Big Breaking: ਅਕਾਲੀ-ਭਾਜਪਾ ਗੱਠਜੋੜ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

On: ਜੂਨ 13, 2026 2:20 ਬਾਃ ਦੁਃ

 

Big Breaking: ਅਕਾਲੀ-ਭਾਜਪਾ ਗੱਠਜੋੜ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

ਅਕਾਲੀ ਦਲ ਨਾਲ ਗੱਠਜੋੜ ‘ਚ ਹੁਣ ਛੋਟਾ ਭਰਾ ਨਹੀਂ ਬਣੇਗੀ ਭਾਜਪਾ, ਸਾਨੂੰ ਵੱਡੇ ਭਰਾ ਦੀ ਭੂਮਿਕਾ ਮਨਜ਼ੂਰ”- ਭਾਜਪਾ ਹੁਣ ਦੇਸ਼ ਹੀ ਨਹੀਂ ਬਲਕਿ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ, ਅਕਾਲੀ ਦਲ ਨੂੰ ਸਵੀਕਾਰ ਕਰਨੀ ਪਵੇਗੀ ਹਕੀਕਤ: ਹਰਦੀਪ ਪੁਰੀ

ਲੁਧਿਆਣਾ, 13 ਜੂਨ 2026- ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਹੁਣੇ ਤੋਂ ਤੇਜ਼ ਹੋ ਗਈਆਂ ਹਨ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵਿਤ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਹਰਦੀਪ ਪੁਰੀ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਦੋਹਾਂ ਪਾਰਟੀਆਂ ਵਿਚਾਲੇ ਕੋਈ ਅਲਾਇੰਸ (ਗਠਜੋੜ) ਹੁੰਦਾ ਹੈ, ਤਾਂ ਭਾਰਤੀ ਜਨਤਾ ਪਾਰਟੀ ‘ਛੋਟੇ ਭਰਾ’ ਦੀ ਭੂਮਿਕਾ ਵਿੱਚ ਬਿਲਕੁਲ ਨਹੀਂ ਰਹੇਗੀ, ਬਲਕਿ ਬੀਜੇਪੀ ਵੱਡੇ ਭਰਾ ਦੀ ਭੂਮਿਕਾ ਅਦਾ ਕਰੇਗੀ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ, “ਭਾਜਪਾ ਇਸ ਵਕਤ ਭਾਰਤ ਦੀ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਜੇਕਰ ਕੋਈ ਇਹ ਸਮਝਦਾ ਹੈ ਕਿ ਗਠਜੋੜ ਕਰਕੇ ਤੁਸੀਂ ਸਾਨੂੰ ਛੋਟਾ ਭਰਾ ਬਣਾ ਲਵੋਗੇ, ਤਾਂ ਉਹ ਗੱਲ ਹੁਣ ਨਹੀਂ ਚੱਲੇਗੀ।” ਉਨ੍ਹਾਂ ਅਕਾਲੀ ਦਲ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਕੋਈ ਗੱਲਬਾਤ ਕਰਨੀ ਹੈ ਤਾਂ ਆਉਣ, ਪਰ ਹੁਣ ਗੱਲਬਾਤ ਪਾਰਟੀਆਂ ਦੇ ਸਾਈਜ਼ (ਕਦ) ਅਤੇ ਮੁਕਾਬਲੇ ਦੇ ਹਿਸਾਬ ਨਾਲ ਹੀ ਹੋਵੇਗੀ। ਸੀਟਾਂ ਦੀ ਵੰਡ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਆ ਕੇ ਕਹਿੰਦੇ ਸਨ ਕਿ 13 ਲੋਕ ਸਭਾ ਸੀਟਾਂ ਵਿੱਚੋਂ ਬੀਜੇਪੀ 3 ਲੈ ਲਵੇ, ਪਰ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਤਕਰੀਬਨ ਦੋ ਦਹਾਕਿਆਂ ਤੋਂ ਵੱਧ ਸਮਾਂ ਪੁਰਾਣਾ ਗਠਜੋੜ ਰਿਹਾ ਹੈ, ਜਿਸ ਨੂੰ ਪੰਜਾਬ ਦੀ ਸਿਆਸਤ ਵਿੱਚ ‘ਨਹੁੰ-ਮਾਸ ਦਾ ਰਿਸ਼ਤਾ’ ਕਿਹਾ ਜਾਂਦਾ ਸੀ। ਪਰ ਸਾਲ 2020 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਇਹ ਗਠਜੋੜ ਟੁੱਟ ਗਿਆ ਸੀ। ਹੁਣ ਇਸ ਅਲਾਇੰਸ ਨੂੰ ਟੁੱਟਿਆਂ ਤਕਰੀਬਨ 6 ਸਾਲ ਬੀਤ ਚੁੱਕੇ ਹਨ ਅਤੇ ਇਨ੍ਹਾਂ 6 ਸਾਲਾਂ ਦੌਰਾਨ ਦੋਹਾਂ ਪਾਰਟੀਆਂ ਨੇ ਮਿਲ ਕੇ ਕੋਈ ਚੋਣ ਨਹੀਂ ਲੜੀ।

ਜੇਕਰ ਪੁਰਾਣੇ ਚੋਣ ਫਾਰਮੂਲੇ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਮਹਿਜ਼ 23 ਸੀਟਾਂ ‘ਤੇ ਚੋਣ ਲੜਦੀ ਸੀ ਅਤੇ ਛੋਟੇ ਭਰਾ ਵਜੋਂ ਭੂਮਿਕਾ ਨਿਭਾਉਂਦੀ ਸੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਭਰਾ ਵਜੋਂ 94 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰਦਾ ਸੀ।

ਪਰ ਗਠਜੋੜ ਟੁੱਟਣ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਦੋਹਾਂ ਪਾਰਟੀਆਂ ਨੇ ਆਪਣੇ-ਆਪਣੇ ਦਮ ‘ਤੇ ਲੜੀਆਂ ਸਨ, ਜਿੱਥੇ 117 ਸੀਟਾਂ ‘ਤੇ ਚੋਣ ਲੜ ਕੇ ਭਾਜਪਾ ਦੇ ਖਾਤੇ ਵਿੱਚ ਮਹਿਜ਼ 2 ਸੀਟਾਂ ਅਤੇ ਅਕਾਲੀ ਦਲ ਦੇ ਖਾਤੇ ਵਿੱਚ ਸਿਰਫ਼ 3 ਸੀਟਾਂ ਆਈਆਂ ਸਨ। ਹੁਣ 2027 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਅਤੇ ਹਰਦੀਪ ਪੁਰੀ ਦੇ ਇਸ ਬਿਆਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜੇਕਰ ਅਕਾਲੀ ਦਲ ਨੂੰ ਭਾਜਪਾ ਨਾਲ ਹੱਥ ਮਿਲਾਉਣਾ ਹੈ, ਤਾਂ ਉਸ ਨੂੰ ਬੀਜੇਪੀ ਦੀ ਸੀਨੀਅਰਤਾ ਅਤੇ ਵੱਡੇ ਕਦ ਨੂੰ ਸਵੀਕਾਰ ਕਰਨਾ ਪਵੇਗਾ।

 

Join WhatsApp

Join Now

Leave a Comment