BIG BREAKING- ਦਿੱਲੀ ਏਅਰਪੋਰਟ ‘ਤੇ ਜਹਾਜ਼ ਨੂੰ ਲੱਗੀ ਅੱਗ; 6 ਯਾਤਰੀ ਜ਼ਖ਼ਮੀ
ਨਵੀਂ ਦਿੱਲੀ 26 ਅਪ੍ਰੈਲ 2026: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਤੋਂ ਇੱਕ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਤੋਂ ਜ਼ਿਊਰਿਖ ਜਾ ਰਹੀ ਸਵਿਸ ਏਅਰ ਦੀ ਫਲਾਈਟ ਦਾ ਉਡਾਣ ਭਰਨ ਵੇਲੇ ਇੰਜਣ ਫੇਲ੍ਹ ਹੋ ਗਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ।
ਇਸ ਹਾਦਸੇ ਦੌਰਾਨ 6 ਯਾਤਰੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਐਤਵਾਰ ਤੜਕੇ ਕਰੀਬ 1:08 ਵਜੇ Airbus A330 (ਫਲਾਈਟ LX 147) ਉਡਾਣ ਭਰਨ ਦੀ ਤਿਆਰੀ ਵਿੱਚ ਸੀ।
ਜਿਵੇਂ ਹੀ ਜਹਾਜ਼ ਰਨਵੇਅ ‘ਤੇ ਦੌੜਿਆ, ਉਸ ਦਾ ਪਹਿਲਾ ਇੰਜਣ ਫੇਲ੍ਹ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਖ਼ਤਰੇ ਨੂੰ ਦੇਖਦਿਆਂ ਪਾਇਲਟ ਨੇ ਤੁਰੰਤ ਉਡਾਣ ਰੱਦ ਕਰ ਦਿੱਤੀ।
ਐਮਰਜੈਂਸੀ ਐਗਜ਼ਿਟ ਰਾਹੀਂ ਕੱਢੇ ਯਾਤਰੀ
ਜਹਾਜ਼ ਵਿੱਚ 228 ਯਾਤਰੀ ਅਤੇ 4 ਬੱਚੇ ਸਵਾਰ ਸਨ। ਅੱਗ ਲੱਗਣ ਕਾਰਨ ਸਥਿਤੀ ਤਣਾਅਪੂਰਨ ਹੋ ਗਈ, ਜਿਸ ਤੋਂ ਬਾਅਦ ਕਰੂ ਮੈਂਬਰਾਂ ਨੇ ਐਮਰਜੈਂਸੀ ਸਲਾਈਡਾਂ ਦੀ ਵਰਤੋਂ ਕਰਕੇ ਯਾਤਰੀਆਂ ਨੂੰ ਬਾਹਰ ਕੱਢਿਆ।
Emergency evacuation from Swiss Delhi – Zurich flight LX0147 pic.twitter.com/rvzhCPb3bg
— Ishan Jain (@JainIshan316) April 25, 2026
ਇਸ ਪ੍ਰਕਿਰਿਆ ਦੌਰਾਨ 6 ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ। ਜੋ ਯਾਤਰੀ ਸਲਾਈਡ ਦੀ ਵਰਤੋਂ ਨਹੀਂ ਕਰ ਸਕੇ, ਉਨ੍ਹਾਂ ਲਈ ਪੌੜੀਆਂ ਦਾ ਪ੍ਰਬੰਧ ਕੀਤਾ ਗਿਆ।
ਸਵਿਸ ਏਅਰ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, “ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਹਾਜ਼ ਨੂੰ ਤੁਰੰਤ ਖ਼ਾਲੀ ਕਰਵਾਉਣ ਦਾ ਫੈਸਲਾ ਲਿਆ ਗਿਆ।

ਕਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਘਟਨਾ ਦੀ ਜਾਂਚ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।” ਹਾਦਸੇ ਤੋਂ ਬਾਅਦ ਦਿੱਲੀ ਏਅਰਪੋਰਟ ਪ੍ਰਸ਼ਾਸਨ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਦਿੱਲੀ ਏਅਰਪੋਰਟ ‘ਤੇ ਅਕਾਸਾ ਏਅਰ ਅਤੇ ਸਪਾਈਸਜੈੱਟ ਦੇ ਦੋ ਜਹਾਜ਼ਾਂ ਦੇ ਖੰਭ ਆਪਸ ਵਿੱਚ ਟਕਰਾ ਗਏ ਸਨ। ਪੁਲਿਸ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇੰਜਣ ਫੇਲ੍ਹ ਹੋਣ ਦਾ ਅਸਲ ਕਾਰਨ ਕੀ ਸੀ?






