ਵੱਡੀ ਖ਼ਬਰ: ਯਮੁਨਾ ਨਦੀ ‘ਚ ਕਿਸ਼ਤੀ ਪਲਟਣ ਕਾਰਨ ਪੰਜਾਬ ਦੇ 10 ਲੋਕਾਂ ਦੀ ਮੌਤ
ਮਥੁਰਾ/ਲੁਧਿਆਣਾ, 10 ਅਪ੍ਰੈਲ 2026:
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬ੍ਰਿੰਦਾਵਨ ਦੇ ਕੇਸ਼ੀ ਘਾਟ ‘ਤੇ ਯਮੁਨਾ ਨਦੀ ਵਿੱਚ ਸ਼ਰਧਾਲੂਆਂ ਨਾਲ ਭਰਿਆ ਇੱਕ ਸਟੀਮਰ ਪਲਟਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਸਨ, ਜੋ ਬ੍ਰਿੰਦਾਵਨ ਵਿੱਚ ਦਰਸ਼ਨ-ਪੂਜਾ ਲਈ ਆਏ ਹੋਏ ਸਨ।
ਡੀਆਈਜੀ ਆਗਰਾ, ਸ਼ੈਲੇਸ਼ ਪਾਂਡੇ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਸਵਾ 3 ਵਜੇ ਕੇਸ਼ੀ ਘਾਟ ‘ਤੇ ਵਾਪਰਿਆ, ਜੋ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ ਕਰੀਬ ਢਾਈ ਕਿਲੋਮੀਟਰ ਦੀ ਦੂਰੀ ‘ਤੇ ਹੈ। ਸਟੀਮਰ ਵਿੱਚ ਲਗਭਗ 25 ਤੋਂ 27 ਲੋਕ ਸਵਾਰ ਸਨ। ਸਟੀਮਰ ਨਦੀ ਵਿੱਚ ਬਣੇ ਇੱਕ ਪਾਂਟੂਨ ਪੁਲ (ਪੀਪਿਆਂ ਵਾਲਾ ਪੁਲ) ਨਾਲ ਟਕਰਾ ਗਿਆ, ਜਿਸ ਕਾਰਨ ਇਹ ਸੰਤੁਲਨ ਵਿਗੜਨ ਕਰਕੇ ਪਲਟ ਗਿਆ।
ਮਥੁਰਾ ਦੇ ਡੀਐਮ ਚੰਦ ਪ੍ਰਕਾਸ਼ ਸਿੰਘ ਅਨੁਸਾਰ ਹੁਣ ਤੱਕ 14 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੁਣ ਤੱਕ 10 ਸ਼ਰਧਾਲੂਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਅਜੇ ਵੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਲਈ NDRF, SDRF ਅਤੇ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਸਥਾਨਕ ਪੁਲਿਸ, ਗੋਤਾਖੋਰ ਅਤੇ ਮੈਡੀਕਲ ਟੀਮਾਂ ਮੌਕੇ ‘ਤੇ ਮੁਸਤੈਦ ਹਨ।
ਹਾਦਸੇ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੋਦੀ ਨੇ ਕਿਹਾ, “ਮਥੁਰਾ ਵਿੱਚ ਕਿਸ਼ਤੀ ਪਲਟਣ ਕਾਰਨ ਹੋਏ ਹਾਦਸੇ ਤੋਂ ਮੈਂ ਬਹੁਤ ਦੁਖੀ ਹਾਂ। ਮੇਰੀ ਸੰਵੇਦਨਾ ਉਨ੍ਹਾਂ ਲੋਕਾਂ ਪ੍ਰਤੀ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ।”
CM ਭਗਵੰਤ ਮਾਨ ਨੇ ਵੀ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਅੱਜ, ਜਗਰਾਉਂ ਸ਼ਹਿਰ ਦੇ ਵਸਨੀਕਾਂ ਨੂੰ ਵ੍ਰਿੰਦਾਵਨ ਦੇ ਦਰਸ਼ਨਾਂ ਲਈ ਲੈ ਜਾ ਰਹੀ ਇੱਕ ਕਿਸ਼ਤੀ ਮਥੁਰਾ ਨੇੜੇ ਯਮੁਨਾ ਨਦੀ ਵਿੱਚ ਪਲਟ ਗਈ ਜਿਸ ਵਿੱਚ 32 ਲੋਕ ਸਵਾਰ ਸਨ.. ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਕੁਝ ਸ਼ਰਧਾਲੂਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ.. ਮੈਂ ਉੱਤਰ ਪ੍ਰਦੇਸ਼ ਸਰਕਾਰ ਦੇ ਸੰਪਰਕ ਵਿੱਚ ਹਾਂ.. ਬਾਕੀ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਦੂਜੇ ਪਾਸੇ ਜਿਵੇਂ ਹੀ ਇਹ ਖ਼ਬਰ ਲੁਧਿਆਣਾ ਪਹੁੰਚੀ, ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।






