ਵੱਡੀ ਖ਼ਬਰ: ਲਾਪਰਵਾਹੀ ਦੇ ਦੋਸ਼ ‘ਚ 4 ਅਧਿਕਾਰੀ ਮੁਅੱਤਲ
ਅਲੀਗੰਜ ਦੀ ਤਿੰਨ-ਮੰਜ਼ਿਲਾ ਵਪਾਰਕ ਇਮਾਰਤ ਵਿੱਚ ਲੱਗੀ ਸੀ ਭਿਆਨਕ ਅੱਗ; CM ਯੋਗੀ ਨੇ ਬਣਾਈ 2 ਮੈਂਬਰੀ SIT- ਰਿਹਾਇਸ਼ੀ ਮਕਾਨ ਵਜੋਂ ਪਾਸ ਨਕਸ਼ੇ ‘ਤੇ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੀਆਂ ਸਨ ਵਪਾਰਕ ਗਤੀਵਿਧੀਆਂ
ਲਖਨਊ, 23 ਜੂਨ 2026-
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਇਲਾਕੇ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਤਿੰਨ-ਮੰਜ਼ਿਲਾ ਵਪਾਰਕ (ਕਮਰਸ਼ੀਅਲ) ਇਮਾਰਤ ਵਿੱਚ ਵਾਪਰੇ ਭਿਆਨਕ ਅੱਗ ਕਾਂਡ ਦੇ ਮਾਮਲੇ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੇਹੱਦ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਵੱਡੀ ਕਾਰਵਾਈ ਕਰਦਿਆਂ, ਡਿਊਟੀ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਚਾਰ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਾਦਸੇ ਦੀ ਡੂੰਘਾਈ ਨਾਲ ਜਾਂਚ ਲਈ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਵੀ ਕਰ ਦਿੱਤਾ ਹੈ। ਦੂਜੇ ਪਾਸੇ, ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਐਕਸ਼ਨ ਲੈਂਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਮ ਕ੍ਰਿਸ਼ਨ ਉਪਾਧਿਆਏ (43), ਵੀਰੇਂਦਰ ਪ੍ਰਸਾਦ ਸ਼ੁਕਲਾ (62) ਅਤੇ ਤੁਸ਼ਾਰ ਕ੍ਰਿਸ਼ਨ ਜੈਸਵਾਲ (31) ਵਜੋਂ ਹੋਈ ਹੈ।
ਅਧਿਕਾਰੀਆਂ ਮੁਤਾਬਕ ਇਹ ਤਿੰਨੇ ਵਿਅਕਤੀ ਉਸ ਇਮਾਰਤ ਦੇ ਸਾਂਝੇ ਮਾਲਕ ਹਨ, ਜਿਸ ਵਿੱਚ ਅੱਗ ਲੱਗੀ ਸੀ। ਪੁਲਿਸ ਨੇ ਕੁੱਲ 6 ਨਾਮਜ਼ਦ ਮੁਲਜ਼ਮਾਂ ਅਤੇ ਕੁਝ ਹੋਰ ਅਣਪਛਾਤਿਆਂ ਖ਼ਿਲਾਫ਼ ‘ਭਾਰਤੀ ਨਿਆਂ ਸੰਹਿਤਾ’ (BNS) ਅਤੇ ‘ਉੱਤਰ ਪ੍ਰਦੇਸ਼ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਐਕਟ’ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਜਾਂਚ ਵਿੱਚ ਇੱਕ ਵੱਡਾ ਖ਼ੁਲਾਸਾ ਹੋਇਆ ਹੈ ਕਿ ਜਿਸ ਇਮਾਰਤ ਵਿੱਚ ਇਹ ਹਾਦਸਾ ਵਾਪਰਿਆ, ਉਸ ਨੂੰ ਸਰਕਾਰੀ ਰਿਕਾਰਡ ਵਿੱਚ ਰਿਹਾਇਸ਼ੀ ਮਕਾਨ ਵਜੋਂ ਮਨਜ਼ੂਰੀ (ਪਾਸ) ਦਿੱਤੀ ਗਈ ਸੀ। ਪਰ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਸ ਦੀ ਵਰਤੋਂ ਗੈਰ-ਕਾਨੂੰਨੀ ਤੌਰ ’ਤੇ ਵਪਾਰਕ ਗਤੀਵਿਧੀਆਂ ਲਈ ਕੀਤੀ ਜਾ ਰਹੀ ਸੀ, ਜਿਸ ਕਾਰਨ ਸੁਰੱਖਿਆ ਪ੍ਰਬੰਧਾਂ ਵਿੱਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ।
ਇਸ ਹਾਦਸੇ ਦੌਰਾਨ ਧੂੰਏਂ ਅਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਹਸਪਤਾਲ ਦਾਖ਼ਲ ਕਰਵਾਏ ਗਏ 6 ਵਿਅਕਤੀਆਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ (ਛੁੱਟੀ) ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਐਸਆਈਟੀ (SIT) ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਜਲਦ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਬਾਕੀ ਰਹਿੰਦੇ ਦੋਸ਼ੀਆਂ ‘ਤੇ ਵੀ ਸ਼ਿਕੰਜਾ ਕੱਸਿਆ ਜਾ ਸਕੇ।
















