Join WhatsApp

Join Now

Big Breaking: ਸ਼ੀਤਲਾ ਮਾਤਾ ਮੰਦਰ ਨੇੜੇ ਵੱਡਾ ਸੜਕ ਹਾਦਸਾ, 13 ਸ਼ਰਧਾਲੂਆਂ ਦੀ ਮੌਤ, 39 ਜ਼ਖ਼ਮੀ

On: October 18, 2026 9:49 AM

 

Big Breaking: ਸ਼ੀਤਲਾ ਮਾਤਾ ਮੰਦਰ ਨੇੜੇ ਵੱਡਾ ਸੜਕ ਹਾਦਸਾ, 13 ਸ਼ਰਧਾਲੂਆਂ ਦੀ ਮੌਤ, 39 ਜ਼ਖ਼ਮੀ

ਗਵਾਲੀਅਰ, 18 ਅਕਤੂਬਰ 2026: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸ਼ੀਤਲਾ ਮਾਤਾ ਮੰਦਰ ਨੇੜੇ ਨਰਾਤਿਆਂ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਭੀੜ ਵਿੱਚ ਝੋਨੇ ਨਾਲ ਭਰਿਆ ਇੱਕ ਬੇਕਾਬੂ ਟਰੱਕ ਜਾ ਵੜਿਆ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 39 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਡਿਊਟੀ ’ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।

ਮੁੱਢਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਰਾਤ ਕਰੀਬ ਡੇਢ ਵਜੇ ਛਿਨੌਰ ਰੋਡ ’ਤੇ ਵਾਪਰਿਆ। ਸ਼ਾਰਦੀ ਨਵਰਾਤਰੀ ਦੀ ਅਸ਼ਟਮੀ ਹੋਣ ਕਾਰਨ ਮੰਦਰ ਵਿੱਚ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਸਨ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੰਦਰ ਵੱਲ ਜਾਣ ਵਾਲੇ ਰਸਤੇ ’ਤੇ ਬੈਰੀਕੇਡ ਲਗਾਏ ਗਏ ਸਨ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਗਈ ਸੀ।

ਗਵਾਲੀਅਰ ਦੇ ਐੱਸਐੱਸਪੀ ਧਰਮਵੀਰ ਸਿੰਘ ਮੁਤਾਬਕ, ਛਿਨੌਰ ਵੱਲੋਂ ਆ ਰਹੇ ਝੋਨੇ ਨਾਲ ਭਰੇ ਟਰੱਕ ਨੂੰ ਪੁਲਿਸ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਬੈਰੀਕੇਡ ਤੋੜ ਕੇ ਅੱਗੇ ਨਿਕਲ ਗਿਆ ਅਤੇ ਸ਼ਰਧਾਲੂਆਂ ਨੂੰ ਕੁਚਲਦਾ ਹੋਇਆ ਲੰਘ ਗਿਆ। ਇਸ ਤੋਂ ਬਾਅਦ ਟਰੱਕ ਮੰਦਰ ਦੀ ਬਾਹਰੀ ਕੰਧ ਅਤੇ ਗੇਟ ਨਾਲ ਟਕਰਾ ਕੇ ਪਲਟ ਗਿਆ। ਕਈ ਜ਼ਖ਼ਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚ ਹੱਡੀਆਂ ਟੁੱਟਣ ਦੇ ਮਾਮਲੇ ਵੀ ਸ਼ਾਮਲ ਹਨ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਗਵਾਲੀਅਰ ਦੀ ਜ਼ਿਲ੍ਹਾ ਮੈਜਿਸਟ੍ਰੇਟ ਰੁਚਿਕਾ ਚੌਹਾਨ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਟਰੱਕ ਦੀ ਤਕਨੀਕੀ ਜਾਂਚ ਕਰਵਾਉਣ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਰਟੀਓ ਨੂੰ ਨਿਰਦੇਸ਼ ਦਿੱਤੇ। ਜਾਂਚ ਵਿੱਚ ਇਹ ਪਤਾ ਲਗਾਇਆ ਜਾਵੇਗਾ ਕਿ ਟਰੱਕ ਕਿਸ ਦਾ ਸੀ, ਚਾਲਕ ਕੌਣ ਸੀ, ਵਾਹਨ ਵਿੱਚ ਕੋਈ ਤਕਨੀਕੀ ਨੁਕਸ ਸੀ ਜਾਂ ਨਹੀਂ ਅਤੇ ਕੀ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ।

ਪ੍ਰਸ਼ਾਸਨ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਲਈ ਬੈਰੀਕੇਡ ਲੱਗੇ ਹੋਣ ਦੇ ਬਾਵਜੂਦ ਟਰੱਕ ਬੰਦ ਰਸਤੇ ’ਤੇ ਕਿਵੇਂ ਦਾਖ਼ਲ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਨੇ ਧਾਰਮਿਕ ਸਥਾਨਾਂ ’ਤੇ ਤਿਉਹਾਰਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

 

Leave a Comment