ਵੱਡੀ ਖ਼ਬਰ: Pak ਫ਼ੌਜ ਦੇ ਹਵਾਈ ਹਮਲੇ ‘ਚ 36 ਨਾਗਰਿਕਾਂ ਦੀ ਮੌਤ, 160 ਤੋਂ ਵੱਧ ਜ਼ਖ਼ਮੀ!
ਕਾਬੁਲ/ਇਸਲਾਮਾਬਾਦ, 29 ਜੂਨ 2026-
ਪਾਕਿਸਤਾਨੀ ਫ਼ੌਜ ਵੱਲੋਂ ਐਤਵਾਰ ਰਾਤ ਨੂੰ ਅਫ਼ਗਾਨਿਸਤਾਨ ਸਰਹੱਦ ਦੇ ਨੇੜੇ ਕੀਤੇ ਗਏ ਵੱਡੇ ਹਵਾਈ ਅਤੇ ਜ਼ਮੀਨੀ ਹਮਲਿਆਂ ਵਿੱਚ ਭਾਰੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਹੈ। ਅਫ਼ਗਾਨ ਅਧਿਕਾਰੀਆਂ ਅਨੁਸਾਰ ਇਨ੍ਹਾਂ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 36 ਆਮ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਦਕਿ 160 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋਏ ਹਨ।
ਦੂਜੇ ਪਾਸੇ, ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਵੱਖਰਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ, ਪਾਕਿਸਤਾਨੀ ਸੁਰੱਖਿਆ ਬਲਾਂ ਨੇ ਐਤਵਾਰ ਦੇਰ ਰਾਤ ਅਫ਼ਗਾਨਿਸਤਾਨ ਸਰਹੱਦ ‘ਤੇ ਇੱਕ ਵੱਡੀ ਜ਼ਮੀਨੀ ਕਾਰਵਾਈ (Ground Operation) ਨੂੰ ਅੰਜਾਮ ਦਿੱਤਾ। ਇਸ ਕਾਰਵਾਈ ਦੌਰਾਨ ਅੱਤਵਾਦੀਆਂ ਦੇ ਲੁਕਣ ਵਾਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 29 ਅੱਤਵਾਦੀ ਮਾਰੇ ਗਏ ਹਨ।
ਜਿੱਥੇ ਪਾਕਿਸਤਾਨ ਇਸ ਨੂੰ ਅੱਤਵਾਦ ਵਿਰੁੱਧ ਇੱਕ ਸਫ਼ਲ ਫ਼ੌਜੀ ਕਾਰਵਾਈ ਦੱਸ ਰਿਹਾ ਹੈ, ਉੱਥੇ ਹੀ ਅਫ਼ਗਾਨਿਸਤਾਨ ਵੱਲੋਂ ਵੱਡੀ ਗਿਣਤੀ ਵਿੱਚ ਆਮ ਨਾਗਰਿਕਾਂ ਦੇ ਮਾਰੇ ਜਾਣ ਦੇ ਲਗਾਏ ਗਏ ਦੋਸ਼ਾਂ ਕਾਰਨ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਤਣਾਅ ਹੋਰ ਵਧਣ ਦਾ ਖ਼ਦਸ਼ਾ ਹੈ।

















