ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ AAP ਵਿਧਾਇਕਾਂ ਦੀ ਪੇਸ਼ੀ ਬਾਰੇ CM ਮਾਨ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
ਅੰਮ੍ਰਿਤਸਰ ‘ਚ ਬੋਲੇ CM ਭਗਵੰਤ ਮਾਨ- “ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦੀ ਮੇਰੀ ਔਕਾਤ ਨਹੀਂ, ਪਰ ਕੁੱਝ ਧਾਰਮਿਕ ਫੈਸਲਿਆਂ ‘ਚੋਂ ਝਲਕਦੀ ਹੈ ਰਾਜਨੀਤੀ”

ਮਾਸਕ (Mask) ਵਾਲੀ ਫਰਜ਼ੀ ਵੀਡੀਓ ਦੇ ਮਾਮਲੇ ‘ਚ ਅਕਾਲ ਤਖ਼ਤ ਸਾਹਿਬ ਨੂੰ ਸਬੂਤਾਂ ਸਮੇਤ ਭੇਜੀ ਜਾਵੇਗੀ ਚਿੱਠੀ- ਜਦੋਂ ਸੁਖਬੀਰ ਬਾਦਲ ਤਨਖਾਹੀਆ ਹੋਏ, ਉਦੋਂ ਬੋਰਡ ਕਿਉਂ ਨਹੀਂ ਲੱਗੇ? ਵਿਰੋਧੀਆਂ ‘ਤੇ ਧਾਰਮਿਕ ਰੰਗਤ ਦੇ ਕੇ ਸਿਆਸੀ ਫਾਇਦਾ ਲੈਣ ਦੇ ਲਾਏ ਦੋਸ਼
ਸਭ ਤੋਂ ਵੱਡੀ ‘ਸੰਗਤ’ ਹੈ, ਲੋਕ ਅੱਜ ਵੀ ਸਾਡੇ ਨਾਲ ਖੜ੍ਹੇ ਨੇ; ਅਸੀਂ ਸਕੂਲਾਂ, ਹਸਪਤਾਲਾਂ ਤੇ ਨੌਕਰੀਆਂ ਦੇ ਵਿਕਾਸ ਕਾਰਜਾਂ ‘ਚ ਜੁਟੇ: CM ਮਾਨ
ਅੰਮ੍ਰਿਤਸਰ/ਚੰਡੀਗੜ੍ਹ, 28 ਜੂਨ 2026:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਚੱਲ ਰਹੇ ਮੌਜੂਦਾ ਵਿਵਾਦਾਂ ‘ਤੇ ਇੱਕ ਬਹੁਤ ਵੱਡਾ ਬਿਆਨ ਜਾਰੀ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸੱਦੇ ਜਾਣ ਦੇ ਮਾਮਲੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਸਾਰੇ ਵਿਧਾਇਕ, ਕੈਬਨਿਟ ਮੰਤਰੀ ਅਤੇ ਸਪੀਕਰ ਸਾਹਿਬ ਉੱਥੇ ਜਾਣਗੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਮੰਤਰੀਆਂ ਕੋਲੋਂ ਲਿਖਤੀ ਪੱਖ ਮੰਗਿਆ ਗਿਆ ਹੈ, ਉਹ ਲਿਖਤੀ ਰੂਪ ਵਿੱਚ ਆਪਣਾ ਪੱਖ ਸਪਸ਼ਟ ਕਰਨਗੇ ਅਤੇ ਐਸ.ਜੀ.ਪੀ.ਸੀ. ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਸੁਝਾਅ ਆਵੇਗਾ, ਉਸ ‘ਤੇ ਵਿਚਾਰ ਕੀਤਾ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦੇ ਸਵਾਲਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਭਗਵੰਤ ਮਾਨ ਨੇ ਬੇਹੱਦ ਸੰਜੀਦਗੀ ਨਾਲ ਕਿਹਾ, “ਮੈਂ ਕੋਈ ਟੱਕਰ ਨਹੀਂ ਲੈ ਰਿਹਾ ਅਤੇ ਨਾ ਹੀ ਮੈਂ ਅਜਿਹਾ ਸੋਚ ਸਕਦਾ ਹਾਂ। ਮੇਰੀ ਇੰਨੀ ਔਕਾਤ ਕਿੱਥੇ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਵਾਂ। ਜੋ ਵੀ ਉੱਥੋਂ ਆਦੇਸ਼ ਹੋਵੇਗਾ, ਅਸੀਂ ਉਸ ਦਾ ਸਾਹਮਣਾ ਕਰਾਂਗੇ।”
ਉਨ੍ਹਾਂ ਵਿਵਾਦਤ ਵੀਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੱਲ੍ਹ ਤੱਕ ਅਕਾਲ ਤਖ਼ਤ ਸਾਹਿਬ ਨੂੰ ਇੱਕ ਲੈਟਰ (ਪੱਤਰ) ਭੇਜਿਆ ਜਾਵੇਗਾ, ਜਿਸ ਵਿੱਚ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਮਾਸਕ (Mask/AI ਤਕਨੀਕ) ਲਗਾ ਕੇ ਇੱਕ ਨਕਲੀ ਅਤੇ ਫਰਜ਼ੀ ਵੀਡੀਓ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੀ ਵਾਰ ਵੀ ਪੇਸ਼ ਹੋ ਕੇ ਕਹਿ ਚੁੱਕੇ ਹਨ ਕਿ ਉਸ ਵੀਡੀਓ ਵਿੱਚ ਉਹ ਖ਼ੁਦ ਮੌਜੂਦ ਨਹੀਂ ਹਨ।
ਧਾਰਮਿਕ ਫੈਸਲਿਆਂ ਵਿੱਚ ਰਾਜਨੀਤੀ ਝਲਕਣ ਦੇ ਲਾਏ ਵੱਡੇ ਦੋਸ਼
ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬਾਨ ਦੇ ਬਾਹਰ ਲਗਾਏ ਜਾ ਰਹੇ ਬੋਰਡਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕਈ ਵਾਰ ਧਾਰਮਿਕ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਦੇ ਫੈਸਲਿਆਂ ‘ਤੇ ਆਮ ਪਬਲਿਕ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵੀ ਹੈਰਾਨੀ ਹੁੰਦੀ ਹੈ। ਮਾਨ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ, “ਅੱਜ ਮੇਰੇ ਨਾਂ ਦੇ ਬੋਰਡ ਲਗਾਏ ਜਾ ਰਹੇ ਹਨ, ਪਰ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਉਦੋਂ ਬੋਰਡ ਕਿਉਂ ਨਹੀਂ ਲੱਗੇ? ਜਦੋਂ ਬਿਨਾਂ ਮੰਗੇ ਮਾਫ਼ੀਆਂ ਦਿੱਤੀਆਂ ਗਈਆਂ ਸਨ, ਉਦੋਂ ਬੋਰਡ ਕਿਉਂ ਨਹੀਂ ਲਗਾਏ ਗਏ?”
ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਸਾਫ਼ ਤੌਰ ‘ਤੇ ਰਾਜਨੀਤੀ ਝਲਕਦੀ ਹੈ। ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਇਕੱਠੇ ਹੋ ਕੇ ਮੇਰੇ ਵਿਰੁੱਧ ਲੱਗੇ ਹੋਏ ਹਨ ਅਤੇ ਉਹ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇ ਕੇ ਆਪਣਾ ਸਿਆਸੀ ਫਾਇਦਾ ਲੈਣਾ ਚਾਹੁੰਦੇ ਹਨ, ਜੋ ਕਿ ਬਿਲਕੁਲ ਨਹੀਂ ਹੋਣਾ ਚਾਹੀਦਾ।
ਸਾਡੇ ਧਰਮ ਵਿੱਚ ‘ਸੰਗਤ’ ਸਭ ਤੋਂ ਵੱਡੀ, ਲੋਕ ਸਾਡੇ ਨਾਲ
ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਐਸ.ਜੀ.ਪੀ.ਸੀ. ਵੱਲੋਂ ਗੁਰਦੁਆਰਾ ਸਾਹਿਬਾਨ ਵਿੱਚ ਬਾਈਕਾਟ ਦੇ ਬੋਰਡ ਲਗਾਏ ਜਾ ਰਹੇ ਹਨ, ਪਰ ਸਾਡੇ ਧਰਮ ਵਿੱਚ ਸਭ ਤੋਂ ਵੱਡਾ ਰੁਤਬਾ ‘ਸੰਗਤ’ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, “ਮੈਂ ਹਰ ਰੋਜ਼ ਲੋਕਾਂ ਵਿੱਚ ਜਾਂਦਾ ਹਾਂ। ਅੱਜ ਵੀ ਮੈਂ ਕੋਟਕਪੂਰਾ ਦੇ ਪਿੰਡ ਚੰਦਬਾਜਾ ਵਿਖੇ ਲੋਕ ਮਿਲਣੀ ਲਈ ਜਾ ਰਿਹਾ ਹਾਂ। ਲੋਕ ਮੈਨੂੰ ਰਸਤੇ ਵਿੱਚ ਖੜ੍ਹਾ ਕੇ ਸਿਰੋਪਾਓ ਦਿੰਦੇ ਹਨ ਅਤੇ ਹੱਥ ਫੜ ਕੇ ਕਹਿੰਦੇ ਹਨ ਕਿ ਅਸੀਂ ਤੁਹਾਡੇ ਨਾਲ ਹਾਂ।”
ਉਨ੍ਹਾਂ ਅਖੀਰ ਵਿੱਚ ਕਿਹਾ ਕਿ ਵਿਰੋਧੀ ਚਾਹੇ ਜੋ ਮਰਜ਼ੀ ਕਰਨ, ਪਰ ਸਾਡੀ ਸਰਕਾਰ ਦਾ ਧਿਆਨ ਸਿਰਫ਼ ਪਾਣੀ, ਬਿਜਲੀ, ਸੜਕਾਂ, ਸੋਲਰ ਲਾਈਟਾਂ, ਹਸਪਤਾਲਾਂ, ਸਕੂਲਾਂ ਅਤੇ ਨੌਕਰੀਆਂ ਵਰਗੇ ਸਕਾਰਾਤਮਕ (Positive) ਕੰਮਾਂ ਵੱਲ ਹੈ ਅਤੇ ਸੰਗਤ ਜੋ ਵੀ ਫੈਸਲਾ ਕਰੇਗੀ, ਉਹ ਸਿਰ ਮੱਥੇ ਹੋਵੇਗਾ।














