ਵੱਡੀ ਖ਼ਬਰ: ਭਾਜਪਾ ਵਿਧਾਇਕ ਨੂੰ 4 ਸਾਲ ਦੀ ਸਜ਼ਾ; ਅਦਾਲਤ ਨੇ ਫਾਇਰਿੰਗ ਮਾਮਲੇ ‘ਚ ਸੁਣਾਇਆ ਫੈਸਲਾ

On: ਜੁਲਾਈ 4, 2026 4:12 ਬਾਃ ਦੁਃ

 

ਵੱਡੀ ਖ਼ਬਰ: ਭਾਜਪਾ ਵਿਧਾਇਕ ਨੂੰ 4 ਸਾਲ ਦੀ ਸਜ਼ਾ; ਅਦਾਲਤ ਨੇ ਫਾਇਰਿੰਗ ਮਾਮਲੇ ‘ਚ ਸੁਣਾਇਆ ਫੈਸਲਾ

ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਸੁਣਾਈ ਸਜ਼ਾ; ਫਾਇਰਿੰਗ ਦੌਰਾਨ ਇੱਕ ਮਹਿਲਾ ਦੀ ਹੋਈ ਸੀ ਮੌਤ- ਅਦਾਲਤ ਨੇ ਮ੍ਰਿਤਕ ਮਹਿਲਾ ਦੇ ਪਤੀ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਦਿੱਤਾ ਆਦੇਸ਼

ਨਵੀਂ ਦਿੱਲੀ, 04 ਜੁਲਾਈ 2026-

ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਬਿਹਾਰ ਦੇ ਭਾਜਪਾ ਵਿਧਾਇਕ ਰਾਜੂ ਕੁਮਾਰ ਸਿੰਘ ਨੂੰ ‘ਹਰਸ਼ ਫਾਇਰਿੰਗ’ ਦੇ ਮਾਮਲੇ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਰਾਜੂ ਕੁਮਾਰ ਸਿੰਘ ਵੱਲੋਂ ਕੀਤੀ ਗਈ ਇਸ ਫਾਇਰਿੰਗ ਦੌਰਾਨ ਇੱਕ ਮਹਿਲਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।

ਇਸ ਦੁਖਦਾਈ ਘਟਨਾ ਦੀ ਵੀਡੀਓ 18 ਦਸੰਬਰ 2018 ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਹ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਸੀ। ਸਜ਼ਾ ਦੇ ਨਾਲ-ਨਾਲ ਅਦਾਲਤ ਨੇ ਮ੍ਰਿਤਕ ਮਹਿਲਾ ਦੇ ਪਤੀ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਵੀ ਹੁਕਮ ਜਾਰੀ ਕੀਤੇ ਹਨ।

ਪਿਛਲੀ ਸੁਣਵਾਈ ਦੌਰਾਨ ਵਿਧਾਇਕ ਰਾਜੂ ਕੁਮਾਰ ਸਿੰਘ ਨੇ ਅਦਾਲਤ ਅੱਗੇ ਗੁਹਾਰ ਲਗਾਈ ਸੀ ਕਿ ਮ੍ਰਿਤਕ ਮਹਿਲਾ ਉਨ੍ਹਾਂ ਦੀ ਭਰਜਾਈ (ਭਾਬੀ) ਵਰਗੀ ਸੀ ਅਤੇ ਇਹ ਇੱਕ ਹਾਦਸਾ ਸੀ, ਇਸ ਲਈ ਉਨ੍ਹਾਂ ਦੀ ਸਜ਼ਾ ਵਿੱਚ ਨਰਮੀ ਵਰਤੀ ਜਾਵੇ।

ਅਦਾਲਤ ਵਿੱਚ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਰਾਜੂ ਕੁਮਾਰ ਸਿੰਘ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਜ਼ਰੂਰ ਦਰਜ ਹਨ, ਪਰ ਹੁਣ ਤੱਕ ਉਨ੍ਹਾਂ ਨੂੰ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਵਕੀਲ ਨੇ ਕਿਹਾ ਕਿ ਜ਼ਿਆਦਾਤਰ ਮਾਮਲੇ ਚੋਣਾਂ ਦੌਰਾਨ ਸਿਆਸੀ ਵਿਰੋਧੀਆਂ ਵੱਲੋਂ ਦਰਜ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ ਕਈਆਂ ‘ਚ ਉਹ ਬਰੀ ਹੋ ਚੁੱਕੇ ਹਨ ਜਾਂ ਪੁਲਿਸ ਨੇ ਚਾਰਜਸ਼ੀਟ ਹੀ ਦਾਖ਼ਲ ਨਹੀਂ ਕੀਤੀ।

ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਰਾਜੂ ਕੁਮਾਰ ਸਿੰਘ 6 ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਰਾਜਨੀਤੀ ਅਤੇ ਸਮਾਜਿਕ ਜੀਵਨ ਨਾਲ ਜੁੜਿਆ ਹੋਇਆ ਹੈ। ਸਾਲ 2009 ਤੋਂ ਪਹਿਲਾਂ ਉਨ੍ਹਾਂ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਨਹੀਂ ਸੀ। ਉਨ੍ਹਾਂ ਦੀ ਪਤਨੀ ਰੇਨੂੰ ਸਿੰਘ ਵਿਧਾਨ ਪ੍ਰੀਸ਼ਦ ਦੀ ਮੈਂਬਰ (MLC) ਰਹਿ ਚੁੱਕੀ ਹੈ ਅਤੇ ਉਨ੍ਹਾਂ ਦੇ ਪਿਤਾ ਵੀ ਕਰੀਬ 10 ਸਾਲਾਂ ਤੱਕ ਪਿੰਡ ਦੇ ਸਰਪੰਚ (ਮੁਖੀਆ) ਰਹੇ ਸਨ।

ਵਕੀਲ ਨੇ ਦਲੀਲ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ, ਤਾਂ ਲੋਕ ਪ੍ਰਤੀਨਿਧਤਾ ਐਕਟ (Representation of the People Act) ਤਹਿਤ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਖ਼ਤਮ ਹੋ ਜਾਵੇਗੀ, ਇਸ ਲਈ ਅਦਾਲਤ ਉਨ੍ਹਾਂ ਨੂੰ ਸੁਧਰਨ ਦਾ ਇੱਕ ਮੌਕਾ ਦੇਵੇ। ਹਾਲਾਂਕਿ, ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਦਰਕਿਨਾਰ ਕਰਦੇ ਹੋਏ 4 ਸਾਲ ਦੀ ਸਜ਼ਾ ਦਾ ਐਲਾਨ ਕਰ ਦਿੱਤਾ।

 

Join WhatsApp

Join Now

Leave a Comment