ਪੰਜਾਬ ਦੀ ਸਿਆਸਤ ‘ਚ ਵੱਡਾ ਫੇਰਬਦਲ: ਤਿੰਨ ਚੋਣਾਂ ਹਾਰਨ ਮਗਰੋਂ ਸੀਨੀਅਰ ਲੀਡਰ ਨੇ ਚੌਥੀ ਵਾਰ ਬਦਲੀ ਪਾਰਟੀ; ਭਾਜਪਾ ਛੱਡ ‘ਅਕਾਲੀ ਦਲ ਵਾਰਿਸ ਪੰਜਾਬ’ ‘ਚ ਹੋਏ ਸ਼ਾਮਲ

On: ਜੂਨ 24, 2026 9:16 ਬਾਃ ਦੁਃ

 

ਪੰਜਾਬ ਦੀ ਸਿਆਸਤ ‘ਚ ਵੱਡਾ ਫੇਰਬਦਲ: ਤਿੰਨ ਚੋਣਾਂ ਹਾਰਨ ਮਗਰੋਂ ਸੀਨੀਅਰ ਲੀਡਰ ਨੇ ਚੌਥੀ ਵਾਰ ਬਦਲੀ ਪਾਰਟੀ; ਭਾਜਪਾ ਛੱਡ ‘ਅਕਾਲੀ ਦਲ ਵਾਰਿਸ ਪੰਜਾਬ’ ‘ਚ ਹੋਏ ਸ਼ਾਮਲ

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, MP ਸਰਬਜੀਤ ਖਾਲਸਾ ਅਤੇ ਵਿਧਾਇਕ ਮਨਪ੍ਰੀਤ ਇਆਲੀ ਦੀ ਮੌਜੂਦਗੀ ਵਿੱਚ ਫੜਿਆ ਪਾਰਟੀ ਦਾ ਪੱਲਾ

ਖੰਨਾ, 24 ਜੂਨ 2026- ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਆਪਣੀ ਪਛਾਣ ਮਜ਼ਬੂਤ ਕਰਨ ਲਈ ਜੱਦੋ-ਜਹਿਦ ਕਰ ਰਹੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਭੱਟੀ ਨੇ ਇੱਕ ਵਾਰ ਫਿਰ ਨਵਾਂ ਸਿਆਸੀ ਰਾਹ ਚੁਣ ਲਿਆ ਹੈ। ਭਾਰਤੀ ਜਨਤਾ ਪਾਰਟੀ (BJP) ਨੂੰ ਅਲਵਿਦਾ ਕਹਿਣ ਤੋਂ ਕੁਝ ਦਿਨਾਂ ਬਾਅਦ ਹੀ ਉਹ ਅਧਿਕਾਰਤ ਤੌਰ ‘ਤੇ ‘ਅਕਾਲੀ ਦਲ ਵਾਰਿਸ ਪੰਜਾਬ’ ਵਿੱਚ ਸ਼ਾਮਲ ਹੋ ਗਏ ਹਨ।

ਭੱਟੀਆਂ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।

ਭੱਟੀ ਦਾ ਰਾਜਨੀਤਿਕ ਸਫ਼ਰ ਕਈ ਵੱਡੇ ਮੋੜਾਂ ਵਾਲਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਉਹ ਮਨਪ੍ਰੀਤ ਸਿੰਘ ਬਾਦਲ ਦੀ ‘ਪੀਪਲਜ਼ ਪਾਰਟੀ ਆਫ਼ ਪੰਜਾਬ’ (PPP) ਵਿੱਚ ਗਏ ਅਤੇ 2012 ਵਿੱਚ ਖੰਨਾ ਤੋਂ ਚੋਣ ਲੜੀ ਪਰ ਹਾਰ ਗਏ। ਇਸ ਤੋਂ ਬਾਅਦ ਉਹ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਏ ਅਤੇ 2017 ਵਿੱਚ ਅਮਲੋਹ ਹਲਕੇ ਤੋਂ ਕਿਸਮਤ ਅਜ਼ਮਾਈ, ਪਰ ਨਤੀਜਾ ਫਿਰ ਵੀ ਹਾਰ ਵਿੱਚ ਰਿਹਾ।

ਬਾਅਦ ਵਿੱਚ ‘ਆਪ’ ਨੂੰ ਛੱਡ ਕੇ ਉਹ ਭਾਜਪਾ ਵਿੱਚ ਗਏ, ਜਿੱਥੇ ਪਾਰਟੀ ਨੇ ਉਨ੍ਹਾਂ ਨੂੰ 2022 ਵਿੱਚ ਖੰਨਾ ਤੋਂ ਉਮੀਦਵਾਰ ਬਣਾਇਆ, ਪਰ ਉਹ ਤੀਜੀ ਵਾਰ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਿੱਚ ਅਸਫਲ ਰਹੇ। ਸਿਆਸੀ ਮਾਹਰਾਂ ਮੁਤਾਬਕ, ਭੱਟੀ ਦੀ ਸਭ ਤੋਂ ਵੱਡੀ ਕਮਜ਼ੋਰੀ ਚੋਣਾਂ ਤੋਂ ਬਾਅਦ ਜ਼ਮੀਨੀ ਪੱਧਰ ‘ਤੇ ਸਰਗਰਮੀ ਘਟਾਉਣਾ ਰਹੀ ਹੈ, ਜਿਸ ਕਾਰਨ ਉਹ ਇੱਕ ਪੱਕਾ ਵੋਟ ਬੈਂਕ ਤਿਆਰ ਨਹੀਂ ਕਰ ਸਕੇ। ਲੋਕਾਂ ਵਿੱਚ ਇਹ ਚਰਚਾ ਵੀ ਹੈ ਕਿ ਉਨ੍ਹਾਂ ਨੇ ਹਮੇਸ਼ਾ ਵਿਚਾਰਧਾਰਾ ਨਾਲੋਂ ਸਿਆਸੀ ਮੌਕਿਆਂ ਨੂੰ ਵੱਧ ਤਰਜੀਹ ਦਿੱਤੀ ਹੈ।

ਸੂਤਰਾਂ ਮੁਤਾਬਕ, ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਲ ਹੋਣ ਤੋਂ ਬਾਅਦ ਚਰਚਾ ਹੈ ਕਿ ਗੁਰਪ੍ਰੀਤ ਭੱਟੀ ਆਉਣ ਵਾਲੀਆਂ ਚੋਣਾਂ ਵਿੱਚ ਖੰਨਾ ਜਾਂ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਗੁਰਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਵਿਚਾਰਧਾਰਕ ਤੌਰ ‘ਤੇ ਹਮੇਸ਼ਾ ਅਕਾਲੀ ਸੋਚ ਨਾਲ ਜੁੜਿਆ ਰਿਹਾ ਹੈ। ਸਾਲ 2010 ਦੇ ਆਸ-ਪਾਸ ਸ਼੍ਰੋਮਣੀ ਅਕਾਲੀ ਦਲ ਦੀ ਬਦਲਦੀ ਦਿਸ਼ਾ ਕਾਰਨ ਉਨ੍ਹਾਂ ਨੇ ਪਾਰਟੀ ਛੱਡੀ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਅਜਿਹਾ ਮੰਚ ਨਹੀਂ ਮਿਲਿਆ ਜੋ ਪੰਜਾਬ ਅਤੇ ਪੰਥ ਦੇ ਅਸਲ ਹਿੱਤਾਂ ਦੀ ਗੱਲ ਕਰਦਾ ਹੋਵੇ। ਭੱਟੀ ਨੇ ਕਿਹਾ ਕਿ ਉਹ ‘ਅਕਾਲੀ ਦਲ ਵਾਰਿਸ ਪੰਜਾਬ’ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ, ਬਿਨਾਂ ਕਿਸੇ ਅਹੁਦੇ, ਲਾਲਚ ਜਾਂ ਸ਼ਰਤ ਦੇ ਪੂਰੀ ਨਿਸ਼ਠਾ ਨਾਲ ਕੰਮ ਕਰਨ ਲਈ ਪਾਰਟੀ ਵਿੱਚ ਸ਼ਾਮਲ ਹੋਏ ਹਨ।

 

Join WhatsApp

Join Now

Leave a Comment