ਵੱਡੀ ਖ਼ਬਰ: ਕੱਲ੍ਹ ਭਾਰਤ ਬੰਦ! ਜਾਣੋ ਕੀ ਕੁੱਝ ਰਹੇਗਾ ਖੁੱਲ੍ਹਾ ਅਤੇ ਕੀ ਹੋਵੇਗਾ ਬੰਦ?
ਚੰਡੀਗੜ੍ਹ, 11 ਫਰਵਰੀ 2026- ‘ਭਾਰਤ ਬੰਦ’ ਦਾ ਸੱਦਾ ਦੇਸ਼ ਵਿੱਚ ਵੱਖ-ਵੱਖ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ। ਇਸ ਬੰਦ ਦੇ ਐਲਾਨ ਤੋਂ ਬਾਅਦ ਆਮ ਜਨਤਾ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਭਲਕੇ 12 ਫਰਵਰੀ (ਵੀਰਵਾਰ) ਨੂੰ ਰੋਜ਼ਾਨਾ ਦੇ ਕੰਮਕਾਜ ਪ੍ਰਭਾਵਿਤ ਹੋਣਗੇ ਜਾਂ ਨਹੀਂ।
ਜੇਕਰ ਤੁਸੀਂ ਵੀ ਭਲਕੇ ਕਿਸੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਰਿਪੋਰਟ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।
ਭਾਰਤ ਬੰਦ ਦੌਰਾਨ ਸਕੂਲਾਂ ਅਤੇ ਕਾਲਜਾਂ ਨੂੰ ਖੁੱਲ੍ਹਾ ਰੱਖਣ ਜਾਂ ਬੰਦ ਕਰਨ ਦਾ ਫ਼ੈਸਲਾ ਸਥਾਨਕ ਪ੍ਰਸ਼ਾਸਨ ਅਤੇ ਰਾਜ ਸਰਕਾਰਾਂ ‘ਤੇ ਨਿਰਭਰ ਕਰਦਾ ਹੈ।
ਫਿਲਹਾਲ ਜ਼ਿਆਦਾਤਰ ਰਾਜਾਂ ਵਿੱਚ ਸਕੂਲ ਬੰਦ ਰੱਖਣ ਦਾ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਹੋਇਆ ਹੈ ਪਰ ਪ੍ਰਦਰਸ਼ਨ ਵਾਲੇ ਇਲਾਕਿਆਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕਈ ਨਿੱਜੀ ਸਕੂਲ ਛੁੱਟੀ ਦਾ ਐਲਾਨ ਕਰ ਸਕਦੇ ਹਨ।
ਬੈਂਕਾਂ ਦੇ ਕੰਮਕਾਜ ‘ਤੇ ਇਸ ਬੰਦ ਦਾ ਕੋਈ ਸਿੱਧਾ ਅਸਰ ਪੈਣ ਦੀ ਉਮੀਦ ਘੱਟ ਹੈ। ਬੈਂਕਾਂ ਵਿੱਚ ਕੰਮਕਾਜ ਆਮ ਵਾਂਗ ਜਾਰੀ ਰਹੇਗਾ, ਕਿਉਂਕਿ ਬੈਂਕ ਕਰਮਚਾਰੀ ਜਥੇਬੰਦੀਆਂ ਨੇ ਅਜੇ ਤੱਕ ਹੜਤਾਲ ਵਿੱਚ ਸ਼ਾਮਲ ਹੋਣ ਦਾ ਕੋਈ ਵੱਡਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ, ਜੇਕਰ ਪ੍ਰਦਰਸ਼ਨਕਾਰੀ ਸੜਕਾਂ ਜਾਮ ਕਰਦੇ ਹਨ, ਤਾਂ ਬੈਂਕ ਪਹੁੰਚਣ ਵਿੱਚ ਦਿੱਕਤ ਆ ਸਕਦੀ ਹੈ।
ਜਥੇਬੰਦੀਆਂ ਅਨੁਸਾਰ ਮੁੱਖ ਬਾਜ਼ਾਰ ਖੁੱਲ੍ਹੇ ਰਹਿ ਸਕਦੇ ਹਨ ਪਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਦੁਕਾਨਦਾਰ ਸੁਰੱਖਿਆ ਕਾਰਨ ਆਪਣੀਆਂ ਦੁਕਾਨਾਂ ਬੰਦ ਰੱਖ ਸਕਦੇ ਹਨ।
ਰੇਲਵੇ ਅਤੇ ਬੱਸ ਸੇਵਾਵਾਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਚੱਕਾ ਜਾਮ ਕੀਤਾ ਜਾ ਸਕਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਆਵਾਜਾਈ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੀ ਬੰਦ ਰਹਿ ਸਕਦਾ ਹੈ?
- ਪ੍ਰਮੁੱਖ ਸ਼ਹਿਰਾਂ ਵਿੱਚ ਬਾਜ਼ਾਰ ਅਤੇ ਦੁਕਾਨਾਂ
- ਕਈ ਖੇਤਰਾਂ ਵਿੱਚ ਜਨਤਕ ਖੇਤਰ ਦੇ ਬੈਂਕ
- ਸਰਕਾਰੀ ਦਫ਼ਤਰ
- ਜਨਤਕ ਆਵਾਜਾਈ ਸੇਵਾਵਾਂ
- ਸਕੂਲ ਅਤੇ ਕਾਲਜ
ਕੀ ਖੁੱਲ੍ਹਾ ਰਹਿ ਸਕਦਾ ਹੈ?
- ਹਸਪਤਾਲ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਡਾਕਟਰੀ ਸੇਵਾਵਾਂ
- ਨਿੱਜੀ ਦਫ਼ਤਰ
- ਹਵਾਈ ਅੱਡੇ
- ਏਟੀਐਮ
- ਹੋਰ ਜ਼ਰੂਰੀ ਸੇਵਾਵਾਂ (ਦੁੱਧ ਅਤੇ ਸਬਜ਼ੀਆਂ ਦੀ ਸਪਲਾਈ)
‘ਭਾਰਤ ਬੰਦ’ ਦੇ ਸੱਦੇ ਨੂੰ ਦੇਖਦਿਆਂ ਵੱਖ-ਵੱਖ ਸੂਬਿਆਂ ਦੀ ਪੁਲਿਸ ਹਾਈ ਅਲਰਟ ‘ਤੇ ਹੈ। ਪੰਜਾਬ-ਹਰਿਆਣਾ ਦੀਆਂ ਸਰਹੱਦਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ।






