Big Breaking: ਪੰਜਾਬ ‘ਚ ਵੱਡਾ ਸੜਕ ਹਾਦਸਾ! 8 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ
ਸੰਗਰੂਰ ਦੇ ਲਹਿਰਾਗਾਗਾ ‘ਚ ਦਰਦਨਾਕ ਹਾਦਸਾ: ਕੰਮ ਤੋਂ ਬਾਅਦ ਚਾਹ ਪੀ ਰਹੇ ਮਨਰੇਗਾ ਮਜ਼ਦੂਰਾਂ ‘ਤੇ ਚੜ੍ਹੀ ਬੇਕਾਬੂ ਕਾਰ, ਪਰਿਵਾਰਾਂ ‘ਚ ਮਚਿਆ ਚੀਖ-ਚਿਹਾੜਾ- 8 ਗਰੀਬ ਮਜ਼ਦੂਰਾਂ ਦੀ ਗਈ ਜਾਨ, ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਸਖ਼ਤ ਕਾਰਵਾਈ ਅਤੇ ਮੁਆਵਜ਼ੇ ਦਾ ਐਲਾਨ
ਲਹਿਰਾਗਾਗਾ / ਸੰਗਰੂਰ, 18 ਅਕਤੂਬਰ 2026: ਐਤਵਾਰ ਦੀ ਸ਼ਾਮ ਲਹਿਰਾਗਾਗਾ ਖੇਤਰ ਲਈ ਇੱਕ ਦਰਦਨਾਕ ਅਤੇ ਕਾਲਾ ਦਿਨ ਸਾਬਤ ਹੋਈ। ਲਹਿਰਾਗਾਗਾ-ਜਾਖਲ ਮੁੱਖ ਮਾਰਗ ‘ਤੇ ਪਿੰਡ ਚੋਟੀਆਂ ਦੇ ਨੇੜੇ ਇੱਕ ਅਣਹੋਣੀ ਅਤੇ ਭਿਆਨਕ ਸੜਕੀ ਦੁਖਾਂਤ ਵਾਪਰ ਗਿਆ, ਜਿੱਥੇ ਇੱਕ ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਸੜਕ ਦੇ ਕਿਨਾਰੇ ਕੰਮ ਕਰ ਰਹੇ ਮਨਰੇਗਾ ਮਜ਼ਦੂਰਾਂ ਨੂੰ ਬੁਰੇ ਤਰੀਕੇ ਨਾਲ ਦਰੜ ਦਿੱਤਾ। ਇਸ ਦਿਲ-ਕੰਬਾਊ ਹਾਦਸੇ ਵਿੱਚ 8 ਗਰੀਬ ਮਨਰੇਗਾ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦੋ ਦਰਜਨ ਦੇ ਲਗਭਗ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਮੌਕੇ ‘ਤੇ ਬਣੇ ਹਾਲਾਤਾਂ ਨੇ ਹਰ ਕਿਸੇ ਦੀ ਅੱਖ ਨਮ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ, ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ (MGNREGA) ਤਹਿਤ ਲਗਭਗ 23 ਤੋਂ 24 ਮਜ਼ਦੂਰ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬਜ਼ੁਰਗ ਸ਼ਾਮਲ ਸਨ, ਲਹਿਰਾਗਾਗਾ-ਜਾਖਲ ਰੋਡ ਦੇ ਕਿਨਾਰਿਆਂ ‘ਤੇ ਉੱਗੀ ਵਾਧੂ ਘਾਹ-ਫੂਸ ਅਤੇ ਝਾੜੀਆਂ ਦੀ ਸਫ਼ਾਈ ਦਾ ਕੰਮ ਕਰ ਰਹੇ ਸਨ। ਸ਼ਾਮ ਦੇ ਸਮੇਂ ਜਦੋਂ ਉਹ ਆਪਣੇ ਕੰਮ ਤੋਂ ਥੋੜ੍ਹਾ ਸਮਾਂ ਆਰਾਮ ਕਰਨ ਲਈ ਸੜਕ ਦੇ ਕਿਨਾਰੇ ਬੈਠੇ ਚਾਹ ਪੀ ਰਹੇ ਸਨ, ਤਾਂ ਇੱਕ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਤੋਂ ਗੱਡੀ ਸੰਭਾਲੀ ਨਹੀਂ ਗਈ।
ਕਾਰ ਇੰਨੀ ਤੇਜ਼ ਰਫ਼ਤਾਰ ਅਤੇ ਬੇਕਾਬੂ ਸੀ ਕਿ ਉਹ ਸਿੱਧੀ ਮਜ਼ਦੂਰਾਂ ਉੱਪਰ ਚੜ੍ਹ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਮਜ਼ਦੂਰ ਹਵਾ ਵਿੱਚ ਉੱਛਲ ਕੇ ਦੂਰ ਜਾ ਡਿੱਗੇ ਅਤੇ ਕਾਰ ਦਾ ਅਗਲਾ ਹਿੱਸਾ ਵੀ ਬੁਰੇ ਤਰੀਕੇ ਨਾਲ ਚਕਨਾਚੂਰ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਚੀਖ-ਚਿਹਾੜਾ ਅਤੇ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਆਸ-ਪਾਸ ਦੇ ਖੇਤਾਂ ਅਤੇ ਨੇੜਲੀਆਂ ਫੈਕਟਰੀਆਂ ‘ਚੋਂ ਲੋਕ ਮਦਦ ਲਈ ਦੌੜੇ।
ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਦਾ ਦ੍ਰਿਸ਼ ਬਹੁਤ ਹੀ ਭਿਆਨਕ ਸੀ। ਸੜਕ ਕਿਨਾਰੇ ਖ਼ੂਨ ਨਾਲ ਲੱਥਪੱਥ ਲਾ/ਸ਼ਾਂ ਪਈਆਂ ਸਨ ਅਤੇ ਕਈ ਜ਼ਖ਼ਮੀ ਤੜਫ ਰਹੇ ਸਨ। ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਐਂਬੂਲੈਂਸਾਂ ਰਾਹੀਂ ਜ਼ਖ਼ਮੀਆਂ ਨੂੰ ਲਹਿਰਾਗਾਗਾ, ਸੁਨਾਮ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾਇਆ। ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਅਤਿ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ।
ਪਰਿਵਾਰ ਨੂੰ ਛੱਡ ਕੇ ਫ਼ਰਾਰ ਹੋਇਆ ਕਾਰ ਚਾਲਕ
ਮੁੱਢਲੀ ਜਾਣਕਾਰੀ ਅਨੁਸਾਰ, ਕਾਰ ਵਿੱਚ ਚਾਲਕ ਦੇ ਨਾਲ ਉਸ ਦਾ ਪਰਿਵਾਰ ਵੀ ਸਵਾਰ ਸੀ। ਹਾਦਸਾ ਵਾਪਰਨ ਤੋਂ 15-20 ਮਿੰਟ ਬਾਅਦ ਜਦੋਂ ਘਟਨਾ ਸਥਾਨ ‘ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣ ਲੱਗੇ, ਤਾਂ ਕਾਰ ਚਾਲਕ ਚਲਾਕੀ ਨਾਲ ਆਪਣੇ ਪਰਿਵਾਰ ਅਤੇ ਨੁਕਸਾਨੀ ਹੋਈ ਗੱਡੀ ਨੂੰ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਕਾਰ ਚਾਲਕ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ ਜਾਂ ਹਾਦਸਾ ਤੇਜ਼ ਰਫ਼ਤਾਰ ਅਤੇ ਅਣਗਹਿਲੀ ਕਾਰਨ ਵਾਪਰਿਆ।
ਇਸ ਦੁਖ਼ਦਾਈ ਖ਼ਬਰ ‘ਤੇ ਲਹਿਰਾਗਾਗਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, “ਇਹ ਬਹੁਤ ਹੀ ਦਰਦਨਾਕ ਹਾਦਸਾ ਹੈ। ਗਰੀਬ ਮਜ਼ਦੂਰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਕੰਮ ਕਰ ਰਹੇ ਸਨ। ਸਾਡੀ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ।” ਮੰਤਰੀ ਗੋਇਲ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਮੌਕੇ ‘ਤੇ ਤਾਇਨਾਤ ਹਨ।
ਜ਼ਖ਼ਮੀਆਂ ਨੂੰ ਬਿਹਤਰ ਤੋਂ ਬਿਹਤਰ ਮੁਫ਼ਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਕਾਰ ਚਾਲਕ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਗਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਬਣਦੀ ਮਾਲੀ ਮਦਦ ਅਤੇ ਪੂਰਾ ਇਨਸਾਫ਼ ਦਵਾਇਆ ਜਾਵੇਗਾ।
ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਅਤੇ ਜ਼ਖ਼ਮੀ ਹੋਣ ਵਾਲੇ ਜ਼ਿਆਦਾਤਰ ਮਜ਼ਦੂਰ ਇੱਕੋ ਹੀ ਪਿੰਡ ਅਤੇ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਸਨ। ਜਿਵੇਂ ਹੀ ਹਾਦਸੇ ਦੀ ਖ਼ਬਰ ਪਿੰਡ ਵਿੱਚ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾਂ ਦੇ ਘਰਾਂ ਵਿੱਚ ਚੀਖ-ਚਿਹਾੜਾ ਮਚ ਗਿਆ ਅਤੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਗਰੀਬ ਪਰਿਵਾਰਾਂ ਦੇ ਕਮਾਉਣ ਵਾਲੇ ਜੀਆਂ ਦੀ ਅਚਾਨਕ ਮੌਤ ਨਾਲ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪੈ ਗਏ ਹਨ।
















