ਵੱਡੀ ਖ਼ਬਰ: AAP ਪੰਜਾਬ ਨੇ ਸੀਨੀਅਰ ਲੀਡਰ ਨੂੰ ਪਾਰਟੀ ‘ਚੋਂ ਕੱਢਿਆ!

On: ਜੂਨ 1, 2026 7:52 ਬਾਃ ਦੁਃ

 

ਵੱਡੀ ਖ਼ਬਰ: AAP ਪੰਜਾਬ ਨੇ ਸੀਨੀਅਰ ਲੀਡਰ ਨੂੰ ਪਾਰਟੀ ‘ਚੋਂ ਕੱਢਿਆ!

ਬਲਾਕ ਪ੍ਰਧਾਨ ਅਰਸ਼ਦੀਪ ਸਿੰਘ ਪਾਰਟੀ ‘ਚੋਂ ਬਰਖ਼ਾਸਤ; ਵਿਧਾਇਕਾ ਮਾਣੂਕੇ ਨੇ ਲਿਆ ਸਖ਼ਤ ਐਕਸ਼ਨ

ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਅਹੁਦੇ ਦੇ ਨਾਲ-ਨਾਲ ਮੁੱਢਲੀ ਮੈਂਬਰਸ਼ਿਪ ਤੋਂ ਵੀ ਕੀਤਾ ਬਾਹਰ

ਨਗਰ ਕੌਂਸਲ ਚੋਣਾਂ ਵਿੱਚ ‘ਆਪ’ ਦੇ ਅਧਿਕਾਰਤ ਉਮੀਦਵਾਰ ਦੇ ਮੁਕਾਬਲੇ ਮਾਤਾ ਨੂੰ ਆਜ਼ਾਦ ਚੋਣ ਲੜਾਉਣ ਦੇ ਲੱਗੇ ਦੋਸ਼

“ਪਾਰਟੀ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ, ਗ਼ਲਤ ਕੰਮ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਰਹੇਗੀ ਜਾਰੀ”- ਸਰਬਜੀਤ ਕੌਰ ਮਾਣੂਕੇ

ਜਗਰਾਉਂ, 1 ਜੂਨ 2026-

ਜਗਰਾਉਂ ਰਾਜਨੀਤੀ ਤੋਂ ਇਸ ਵੇਲੇ ਦੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ (AAP) ਨੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਗੰਭੀਰ ਦੋਸ਼ਾਂ ਦੇ ਤਹਿਤ ਆਪਣੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ।

ਹਲਕਾ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵੱਲੋਂ ਅਰਸ਼ਦੀਪ ਸਿੰਘ ਨੂੰ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੇ ਨਾਲ-ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਨਗਰ ਕੌਂਸਲ ਚੋਣਾਂ 2026 ਦੌਰਾਨ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਨੇ ਆਪਣਾ ਅਧਿਕਾਰਤ ਉਮੀਦਵਾਰ ਖੜ੍ਹਾ ਕੀਤਾ ਸੀ।

ਪਰ ਪਾਰਟੀ ਲਾਈਨ ਤੋਂ ਬਾਹਰ ਜਾਂਦਿਆਂ ਬਲਾਕ ਪ੍ਰਧਾਨ ਅਰਸ਼ਦੀਪ ਸਿੰਘ ਨੇ ਆਪਣੀ ਮਾਤਾ ਛਿੰਦਰਪਾਲ ਕੌਰ ਨੂੰ ‘ਆਪ’ ਦੇ ਉਮੀਦਵਾਰ ਦੇ ਮੁਕਾਬਲੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ।

ਸੂਤਰਾਂ ਮੁਤਾਬਕ ਅਰਸ਼ਦੀਪ ਸਿੰਘ ਦੀ ਮਾਤਾ ਨੂੰ ਅੰਦਰੂਨੀ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਵੀ ਪ੍ਰਾਪਤ ਸੀ, ਜਿਸ ਕਾਰਨ ਪਾਰਟੀ ਅੰਦਰ ਉਨ੍ਹਾਂ ਖ਼ਿਲਾਫ਼ ਬਗਾਵਤ ਅਤੇ ਅਨੁਸ਼ਾਸਨਹੀਣਤਾ ਦੇ ਦੋਸ਼ ਤੈਅ ਮੰਨੇ ਜਾ ਰਹੇ ਸਨ।

ਜ਼ਿਕਰਯੋਗ ਹੈ ਕਿ 29 ਮਈ ਨੂੰ ਐਲਾਨੇ ਗਏ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਆਜ਼ਾਦ ਚੋਣ ਲੜ ਰਹੀ ਛਿੰਦਰਪਾਲ ਕੌਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਤ ਇਹ ਰਹੇ ਕਿ ਚੋਣਾਂ ਵਿੱਚ ਉਨ੍ਹਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ।

ਚੋਣ ਨਤੀਜੇ ਆਉਣ ਤੋਂ ਬਾਅਦ ਪਾਰਟੀ ਹਾਈਕਮਾਂਡ ਅਤੇ ਸਥਾਨਕ ਲੀਡਰਸ਼ਿਪ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਅੱਜ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ।

ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ: ਮਾਣੂਕੇ

ਇਸ ਸਖ਼ਤ ਫੈਸਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਪ੍ਰਤੀ ਅਨੁਸ਼ਾਸਨ ਅਤੇ ਵਫ਼ਾਦਾਰੀ ਸਭ ਤੋਂ ਉੱਪਰ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅਨੁਸ਼ਾਸਨਬੱਧ ਪਾਰਟੀ ਹੈ ਅਤੇ ਜੋ ਕੋਈ ਵੀ ਪਾਰਟੀ ਦੀਆਂ ਨੀਤੀਆਂ ਜਾਂ ਫ਼ੈਸਲਿਆਂ ਦੇ ਉਲਟ ਜਾ ਕੇ ਕੰਮ ਕਰੇਗਾ, ਉਸ ਖ਼ਿਲਾਫ਼ ਅਜਿਹੀ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਰੁਖ ਬਰਕਰਾਰ ਰਹੇਗਾ।

 

 

Join WhatsApp

Join Now

Leave a Comment