ਸਾਡੇ ਘਰ ਦਾ ਜੀਅ ਚਲਿਆ ਗਿਆ, ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜੋ- AAP ਵਿਧਾਇਕਾ ਨੇ ਪੁਲਿਸ ਨੂੰ ਦਿੱਤੀ ਹਦਾਇਤ
Punjab Network
ਚੰਡੀਗੜ੍ਹ, 5 ਜਨਵਰੀ 2026- ਪੰਜਾਬ ਦੇ ਅੰਦਰ ਇੱਕ ਵਾਰ ਫਿਰ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ, ਜਗਰਾਉਂ ਤੋਂ ਆਮ ਆਦਮੀ ਪਾਰਟੀ (AAP) ਦੇ ਐਮਐਲਏ ਸਰਬਜੀਤ ਕੌਰ ਮਾਣੂਕੇ (Sarabjit Kaur Manuke) ਦੇ ਭਤੀਜੇ ਦਾ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਉਸਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ।
ਪੰਜਾਬ ਨੈੱਟਵਰਕ ਕੋਲ ਪੁੱਜੀ ਜਾਣਕਾਰੀ ਅਨੁਸਾਰ, ਗਗਨਦੀਪ ਸਿੰਘ ਦਾ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਖੇਤਾਂ ਦੇ ਵਿੱਚ ਲਾਸ਼ ਸੁੱਟ ਦਿੱਤੀ। ਕਾਤਲਾਂ ਨੇ ਮ੍ਰਿਤਕ ਦੇ ਘਰ ਦੇ ਬਾਹਰ ਆ ਕੇ ਬੜਕਾਂ ਵੀ ਬਾਰੀਆਂ ਅਤੇ ਘਰ ਵਾਲਿਆਂ ਨੂੰ ਲਲਕਾਰਦਿਆਂ ਕਿਹਾ ਕਿ, ਜਾ ਕੇ ਮੁੰਡਾ ਚੁੱਕ ਲਓ, ਖੇਤਾਂ ਵਿੱਚ ਪਿਆ ਹੈ।
ਹਾਲਾਂਕਿ ਇਸਦੇ ਪਿੱਛੇ ਦੀ ਵਜ੍ਹਾ ਕੀ ਹੈ, ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਮਿਲਣਾ ਹਾਲੇ ਬਾਕੀ ਹੈ। ਪਰ ਆਪਣੇ ਆਪ ਦੇ ਵਿੱਚ ਇਹ ਇੱਕ ਵੱਡੀ ਘਟਨਾ, ਵੱਡੀ ਵਾਰਦਾਤ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਆਰੰਭ ਦਿੱਤੀ ਹੈ।
ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜੋ- (AAP) ਵਿਧਾਇਕਾ ਨੇ ਪੁਲਿਸ ਨੂੰ ਦਿੱਤੀ ਹਦਾਇਤ
ਦੂਜੇ ਪਾਸੇ, ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਸਰਬਜੀਤ ਕੌਰ ਮਾਣੂਕੇ (AAP MLA Sarabjit Kaur Manuke) ਨੇ ਕਿਹਾ ਕਿ ਇੱਕ ਮਾਂ ਦਾ ਪੁੱਤ ਚਲਿਆ ਗਿਆ, ਉਹ ਮੇਰਾ ਭਤੀਜਾ ਸੀ। ਜਿਨ੍ਹਾਂ ਨੇ ਵੀ ਇਹ ਕਤਲ ਕੀਤਾ ਹੈ, ਪੁਲਿਸ ਉਨ੍ਹਾਂ ਨੂੰ ਛੱਡੇਗੀ ਨਹੀਂ। ਮੈਂ ਪੁਲਿਸ ਨੂੰ ਸਖਤ ਤੋਂ ਸਖਤ ਹਿਦਾਇਤ ਦਿੰਦੀ ਹਾਂ ਕਿ ਜਲਦੀ ਤੋਂ ਜਲਦੀ ਦੋਸ਼ੀਆਂ ‘ਤੇ ਕਾਰਵਾਈ ਕਰੋ, ਦੋਸ਼ੀਆਂ ਨੂੰ ਫੜੋ, ਇਹ ਤੁਹਾਡਾ ਫਰਜ਼ ਬਣਦਾ ਹੈ ਤਾਂ ਕਿ ਘਰਦਿਆਂ ਨੂੰ ਇਨਸਾਫ ਮਿਲ ਸਕੇ।
ਵਿਧਾਇਕਾ ਨੇ ਅੱਗੇ ਕਿਹਾ ਕਿ, ਮੈਂ ਐਸਐਸਪੀ ਸਾਹਿਬ ਨੂੰ ਸਖਤ ਤਾੜਨਾ ਕਰਕੇ ਆਵਾਂਗੀ ਕਿ, ਮੇਰੇ ਇਲਾਕੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਕਦੇ ਨਹੀਂ ਬਰਦਾਸ਼ਤ ਕੀਤੀ ਜਾਵੇਗੀ। ਤੁਸੀਂ ਘਰਾਂ ਦੀ ਚੈਕਿੰਗ ਕਰੋ ਅਤੇ ਜਾਇਜ਼ ਅਤੇ ਨਜਾਇਜ਼ ਅਸਲੇ ਦੀ ਜਾਂਚ ਕਰੋ।






