜਕੀਆਂ ਦੀ ਸ਼ਾਦੀ ਛੋਟੀ ਉਮਰ ਵਿੱਚ ਹੀ ਕਰ ਦੇਣ ਦੀ ਪਰੰਪਰਾ ਅੱਜ ਵੀ ਖੂਬ ਪ੍ਰਚਲਿਤ ਹੈ। ਅਜਿਹੀਆਂ ਸਥਿਤੀਆਂ ਦੇ ਬਾਵਜੂਦ ਵੀ ਇਹਨਾਂ ਪਿੰਡਾਂ ਦੇ ਵਿਦਿਆਰਥੀ ਸਰੀਰਕ ਪੱਖੋਂ ਮਜਬੂਤ ਅਤੇ ਫੁਰਤੀਲੇ ਹਨ, ਜੇ ਸਹੀ ਅਗਵਾਈ ਮਿਲੇ ਤਾਂ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਦੇ ਹਨ। ਫੌਜ ਵਿੱਚ ਭਰਤੀ ਹੋਣ ਦਾ ਜਜ਼ਬਾ ਰੱਖਦੇ ਹਨ। ਇਸ ਇਲਾਕੇ ਵਿੱਚ ਸਕਿਲ ਡਿਵੈਲਪਮੈਂਟ ਕੇਂਦਰ ਅਤੇ ਖੇਡ ਅਕੈਡਮੀਆਂ ਖੋਲੀਆਂ ਜਾਣ ਤਾਂ ਇਹਨਾਂ ਪਿੰਡਾਂ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਸਕਦੇ ਹਨ।

ਨਸ਼ੇ ਦੀ ਸਮੱਸਿਆ

ਸਰਹੱਦੀ ਖੇਤਰ ਦੀ ਮੌਜੂਦਾ ਸਮੇਂ ਸਭ ਤੋਂ ਵੱਡੀ ਸਮੱਸਿਆ ਨਸ਼ਾਖੋਰੀ ਦੀ ਹੈ। ਸਰਹੱਦ ਤੋਂ ਪਾਰ ਪਾਕਿਸਤਾਨ ਦੀਆਂ ਗਲਤ ਨੀਤੀਆਂ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਹੈ। ਸਰਕਾਰ ਅਤੇ ਬੀ ਐਸ ਐਫ ਦੀ ਮੁਸਤੈਦੀ ਦੇ ਬਾਵਜੂਦ ਡਰੋਨ ਰਾਹੀਂ ਜਾ ਦਰਿਆ ਰਾਹੀਂ ਅਕਸਰ ਹੀ ਨਸ਼ਾ ਸਪਲਾਈ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਲਾਲਚ ਵੱਸ ਗਲਤ ਅਨਸਰਾਂ ਦੇ ਹੱਥੀ ਚੜ ਜਾਂਦੇ ਹਨ। ਪੰਜਾਬ ਦੇ ਨਾਲ ਲੱਗਦੀ ਸਰਹੱਦ ਤੇ ਸੁਰੱਖਿਆ ਏਜੰਸੀਆਂ ਦਾ ਸਭ ਤੋਂ ਵੱਧ ਜ਼ੋਰ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਤੇ ਲੱਗ ਰਿਹਾ ਹੈ। ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿੱਚ ਜਾਣ ਤੋਂ ਰੋਕਣ ਲਈ ਰੁਜ਼ਗਾਰ ਮੁਖੀ ਸਿੱਖਿਆ ਅਤੇ ਖੇਡ ਦੇ ਮੈਦਾਨ ਬੇਹੱਦ ਲਾਹੇਵੰਦ ਸਾਬਿਤ ਹੋ ਸਕਦੇ ਹਨ। ਸਿੱਖਿਆ ਦਾ ਪਸਾਰ ਹੋਣ ਕਾਰਨ ਇਸ ਇਲਾਕੇ ਦੇ ਨੌਜਵਾਨਾਂ ਦਾ ਵੀ ਰੁਝਾਨ ਸਰਕਾਰੀ ਨੌਕਰੀਆਂ ਅਤੇ ਹੋਰ ਕਿੱਤਾ ਮੁਖੀ ਕੋਰਸਾਂ ਵੱਲ ਹੋਲੀ ਹੋਲੀ ਵੱਧ ਰਿਹਾ ਹੈ।

ਇਹ ਇਲਾਕਾ ਚਾਹੇ ਸਰਹੱਦ ਤੇ ਤਨਾਅ ਹੋਵੇ ਚਾਹੇ ਨਾ ਹੋਵੇ ਫਿਰ ਵੀ ਸੁਰੱਖਿਆ ਏਜੰਸੀਆਂ ਦੀ ਜਾਂਚ ਦਾ ਕੇਂਦਰ ਲਗਾਤਾਰ ਬਣਿਆ ਰਹਿੰਦਾ ਹੈ । ਰਾਹ ਜਾਂਦੇ ਵਹੀਕਲ ਦੀ ਜਾਂਚ ਤਾਂ ਆਮ ਗੱਲ ਹੈ। ਇਹਨਾਂ ਦੇ ਘਰਾਂ ਅਤੇ ਖੇਤਾਂ ਵਿੱਚ ਬਣੇ ਕਮਰੇ ਦੀ ਤਲਾਸ਼ੀ ਵੀ ਅਕਸਰ ਹੀ ਹੁੰਦੀ ਰਹਿੰਦੀ ਹੈ। ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੀ ਨਿਗਰਾਨੀ ਜ਼ਰੂਰੀ ਵੀ ਹੈ। ਲੋਕ ਸੁਰੱਖਿਆ ਏਜੰਸੀਆਂ ਨੂੰ ਸਹਿਯੋਗ ਵੀ ਕਰਦੇ ਹਨ।ਕੁਝ ਪ੍ਰਤੀਸ਼ਤ ਗਲਤ ਅਨਸਰਾਂ ਦੇ ਕੰਮਾਂ ਦਾ ਖਮਿਆਜਾ ਸਰਹੱਦੀ ਖੇਤਰ ਦੇ ਸਾਰੇ ਲੋਕ ਭੁਗਤਦੇ ਹਨ। ਇਸ ਇਲਾਕੇ ਦੀ ਜਿਆਦਾ ਡੁੰਘਾਈ ਨਾਲ ਜਾਣਕਾਰੀ ਨਾ ਰੱਖਣ ਵਾਲੇ ਲੋਕ ਅਤੇ ਸੁਰੱਖਿਆ ਏਜੰਸੀਆਂ ਦੇ ਨਵੇਂ ਆਏ ਕੁਝ ਲੋਕ ਇਸ ਖੇਤਰ ਦੇ ਬਹੁ ਗਿਣਤੀ ਲੋਕਾਂ ਨੂੰ ਸਮਗਲਰ ,ਦੇਸ਼ ਵਿਰੋਧੀ ਅਤੇ ਅਸਭਿਅਕ ਸਮਝਦੇ ਹਨ, ਜੋ ਇਹਨਾਂ ਲੋਕਾਂ ਨਾਲ ਅਨਿਆ ਹੈ।ਅਜਿਹੀ ਸੋਚ ਅਤੇ ਸਰਹੱਦੀ ਖੇਤਰ ਦੀਆਂ ਮੁਸ਼ਕਿਲਾਂ ਦੇ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਆਪਣੇ ਬੱਚਿਆਂ ਦੀ ਸ਼ਾਦੀ ਬਾਹਰ ਕਰਨ ਵਿੱਚ ਦਿੱਕਤ ਆਉਂਦੀ ਹੈ। ਉਸ ਹਾਲਾਤ ਵਿੱਚ ਇਹ ਬੱਚਿਆਂ ਦੀ ਸ਼ਾਦੀ ਆਪਣੇ ਨਜ਼ਦੀਕੀ ਇਲਾਕੇ ਵਿੱਚ ਆਪਸ ਵਿੱਚ ਹੀ ਕਰਨ ਨੂੰ ਤਰਜੀਹ ਦਿੰਦੇ ਹਨ।

ਕੰਡਿਆਲੀ ਤਾਰ ਪਾਰ ਖੇਤੀ ਦੀਆਂ ਮੁਸ਼ਕਿਲਾਂ :

ਸਰਹੱਦੀ ਖੇਤਰ ਤੇ ਬਹੁ ਗਿਣਤੀ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਸਹਾਇਕ ਧੰਦੇ ਹਨ। ਜਮੀਨਾਂ ਉਪਜਾਊ ਹੋਣ ਕਾਰਨ ਇਹ ਝੋਨੇ, ਕਣਕ ਤੋਂ ਇਲਾਵਾ ਹਰ ਕਿਸਮ ਦੀ ਸਬਜ਼ੀ ਦੀ ਕਾਸ਼ਤ ਕਰਦੇ ਹਨ। ਇਹਨਾਂ ਲੋਕਾਂ ਦੀ ਖੇਤੀ ਨਾਲ ਸੰਬੰਧਿਤ ਸਭ ਤੋਂ ਵੱਡੀ ਸਮੱਸਿਆ ਸਰਹੱਦ ਦੀ ਕੰਡਿਆਲੀ ਤਾਰ ਤੋਂ ਪਾਰ ਜੀਰੋ ਲਾਈਨ ਤੇ ਜਮੀਨ ਤੇ ਖੇਤੀ ਕਰਨਾ ਬਹੁਤ ਵੱਡੀ ਚੁਨੌਤੀ ਹੈ। ਖੇਤੀ ਲਈ ਜਾਨ ਅਤੇ ਆਉਣ ਦਾ ਸਮਾਂ ਬੀਐਸਐਫ ਵੱਲੋਂ ਨਿਸ਼ਚਿਤ ਕੀਤਾ ਜਾਂਦਾ ਹੈ। ਖੇਤੀ ਲਈ ਫਸਲ ਦੀ ਕਿਸਮ ਸਬੰਧੀ ਵੀ ਰੁਕਾਵਟਾਂ ਹਨ। ਤਾਰ ਤੋਂ ਪਾਰ ਦੀ ਜਮੀਨ ਤੇ ਜੰਗਲੀ ਜਾਨਵਰ,ਸੂਰ ਆਦਿ ਵੀ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਾਲ 2023 ਅਤੇ 2025 ਦੇ ਹੜਾਂ ਕਾਰਨ ਇਸ ਇਲਾਕੇ ਦੀ ਸੈਂਕੜੇ ਏਕੜ ਜਮੀਨ ਹੀ ਦਰਿਆ ਦੀ ਦਿਸ਼ਾ ਬਦਲਣ ਕਾਰਨ ਦਰਿਆ ਵਿੱਚ ਜਾ ਚੁੱਕੀ ਹੈ। ਹੜਾਂ ਦੌਰਾਨ ਦਰਿਆ ਦੀ ਰੇਤ ਇਹਨਾਂ ਜਮੀਨਾਂ ਤੇ ਆ ਜਾਂਦੀ ਹੈ। ਜਿਸ ਨੂੰ ਚੁਕਾਉਣ ਤੇ ਭਾਰੀ ਖਰਚ ਕਰਨਾ ਪੈਂਦਾ ਹੈ। ਜਿਆਦਾਤਰ ਘੱਟ ਜਮੀਨ ਦੇ ਮਾਲਕ ਕਿਸਾਨ ਅਜਿਹੀ ਸਥਿਤੀ ਵਿੱਚ ਦਿਹਾੜੀ ਮਜ਼ਦੂਰੀ ਕਰਨ ਲਈ ਮਜਬੂਰ ਹੋ ਗਏ ਹਨ।

ਵਿਸ਼ਵ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਦੀ ਹਰ ਚੋਣ ਪ੍ਰਕਿਰਿਆ ਨੂੰ ਸਫਲ ਬਣਾਉਣ ਵਿੱਚ ਸਰਹੱਦੀ ਖੇਤਰ ਦੇ ਲੋਕ ਵੱਧ ਚੜ ਕੇ ਭਾਗ ਲੈਂਦੇ ਹਨ। ਇਹਨਾਂ ਲੋਕਾਂ ਦੀ ਹਰ ਚੋਣਾਂ ਵਿੱਚ ਪੋਲ ਪ੍ਰਤੀਸ਼ਤ 80 ਤੋਂ 90 ਪ੍ਰਤੀਸ਼ਤ ਹੁੰਦੀ ਹੈ। ਰਾਜਨੀਤਿਕ ਰੈਲੀਆਂ ਅਤੇ ਮੁਹਿੰਮਾਂ ਵਿੱਚ ਵੀ ਇਹਨਾਂ ਦੀ ਗਿਣਤੀ ਵੱਧ ਹੁੰਦੀ ਹੈ। ਪਰੰਤੂ ਵਿਕਾਸ ਪੱਖੋਂ ਪਤਾ ਨਹੀਂ ਕਿਉਂ ਇਹ ਇਲਾਕਾ ਪਿੱਛੜ ਗਿਆ ਹੈ। ਸਰਹੱਦੀ ਖੇਤਰ ਵਿੱਚ ਸਿਹਤ ਸਹੂਲਤਾਂ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ। ਹੜਾਂ ਕਾਰਨ ਟੁੱਟੀਆਂ ਸੜਕਾਂ ,ਪੁੱਲ ਅਤੇ ਬੰਨਾ ਦੀ ਜਲਦੀ ਮੁਰੰਮਤ ਨਾ ਹੋਣ ਕਾਰਨ ਇਹ ਲੋਕ ਭਾਰੀ ਦਿੱਕਤਾਂ ਦਾ ਸਾਹਮਣਾ ਕਰਦੇ ਹਨ। ਇਸ ਇਲਾਕੇ ਵਿੱਚ ਉਦਯੋਗ ਅਤੇ ਵਪਾਰ ਦੇ ਕੇਂਦਰਾਂ ਦੀ ਕਮੀ ਕਾਰਨ ਰੁਜ਼ਗਾਰ ਦੇ ਮੌਕੇ ਕਾਫੀ ਘੱਟ ਹਨ।

ਇਨਾਂ ਸਮੱਸਿਆ ਦੇ ਹੱਲ ਲਈ ਸਭ ਤੋਂ ਪਹਿਲਾਂ ਤਾਂ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਦੇ ਹੋਏ ਸੜਕਾਂ, ਹਸਪਤਾਲ ਅਤੇ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ। ਸਰਹੱਦ ਦੇ 05 ਕਿਲੋਮੀਟਰ ਤੇ ਦਾਇਰੇ ਦੇ ਲੋਕਾਂ ਲਈ ਵਿਸ਼ੇਸ਼ ਆਰਥਿਕ ਪੈਕੇਜ, ਨੌਕਰੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਰਾਖਵਾਂਕਰਨ, ਸਬਸਿਡੀ ਜਾਂ ਟੈਕਸਾਂ ਤੋਂ ਵਿਸ਼ੇਸ਼ ਦੇ ਕੇ ਇਹਨਾਂ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਮਜਬੂਤ ਕੀਤਾ ਜਾ ਸਕਦਾ ਹੈ। ਨਸ਼ਾ ਛਡਾਓ ਮੁਹਿੰਮ ਜਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੌਜਵਾਨਾਂ ਲਈ ਖੇਡ ਮੈਦਾਨ ਅਤੇ ਸਕਿਲ ਵਿਕਾਸ ਕੇਂਦਰ ਬੇਹੱਦ ਲਾਭਕਾਰੀ ਸਿੱਧ ਹੋ ਸਕਦੇ ਹਨ। ਹੜਾਂ ਦੀ ਰੋਕਥਾਮ ਲਈ ਸਤਲੁਜ ਦਰਿਆ ਦੀ ਸਫਾਈ ਅਤੇ ਬੰਨਾਂ ਦੀ ਮਜਬੂਤੀ ਪਹਿਲ ਦੇ ਆਧਾਰ ਤੇ ਕਰਨੀ ਬਣਦੀ ਹੈ। ਸਰਹੱਦੀ ਖੇਤਰ ਖਾਸ ਤੌਰ ਤੇ ਹੂਸੈਨੀਵਾਲਾ ਬਾਰਡਰ ਵਰਗੇ ਸਥਾਨਾਂ ਨੂੰ ਸੈਰ-ਗਾਹ ਵਜੋਂ ਵਿਕਸਿਤ ਕਰਕੇ ਰੁਜ਼ਗਾਰ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਦੇ ਹਨ।

1971 ਦੀ ਹਿੰਦ ਪਾਕ ਜੰਗ ਤੋਂ ਪਹਿਲਾਂ ਜਦੋਂ ਹੁਸੈਨੀਵਾਲਾ ਰਾਹੀਂ ਪਾਕਿਸਤਾਨ ਨਾਲ ਵਪਾਰ ਚੱਲਦਾ ਸੀ ਤਾਂ ਇਸ ਇਲਾਕੇ ਦੇ ਲੋਕਾਂ ਕੋਲ ਰੁਜ਼ਗਾਰ ਦੇ ਖੂਬ ਮੌਕੇ ਹੋਣ ਕਾਰਨ ਆਰਥਿਕ ਤੌਰ ਤੇ ਖੁਸ਼ਹਾਲ ਸਨ। ਜੰਗ ਤੋਂ ਬਾਅਦ ਸਰਹੱਦ ਬੰਦ ਹੋਣ ਦੇ ਨਾਲ ਹੀ ਇਹਨਾਂ ਲੋਕਾਂ ਦੇ ਵਿਕਾਸ ਦੇ ਰਸਤੇ ਵੀ ਬੰਦ ਹੋ ਗਏ। ਪੰਜਾਬ ਦੇ ਸਰਹੱਦੀ ਖੇਤਰ ਦੇ ਲੋਕ ਦੇਸ਼ ਦੀ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਿਰਫ ਸਰਕਾਰ ਦੀ ਹੀ ਨਹੀਂ, ਸਗੋਂ ਸਮਾਜ ਦੀ ਸਾਂਝੀ ਜਿੰਮੇਵਾਰੀ ਹੈ। ਯੋਜਨਾਬੱਧ ਵਿਕਾਸ ,ਸੁਰੱਖਿਆ ਅਤੇ ਆਰਥਿਕ ਮਜਬੂਤੀ ਨਾਲ ਹੀ ਇਸ ਸਰਹੱਦੀ ਇਲਾਕਾ ਆਰਥਿਕ ਅਤੇ ਸਮਾਜਿਕ ਤਰੱਕੀ ਕਰ ਸਕਦਾ ਹੈ।

ਡਾ. ਸਤਿੰਦਰ ਸਿੰਘ
ਨੈਸ਼ਨਲ ਅਵਾਰਡੀ
ਸਿੱਖਿਆ ਅਤੇ ਵਾਤਾਵਰਣ ਦੇ ਵਿਕਾਸ ਲਈ ਯਤਨਸ਼ੀਲ ਸੰਸਥਾ
ਐਗਰੀਡ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਸੰਸਥਾਪਕ
9815427554

 

More

8th Pay Commission Latest Update: 8ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: ਪੁਰਾਣੀ ਪੈਨਸ਼ਨ ਸਕੀਮ ਵਾਲੇ ਪੈਨਸ਼ਨਰਾਂ ਦੇ ਫਿਟਮੈਂਟ ਫੈਕਟਰ ’ਤੇ ਉੱਠੇ ਸਵਾਲ

ਵੱਡੀ ਖ਼ਬਰ: ਪੰਜਾਬ ‘ਚ ਮੁਫ਼ਤ ਬਿਜਲੀ ਦੀ ਕੀਮਤ PSPCL ’ਤੇ ਪਈ ਭਾਰੀ! ਸਰਕਾਰ ਵੱਲ 7550 ਕਰੋੜ ਸਬਸਿਡੀ ਬਕਾਇਆ- ਸਰਕਾਰੀ ਗਾਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ

Singer Ammy Virk Firing News: ਪੰਜਾਬੀ ਗਾਇਕ ਐਮੀ ਵਿਰਕ ‘ਤੇ ਫਾਇਰਿੰਗ ਦੀਆਂ ਖ਼ਬਰਾਂ ਦਾ ਸੱਚ ਆਇਆ ਸਾਹਮਣੇ, ਪਿਤਾ ਨੇ ਦਿੱਤਾ ਵੱਡਾ ਬਿਆਨ

ਗੁਲਜ਼ਾਰ ਸਿੰਘ ਸੁਸਾਈਡ ਕੇਸ! ਮਾਨ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ; ਕੌਮੀ SC ਕਮਿਸ਼ਨ ਨੇ ਮੰਗੀ ਵਿਸਥਾਰਤ ਰਿਪੋਰਟ

ਵੱਡੀ ਖ਼ਬਰ: ਕਿਸਾਨ ਲੀਡਰ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਕੀਤਾ ਘਰ ਚ ਨਜ਼ਰਬੰਦ

ਵੱਡੀ ਖ਼ਬਰ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ 11 ਸਤੰਬਰ ਤੱਕ ਵਧੀ! ਸਾਰੇ ਕੰਮਕਾਜ ਠੱਪ

Leave a Comment