ਵੱਡੀ ਖ਼ਬਰ: ਗੁਰਦੁਆਰਿਆਂ ‘ਚ ਯੋਗਾ ਕਰਨ ‘ਤੇ ਲੱਗੀ ਪਾਬੰਦੀ! ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਲਿਆ ਸਖ਼ਤ ਫ਼ੈਸਲਾ
ਗੁਰਦੁਆਰਾ ਸਾਹਿਬਾਨ ਅੰਦਰ ਯੋਗਾ ਕਰਨ ਬਾਰੇ ਜਥੇਦਾਰ ਦਾ ਸਪੱਸ਼ਟ ਸੁਨੇਹਾ- “ਘਰਾਂ ‘ਚ ਕਰੋ ਯੋਗ ਆਸਣ, ਗੁਰਦੁਆਰੇ ਗੁਰਬਾਣੀ ਨਾਲ ਜੁੜਨ ਲਈ ਹਨ”– ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਚੰਡੀਗੜ੍ਹ, 27 ਜੁਲਾਈ 2026:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਅਤੇ ਸਤਿਕਾਰ ਨੂੰ ਲੈ ਕੇ ਇੱਕ ਬਹੁਤ ਹੀ ਅਹਿਮ ਅਤੇ ਸਪੱਸ਼ਟ ਬਿਆਨ ਜਾਰੀ ਕੀਤਾ ਹੈ। ਜਥੇਦਾਰ ਨੇ ਸਖ਼ਤ ਸ਼ਬਦਾਂ ਵਿੱਚ ਆਖਿਆ ਹੈ ਕਿ ਗੁਰੂ ਘਰਾਂ ਦੇ ਅੰਦਰ ਜਾਂ ਪਰਿਕਰਮਾ ਵਿੱਚ ਕਿਸੇ ਵੀ ਵਿਅਕਤੀ ਨੂੰ ਯੋਗਾ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਦੁਆਰਾ ਸਾਹਿਬਾਨ ਦੀ ਆਪਣੀ ਇੱਕ ਵੱਖਰੀ ਰੂਹਾਨੀ ਅਤੇ ਧਾਰਮਿਕ ਮਰਿਆਦਾ ਹੈ, ਜਿਸ ਦੀ ਪਾਲਣਾ ਕਰਨਾ ਹਰੇਕ ਸ਼ਰਧਾਲੂ ਦਾ ਪਰਮ ਧਰਮ ਹੈ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਜੇਕਰ ਕਿਸੇ ਵਿਅਕਤੀ ਨੇ ਆਪਣੀ ਸਰੀਰਕ ਸਿਹਤ ਲਈ ਯੋਗ ਆਸਣ ਜਾਂ ਵਰਜ਼ਿਸ਼ ਕਰਨੀ ਹੈ, ਤਾਂ ਉਹ ਆਪਣੇ ਘਰਾਂ ਵਿੱਚ, ਪਾਰਕਾਂ ਵਿੱਚ ਜਾਂ ਇਸ ਲਈ ਬਣਾਏ ਗਏ ਖਾਸ ਸਥਾਨਾਂ ‘ਤੇ ਜਾ ਕੇ ਕਰ ਸਕਦਾ ਹੈ। ਪ੍ਰੰਤੂ ਗੁਰਦੁਆਰਾ ਸਾਹਿਬਾਨ ਵਰਗੇ ਪਵਿੱਤਰ ਅਸਥਾਨਾਂ ‘ਤੇ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣਾ ਬਿਲਕੁਲ ਵੀ ਪ੍ਰਵਾਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਸਰੀਰਕ ਕਸਰਤਾਂ ਜਾਂ ਯੋਗਾ ਅਭਿਆਸ ਲਈ ਨਹੀਂ, ਸਗੋਂ ਪਰਮਾਤਮਾ ਦੀ ਭਗਤੀ ਅਤੇ ਗੁਰਬਾਣੀ ਨਾਲ ਜੁੜਨ ਦੇ ਕੇਂਦਰ ਹਨ।
“ਗੁਰਦੁਆਰਾ ਸਾਹਿਬਾਨ ਉਹ ਪਵਿੱਤਰ ਅਸਥਾਨ ਹਨ ਜਿੱਥੇ ਸੰਗਤਾਂ ਨਾਮ-ਸਿਮਰਨ, ਗੁਰਬਾਣੀ ਸ਼ਰਵਣ ਕਰਨ ਅਤੇ ਆਪਣੇ ਮਨ ਦੀ ਸ਼ਾਂਤੀ ਲਈ ਆਉਂਦੀਆਂ ਹਨ। ਇੱਥੇ ਕੇਵਲ ਗੁਰਮਤਿ ਮਰਿਆਦਾ ਹੀ ਚੱਲ ਸਕਦੀ ਹੈ।”
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸਮਝਾਉਂਦਿਆਂ ਕਿਹਾ ਕਿ ਹਰ ਧਾਰਮਿਕ ਅਸਥਾਨ ਦੇ ਆਪਣੇ ਨਿਯਮ ਅਤੇ ਮਰਿਆਦਾ ਹੁੰਦੀ ਹੈ। ਗੁਰਦੁਆਰੇ ਅੰਦਰ ਆ ਕੇ ਮਨੁੱਖ ਨੂੰ ਗੁਰਬਾਣੀ ਦੇ ਉਪਦੇਸ਼ਾਂ ‘ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਯੋਗ ਆਸਣ ਵਰਗੀਆਂ ਗਤੀਵਿਧੀਆਂ ਕਰਨ ਨਾਲ ਗੁਰਦੁਆਰਾ ਸਾਹਿਬ ਦੀ ਰੂਹਾਨੀ ਫਿਜ਼ਾ ਅਤੇ ਮਰਿਆਦਾ ਪ੍ਰਭਾਵਿਤ ਹੁੰਦੀ ਹੈ, ਜਿਸ ਨੂੰ ਸਿੱਖ ਜਗਤ ਵੱਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਦੌਰਾਨ ਉਨ੍ਹਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੇਵਾਦਾਰਾਂ ਅਤੇ ਪ੍ਰਬੰਧਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਮੁਸਤੈਦ ਰਹਿਣ। ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਗੁਰਮਤਿ ਮਰਿਆਦਾ ਬਾਰੇ ਸਮਝਾਇਆ ਜਾਵੇ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਸਿੱਖ ਧਰਮ ਵਿੱਚ ਨਾਮ-ਸਿਮਰਨ, ਸੇਵਾ, ਅਤੇ ਗੁਰਬਾਣੀ ਦੇ ਪਾਠ ਨੂੰ ਹੀ ਆਤਮਿਕ ਅਤੇ ਮਾਨਸਿਕ ਸ਼ਾਂਤੀ ਦਾ ਮੁੱਖ ਸਾਧਨ ਮੰਨਿਆ ਗਿਆ ਹੈ। ਇਸ ਲਈ ਹਰੇਕ ਸ਼ਰਧਾਲੂ ਦਾ ਫਰਜ਼ ਬਣਦਾ ਹੈ ਕਿ ਉਹ ਗੁਰੂ ਘਰ ਆ ਕੇ ਨਤਮਸਤਕ ਹੋਵੇ, ਗੁਰਬਾਣੀ ਦਾ ਓਟ ਆਸਰਾ ਲਵੇ ਅਤੇ ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਬਤੀਤ ਕਰੇ। ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਨੂੰ ਲੈ ਕੇ ਇੱਕ ਸਾਰਥਕ ਸੁਨੇਹਾ ਗਿਆ ਹੈ।
















