ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਪੀਕਰ ਸੰਧਵਾਂ ਨੂੰ ਤਲਬ ਕਰਨ ‘ਤੇ ਭਗਵੰਤ ਮਾਨ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
ਬੇਅਦਬੀ ਕਾਨੂੰਨ ‘ਤੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ; ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਲਿਆ ਆੜੇ ਹੱਥੀਂ
Punjab Network
ਚੰਡੀਗੜ੍ਹ, 3 ਮਈ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ 8 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤੇ ਜਾਣ ਦੇ ਮਾਮਲੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਜਿੱਥੇ ਸਪੀਕਰ ਸੰਧਵਾਂ ਨੇ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੀ ਗੱਲ ਕਹੀ ਹੈ, ਉੱਥੇ ਹੀ ਮੁੱਖ ਮੰਤਰੀ ਮਾਨ ਨੇ ਸ਼੍ਰੋਮਣੀ ਕਮੇਟੀ (SGPC) ਅਤੇ ਅਕਾਲੀ ਦਲ ‘ਤੇ ਸਿਆਸੀ ਹਮਲਾ ਬੋਲਦਿਆਂ ਨਵੇਂ ਬੇਅਦਬੀ ਕਾਨੂੰਨ ਦਾ ਜ਼ੋਰਦਾਰ ਬਚਾਅ ਕੀਤਾ ਹੈ।
ਸਪੀਕਰ ਦੀ ਤਲਬੀ ‘ਤੇ CM ਮਾਨ ਨੇ ਚੁੱਕੇ ਸਵਾਲ
ਮੁੱਖ ਮੰਤਰੀ ਮਾਨ ਨੇ ਸਪੀਕਰ ਨੂੰ ਤਲਬ ਕੀਤੇ ਜਾਣ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਨੇ ਗੁਰੂ ਸਾਹਿਬ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਹੈ, ਤਾਂ ਇਸ ਦਾ ਸਵਾਗਤ ਹੋਣਾ ਚਾਹੀਦਾ ਸੀ।
ਉਨ੍ਹਾਂ ਕਿਹਾ, “ਸਰਕਾਰ ਨੇ ਜੇ ਤੁਹਾਨੂੰ ਕੋਈ ਕਾਨੂੰਨ ਬਣਾ ਕੇ ਦਿੱਤਾ ਹੈ ਤਾਂ ਤੁਸੀਂ ਸਵਾਗਤ ਕਰੋ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ, ਪਰ ਇੱਥੇ ਤਾਂ ਸਪੀਕਰ ਸਾਹਿਬ ਨੂੰ ਹੀ ਤਲਬ ਕਰ ਲਿਆ ਗਿਆ।”
ਭਗਵੰਤ ਮਾਨ ਨੇ ਅਕਾਲੀ ਦਲ ‘ਤੇ ਵਾਰ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਕੋਲ ਬਹੁਮਤ ਸੀ, ਉਹ ਵੀ ਅਜਿਹਾ ਸਖ਼ਤ ਕਾਨੂੰਨ ਬਣਾ ਸਕਦੇ ਸੀ ਜਿਸ ਵਿੱਚ ਬੇਅਦਬੀ ਕਰਨ ਵਾਲਿਆਂ ਲਈ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਹੁੰਦਾ।
ਉਨ੍ਹਾਂ ਕਿਹਾ ਕਿ ਜੇਕਰ ਸਾਡਾ ‘ਬਾਪੂ’ (ਗੁਰੂ ਸਾਹਿਬ) ਸਾਡੇ ਆਪਣੇ ਘਰ ਵਿੱਚ ਸੁਰੱਖਿਅਤ ਨਹੀਂ ਹੈ, ਤਾਂ ਅਸੀਂ ਬਾਹਰੋਂ ਕਿਸੇ ਤੋਂ ਕੀ ਉਮੀਦ ਕਰਾਂਗੇ?
ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ‘ਤੇ ਲਾਏ ‘ਪਰਿਵਾਰ’ ਦੇ ਕਬਜ਼ੇ ਦਾ ਦੋਸ਼
ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਪਰਿਵਾਰ ਦੀ ਕਠਪੁਤਲੀ ਦੱਸਦਿਆਂ ਕਿਹਾ ਕਿ ਇਸ ਦੇ ਅਹੁਦੇਦਾਰ ‘ਤੋਤੇ’ ਵਾਂਗ ਬੋਲਦੇ ਹਨ। ਉਨ੍ਹਾਂ ਤਨਜ਼ ਕਸਦਿਆਂ ਕਿਹਾ, “ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖ਼ੁਦ ਕਹਿੰਦੇ ਹਨ ਕਿ ਮੈਂ ਸੁਖਬੀਰ ਬਾਦਲ ਦਾ ਸਿਪਾਹੀ ਹਾਂ।
ਜੇਕਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਬਣਨ ਦੀ ਬਜਾਏ ਕਿਸੇ ਸਿਆਸੀ ਆਗੂ ਦੇ ਸਿਪਾਹੀ ਬਣਨਗੇ, ਤਾਂ ਧਰਮ ਦਾ ਹਾਲ ਕੀ ਹੋਵੇਗਾ?”
ਉਨ੍ਹਾਂ ਦੋਸ਼ ਲਗਾਇਆ ਕਿ ਧਰਮ ਨੂੰ ਮੁੱਠੀ ਵਿੱਚ ਕਰ ਲਿਆ ਗਿਆ ਹੈ ਅਤੇ ਜੇਬਾਂ ਵਿੱਚੋਂ ਪਰਚੀਆਂ ਕੱਢ ਕੇ ਮਾਫ਼ੀ ਦੇਣ ਜਾਂ ਕੈਂਸਲ ਕਰਨ ਦੇ ਫੈਸਲੇ ਸੁਣਾਏ ਜਾਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਾਨੂੰਨ ਸਿਰਫ਼ ਗੁਰੂ ਸਾਹਿਬ ਦੀ ਸੇਵਾ ਵਜੋਂ ਲਿਆਂਦਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਨਾਅਰਾ ਨਾ ਲਾਉਣ, ਕਿਉਂਕਿ ਗੁਰੂ ਨੇ ਉਨ੍ਹਾਂ ਤੋਂ ਸੇਵਾ ਲਈ ਹੈ।
ਮਾਨ ਨੇ ਸਪੱਸ਼ਟ ਕੀਤਾ ਕਿ ਹੁਣ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ ਅਤੇ ਇਸ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।






