ਵੱਡੀ ਖ਼ਬਰ: CM ਮਾਨ ਦੇ ਸ਼ਹਿਰ ‘ਚ ਲੱਗੇਗਾ ਮੁਲਾਜ਼ਮਾਂ ਦਾ ਹਫ਼ਤਾਵਾਰੀ ਮੋਰਚਾ! ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਦਿਨ ਰਾਤ ਸ਼ਮੂਲੀਅਤ ਕਰਨ ਦਾ ਐਲਾਨ
13 ਤੋਂ 19 ਨਵੰਬਰ ਤੱਕ ਲੱਗਣ ਵਾਲੇ ਸੰਗਰੂਰ ਮੋਰਚੇ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਦਿਨ ਰਾਤ ਸ਼ਮੂਲੀਅਤ ਕਰਨ ਦਾ ਫੈਸਲਾ
ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਐੱਨ.ਪੀ.ਐੱਸ ਮੁਲਾਜ਼ਮਾਂ ਨੂੰ ਮਿਸਾਲੀ ਗਿਣਤੀ ਵਿੱਚ 7 ਦਿਨਾਂ ਸੰਗਰੂਰ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ : ਅਤਿੰਦਰ ਪਾਲ ਸਿੰਘ
ਦਲਜੀਤ ਕੌਰ
ਸੰਗਰੂਰ, 10 ਨਵੰਬਰ, 2026: ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਮੇਤ ਬਕਾਇਆ ਪ੍ਰਮੁੱਖ ਮੰਗਾਂ ਦੇ ਹੱਲ ਲਈ ਸਾਂਝੀ ਤਾਲਮੇਲ ਕਮੇਟੀ ਦੀ ਅਗਵਾਈ ਹੇਠ 13 ਤੋਂ 19 ਨਵੰਬਰ ਤੱਕ ਸੰਗਰੂਰ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਮੋਰਚੇ ਦੌਰਾਨ ਰੋਜ਼ਾਨਾ ਅਤੇ ਜ਼ਿਲਾਵਾਰ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੰਗਰੂਰ ਮੋਰਚੇ ਦੀ ਤਿਆਰੀ ਸਬੰਧੀ ਪੁਰਾਣੀ ਪੈਨਸ਼ਨ ਪ੍ਰਾਪਤ ਫਰੰਟ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਅਤੇ ਜਿਲ੍ਹਾ ਕਨਵੀਨਰ ਸਤਪਾਲ ਸਮਾਣਵੀ ਨੇ ਦੱਸਿਆ ਕਿ ਫਰੰਟ ਵੱਲੋਂ ਸੰਗਰੂਰ ਮੋਰਚੇ ਵਿੱਚ ਰੋਜ਼ਾਨਾ ਸ਼ਮੂਲੀਅਤ ਕਰਨ ਲਈ ਜ਼ਿਲਾਵਾਰ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ। ਜਿਸ ਤਹਿਤ ਦਿਨ ਦੀ ਸਟੇਜ ਵੇਲੇ ਅਤੇ ਰਾਤ ਸਮੇਂ ਮੋਰਚੇ ਵਿੱਚ ਹਾਜ਼ਰੀ ਰੱਖਣ ਲਈ ਜਿਲਾ ਕਮੇਟੀਆਂ ਲਈ ਕੋਟਾ ਤੈਅ ਕੀਤਾ ਗਿਆ ਹੈ।
ਮੋਰਚੇ ਦੀ ਲਾਮਬੰਦੀ ਲਈ ਅਗਲੇ ਦਿਨਾਂ ਦੌਰਾਨ ਜ਼ਿਲ੍ਹੇ ਵਿੱਚ ਜ਼ਮੀਨੀ ਅਤੇ ਆਨਲਾਈਨ ਸੰਪਰਕ ਮੁਹਿੰਮ ਚਲਾਈ ਜਾਵੇਗੀ। ਉਹਨਾਂ ਕਿਹਾ ਕਿ ਸੰਗਰੂਰ ਮੋਰਚੇ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਭਰਵਾਂ ਹੁੰਗਾਰਾ ਮਿਲਣਾ ਯਕੀਨੀ ਹੈ ਕਿਉਂਕਿ ਪੁਰਾਣੀ ਪੈਨਸ਼ਨ ਸਮੇਤ ਪੰਜਾਬ ਪੇ ਸਕੇਲ ਦੀ ਬਹਾਲੀ, ਪੈਨਸ਼ਨਰਾਂ ਲਈ 2.59 ਗੁਣਾਂਕ ਜਾਰੀ ਕਰਵਾਉਣ, ਕੱਟੇ ਭੱਤਿਆਂ ਦਾ ਲਾਭ ਬਹਾਲ ਕਰਵਾਉਣ, ਘੱਟੋ ਘੱਟ ਉਜਰਤਾਂ ਲਾਗੂ ਕਰਵਾਉਣ ਅਤੇ ਪੂਰੀਆਂ ਤਨਖਾਹਾਂ ਸਮੇਤ ਪੱਕੇ ਰੁਜ਼ਗਾਰ ਦੀਆਂ ਮੰਗਾਂ ਨੂੰ ਲੈ ਕੇ ਸੂਬੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਮੁਲਾਜ਼ਮ ਘੋਲ਼ ਵੱਡੇ ਉਭਾਰ ਵਿੱਚ ਹੈ।
ਉੱਚ ਅਦਾਲਤਾਂ ਦੇ ਮੁਲਾਜ਼ਮਾਂ ਦੇ ਪੱਖ ਵਿੱਚ ਦਿੱਤੇ ਫੈਸਿਆਂ ਨੂੰ ਵੀ ਮੰਨਣ ਤੋਂ ਇਨਕਾਰੀ ਆਪ ਸਰਕਾਰ ਖਿਲਾਫ ਮੁਲਾਜ਼ਮਾਂ ਨੇ ਚੰਡੀਗੜ ਅਤੇ ਸੰਗਰੂਰ ਰੈਲੀਆਂ, ਸਮੂਹਿਕ ਛੁੱਟੀ ਲੈ ਕੇ ਸਮੁੱਚਾ ਪ੍ਰਸ਼ਾਸਨਿਕ ਕੰਮ ਕਾਜ ਠੱਪ ਕਰਨ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਕੀਤੇ ਘਿਰਾਓ ਵਿੱਚ ਰਿਕਾਰਡ ਸ਼ਮੂਲੀਅਤ ਕਰਕੇ ਆਪਣੀ ਜੱਥੇਬੰਦਕ ਤਾਕਤ ਦਾ ਸਫ਼ਲ ਮੁਜ਼ਾਹਰਾ ਕੀਤਾ ਹੈ। ਜਿਸਦਾ ਸਿੱਟਾ ਹੈ ਕਿ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਪ੍ਰਤੀ ਪਾਬੰਦ ਨਾ ਹੋਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੂੰ ਅੱਠ ਅਤੇ ਤਿੰਨ ਪ੍ਰਤੀਸ਼ਤ ਮਹਿੰਗਾਈ ਭੱਤੇ ਦੀਆਂ ਦੋ ਕਿਸ਼ਤਾਂ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ ਜੋ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਸੰਘਰਸ਼ ਦੀ ਅੰਸ਼ਿਕ ਪ੍ਰਾਪਤੀ ਹੈ। ਇਸ ਸਾਂਝੇ ਘੋਲ਼ ਦੇ ਅਗਲੇ ਪੜਾਅ ਤਹਿਤ ਲੱਗਣ ਜਾ ਰਹੇ 7 ਦਿਨਾਂ ਸੰਗਰੂਰ ਮੋਰਚੇ ਰਾਹੀਂ ਜਿਉਂ ਦੇ ਤਿਉਂ ਲਟਕੇ ਹੋਏ ਪੁਰਾਣੀ ਪੈਨਸ਼ਨ,ਪੰਜਾਬ ਪੇ ਸਕੇਲ ਆਦਿ ਪ੍ਰਮੁੱਖ ਵਿੱਤੀ ਮਸਲਿਆਂ ਤੇ ਸਰਕਾਰ ਨੂੰ ਘੇਰਿਆ ਜਾਵੇਗਾ।
ਫਰੰਟ ਦੇ ਆਗੂਆਂ ਜਗਤਾਰ ਰਾਮ ਅਤੇ ਭਰਤ ਕੁਮਾਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮ ਮੰਗਾਂ ਨੂੰ ਅਜੰਡੇ ਵੱਜੋਂ ਸਥਾਪਤ ਕਰਨ ਲਈ ਸੰਗਰੂਰ ਮੋਰਚਾ ਨਿਰਣਾਇਕ ਭੂਮਿਕਾ ਅਦਾ ਕਰੇਗਾ। ਇਹ ਮੋਰਚਾ ਜਿੱਥੇ ਆਪ ਸਰਕਾਰ ਦੀ ਮੁਲਾਜ਼ਮ ਸੰਘਰਸ਼ਾਂ ਤੇ ਕੀਤੇ ਪੁਲਿਸ ਜਬਰ, ਮੁਲਾਜ਼ਮ ਮੰਗਾਂ ਤੇ ਕੀਤੀ ਵਾਅਦਾਖਿਲਾਫੀ ਅਤੇ ਅਦਾਲਤਾਂ ਵਿੱਚ ਮੁਲਾਜ਼ਮ ਮੰਗਾਂ ਦਾ ਕੀਤੇ ਧੁਰ ਵਿਰੋਧ ਤੇ ਘੇਰਾਬੰਦੀ ਕਰੇਗਾ, ਉੱਥੇ ਸੱਤਾ ਲਈ ਜ਼ੋਰ ਅਜਮਾਇਸ਼ ਕਰ ਰਹੀਆਂ ਬਾਕੀ ਰਾਜਸੀ ਪਾਰਟੀਆਂ ਨੂੰ ਵੀ ਮੁਲਾਜ਼ਮ ਮੰਗਾਂ ਤੇ ਸਪਸ਼ਟ ਨੀਤੀ ਜਨਤਕ ਕਰਨ ਲਈ ਜਵਾਬਦੇਹ ਬਣਾਏਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਦੀਪ ਟੋਡਰਪੁਰ, ਵਿਕਰਮ ਦੇਵ ਸਿੰਘ, ਰਾਮ ਸ਼ਰਨ, ਜੀਨੀਅਸ, ਗੁਰਤੇਜ ਸਿੰਘ, ਰਾਜਿੰਦਰ ਸਮਾਣਾ, ਜਗਜੀਤ ਜਟਾਣਾ, ਕ੍ਰਿਸ਼ਨ ਚੁਹਾਣਕੇ, ਹਰਵਿੰਦਰ ਬੇਲੂਮਾਜਰਾ, ਗੁਰਪ੍ਰੀਤ ਸਿੰਘ, ਪਵਨ, ਬੱਬੂ ਤਰੈਂ ਆਦਿ ਸ਼ਾਮਲ ਰਹੇ।
















