ਅਧਿਆਪਕਾਂ ਲਈ ਵੱਡੀ ਖ਼ਬਰ; ਸਕੂਲ ਸਮੇਂ ਤੋਂ ਬਾਅਦ ਮਰਦਮਸ਼ੁਮਾਰੀ ਕਰਨ ਦੇ ਹੁਕਮ
DTF ਵੱਲੋਂ ਸਖ਼ਤ ਵਿਰੋਧ- ਜ਼ਿਲ੍ਹਾ ਸਿੱਖਿਆ ਦਫ਼ਤਰ ਲੁਧਿਆਣਾ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਲਿਆ ਸਖ਼ਤ ਨੋਟਿਸ
ਵਿਦਿਆਰਥੀਆਂ ਦੀਆਂ ਵਰਦੀਆਂ ਦੀ ਖਰੀਦ ਨੂੰ ਲੈ ਕੇ ਪੂਰੇ ਪੰਜਾਬ ਦਾ ਇੱਕ ਵੈਂਡਰ ਬਣਾਉਣ ਦਾ ਕੀਤਾ ਸਖਤ ਵਿਰੋਧ
ਲੁਧਿਆਣਾ, 2 ਮਈ 2026- ਡੈਮੋਕ੍ਰੇਟਿਕ ਟੀਚਰਜ਼ ਫਰੰਟ ਲੁਧਿਆਣਾ ਦਾ ਵਫਦ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਕੁਝ ਅਹਿਮ ਅਤੇ ਭੱਖਦੀਆਂ ਮੰਗਾਂ ਬਾਰੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.ਅਤੇ ਪ੍ਰਾ.ਸਿੱ.) ਲੁਧਿਆਣਾ ਨੂੰ ਮਿਲਿਆ।
ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਤੇ ਜਿਲ੍ਹਾ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਦਿਅਕ ਸ਼ੈਸ਼ਨ ਸ਼ੁਰੂ ਹੋਣ ‘ਤੇ ਸਕੂਲ ਵਿੱਚ ਬੱਚਿਆਂ ਦੇ ਦਾਖਲਿਆਂ ਅਤੇ ਪੜ੍ਹਾਈ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਸਰਕਾਰ ਦੁਆਰਾ ਐਨੀ ਕਹਿਰ ਦੀ ਗਰਮੀ ਵਿੱਚ ਸਕੂਲ ਸਮੇਂ ਤੋਂ ਬਾਅਦ ਬਾਕੀ ਮਹਿਕਮਿਆਂ ਨੂੰ ਛੱਡ ਕੇ ਜਿਆਦਾਤਰ ਅਧਿਆਪਕਾਂ ਦੀਆਂ ਡਿਊਟੀਆਂ ਮਰਦਮਸ਼ੁਮਾਰੀ ਵਿੱਚ ਲਗਾ ਦਿੱਤੀਆਂ ਗਈਆਂ ਹਨ, ਜਿਸਦਾ ਡੈਮੋਕਰੇਟਿਕ ਟੀਚਰਜ਼ ਫਰੰਟ ਲੁਧਿਆਣਾ ਸਖਤ ਵਿਰੋਧ ਕਰਦਾ ਹੈ।
ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦੁਆਰਾ ਅਧਿਆਪਕਾਂ ਦੀ ਸੁਰੱਖਿਆ ਨੂੰ ਦਾਅ ਤੇ ਲਗਾ ਦਿੱਤਾ ਗਿਆ ਹੈ। ਜਿਸ ਕਾਰਨ ਸਕੂਲਾਂ ਵਿੱਚ ਚੱਲ ਰਹੇ ਦਾਖਲਿਆਂ ਤੇ ਪੜ੍ਹਾਈ ਦਾ ਜੋ ਨੁਕਸਾਨ ਹੋਵੇਗਾ,ਉਹ ਵੀ ਅਧਿਆਪਕਾਂ ਦੇ ਸਿਰ ਹੀ ਮੜ ਦਿੱਤਾ ਜਾਵੇਗਾ।
ਵਫਦ ਵੱਲੋਂ ਇਸ ਗੱਲ ਤੇ ਇਤਰਾਜ਼ ਕੀਤਾ ਗਿਆ ਕਿ ਪੰਜਾਬ ਵਿੱਚ ਇੰਨੇ ਸਰਕਾਰੀ ਵਿਭਾਗ ਹਨ। ਪਰ ਹਰੇਕ ਕੰਮ ਲਈ ਜਿਆਦਾਤਰ ਗਿਣਤੀ ਵਿੱਚ ਅਧਿਆਪਕਾਂ ਨੂੰ ਹੀ ਕਿਉਂ ਲਗਾਇਆ ਜਾਂਦਾ ਹੈ। ਅਧਿਆਪਕਾਂ ਦੀ ਪੰਜਾਬ ਸਰਕਾਰ ਦੁਆਰਾ ਲਗਾਈ ਇਸੇ ਗੈਰ ਵਿਦਿਅਕ ਡਿਊਟੀ ਦੀ ਟ੍ਰੇਨਿੰਗ ਕਾਰਨ ਪੰਜਾਬ ਦੇ ਸਾਰੇ ਸਕੂਲ ਲਗਭਗ ਖਾਲੀ ਹੋ ਚੁੱਕੇ ਹਨ।
ਜਿਸ ਕਾਰਨ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦਾ ਅਕਸ ਵੀ ਸਮਾਜ ਵਿੱਚ ਖਰਾਬ ਹੋ ਰਿਹਾ ਹੈ, ਕਿਉਂਕਿ ਆਮ ਲੋਕਾਂ ਲਈ ਅਧਿਆਪਕ ਸਕੂਲਾਂ ਤੋਂ ਗੈਰਹਾਜ਼ਰ ਹਨ। ਇਸ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕਿਹਾ ਗਿਆ ਕਿ ਇਸ ਡਿਊਟੀ ਬਦਲੇ ਅਧਿਆਪਕਾਂ ਨੂੰ ਪੈਸੇ ਵੀ ਮਿਲਣੇ ਹਨ ਤਾਂ ਜੱਥੇਬੰਦੀ ਦੇ ਆਗੂਆਂ ਵੱਲੋਂ ਇਸ ਗੱਲ ਤੇ ਸਖ਼ਤ ਇਤਰਾਜ਼ ਕੀਤਾ ਗਿਆ।
ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਗੱਲ ਅਧਿਆਪਕਾਂ ਨੂੰ ਇਸ ਕੰਮ ਬਦਲੇ ਮਿਲਣ ਵਾਲੇ ਮਿਹਨਤਾਨੇ ਦੀ ਨਹੀਂ, ਸਗੋ ਅਧਿਆਪਕਾਂ ਦੀ ਸੁਰੱਖਿਆ ਨਾਲ ਜੁੜੀ ਹੈ। ਪਿਛਲੇ ਸਾਲ ਦਸੰਬਰ ਚੋਣਾਂ ਦੌਰਾਨ ਮੋਗਾ ਵਿਖੇ ਅਧਿਆਪਕ ਪਤੀ-ਪਤਨੀ ਦੀ ਹੋਈ ਮੌਤ ਕਾਰਨ ਪਰਿਵਾਰ ਦੀ ਨਾ ਤਾਂ ਸਰਕਾਰ ਨੇ ਕੋਈ ਸਾਰ ਲਈ ਹੈ ਤੇ ਨਾ ਹੀ ਵਿਭਾਗ ਨੇ। ਵਿਭਾਗ ਨੂੰ ਅਤੇ ਸਰਕਾਰ ਨੂੰ ਅਧਿਆਪਕਾਂ ਦੀ ਕੋਈ ਪਰਵਾਹ ਨਹੀਂ ਹੈ।
ਆਗੂਆਂ ਨੇ ਕਿਹਾ ਕਿ ਇਸ ਡਿਊਟੀ ਦੌਰਾਨ ਜੇਕਰ ਕਿਸੇ ਵੀ ਅਧਿਆਪਕ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸਦੀ ਨਿਰੋਲ ਜਿੰਮੇਵਾਰੀ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਉਪਰੰਤ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ,ਸੰਯੁਕਤ ਸਕੱਤਰ ਗੁਰਪ੍ਰੀਤ ਸਿੰਘ ਖੰਨਾ,ਹਰਪਿੰਦਰ ਸ਼ਾਹੀ,ਪ੍ਰੈੱਸ ਸਕੱਤਰ ਹੁਸ਼ਿਆਰ ਸਿੰਘ ਅਤੇ ਵਿੱਤ ਸਕੱਤਰ ਗੁਰਬਚਨ ਸਿੰਘ ਨੇ ਕਿਹਾ ਕਿ ਅਧਿਆਪਕਾਂ ਰਾਹੀਂ ਜ਼ਿਲ੍ਹਾ ਸਿੱਖਿਆ ਦਫਤਰ ਲੁਧਿਆਣਾ ਵਿਖੇ ਚੱਲ ਰਹੇ ਭਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਜੱਥੇਬੰਦੀ ਨੂੰ ਮਿਲ ਰਹੀਆਂ ਹਨ। ਇਸ ‘ਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕੁਝ ਬੇਬਸੀ ਵੀ ਜਾਹਿਰ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਸੰਬੰਧੀ ਜਾਣਕਾਰੀ ਹੈ, ਪਰ ਉਹਨਾਂ ਨੇ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਸਬੂਤ ਦੇ ਦਿੱਤੇ ਜਾਣ ਤਾਂ ਉਹ ਜਰੂਰ ਹੀ ਸਖ਼ਤ ਕਾਰਵਾਈ ਕਰਨਗੇ।
ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਜਿਲ੍ਹਾ ਸਿੱਖਿਆ ਅਫਸਰ ਦੁਆਰਾ ਦਫਤਰ ਵਿੱਚ ਚੱਲ ਰਹੀ ਕਰੱਪਸ਼ਨ ਨੂੰ ਰੋਕਣ ਲਈ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਲੁਧਿਆਣਾ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ। ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਬੰਧੀ ਹੋਰ ਮਸਲਿਆਂ ‘ਤੇ ਗੱਲ ਕਰਦਿਆਂ ਵਫਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਬਲਾਕਾਂ ਵਿੱਚ ਪਹੁੰਚਾਉਣ ਦੀ ਮੰਗ ਰੱਖੀ ਅਤੇ ਪਿਛਲੇ ਸਾਲ ਦੀਆਂ ਸਲਾਨਾ ਗੁਪਤ ਰਿਪੋਰਟਾਂ ਅਧਿਆਪਕਾਂ ਦੇ ਖਾਤਿਆਂ ਵਿੱਚ ਪਾਉਣ ਲਈ ਕਿਹਾ।
ਲੁਧਿਆਣਾ-1 ਬਲਾਕ ਦੇ ਪ੍ਰਾਇਮਰੀ ਸਿੱਖਿਆ ਦਫਤਰ ਵਿੱਚ ਅਧਿਆਪਕਾਂ ਨਾਲ ਹੋ ਰਹੇ ਬੁਰੇ ਵਿਵਹਾਰ ਅਤੇ ਖੁੱਲ੍ਹ ਕੇ ਚੱਲ ਰਹੇ ਕਰੱਪਸ਼ਨ ਦੇ ਖਿਲਾਫ ਜਿਲ੍ਹਾ ਸਿੱਖਿਆ ਅਫ਼ਸਰ ਅੱਗੇ ਸ਼ਿਕਾਇਤ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਸ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਸ ਦਫ਼ਤਰ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ। ਜੀ.ਪੀ. ਐੱਫ.ਸਲਿੱਪ ਅਧਿਆਪਕਾਂ ਨੂੰ ਅਪ੍ਰੈਲ ਮਹੀਨੇ ਵਿੱਚ ਦੇਣ ਦੀ ਮੰਗ ਰੱਖੀ ਗਈ।
ਸੁਧਾਰ ਬਲਾਕ ਨਾਲ ਸਬੰਧਤ ਅਧਿਆਪਕਾਂ ਦੇ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਅਨਾਮਲੀ ਕੇਸ ਛੇਤੀ ਹੱਲ ਕਰਨ ਲਈ ਕਿਹਾ ਗਿਆ। 4161 ਅਧਿਆਪਕਾਂ ਦਾ ਪ੍ਰੋਬੇਸ਼ਨ ਸਮਾਂ ਪੂਰਾ ਹੋਣ ਤੇ ਫਾਈਲਾਂ ਦਫ਼ਤਰ ਵਿਖੇ ਜਮਾਂ ਕਰਵਾਉਣ ਲਈ ਸਬੰਧਤ ਅਧਿਆਪਕਾਂ ਦੀ ਏ.ਸੀ.ਆਰ.ਦਫ਼ਤਰ ਤੋਂ ਪ੍ਰਾਪਤ ਕੀਤੀ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕਿਹਾ ਗਿਆ ਕਿ ਜੇਕਰ ਇਸ ਸਬੰਧੀ ਕੋਈ ਸਮੱਸਿਆ ਆਵੇ ਤਾਂ ਉਨ੍ਹਾਂ ਨੂੰ ਸਿੱਧਾ ਸੰਪਰਕ ਕੀਤਾ ਜਾਵੇ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਇੱਕ ਪ੍ਰਾਈਵੇਟ ਏਜੰਸੀ ਤੋਂ ਖਰੀਦਣ ਲਈ ਪੂਰੇ ਪੰਜਾਬ ਦਾ ਇੱਕ ਵੈਂਡਰ ਬਣਾਇਆ ਗਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਲੁਧਿਆਣਾ ਨੇ ਵਿਦਿਆਰਥੀਆਂ ਦੀਆਂ ਵਰਦੀਆਂ ਇੱਕ ਵੈਂਡਰ ਤੋਂ ਖਰੀਦਣ ਦਾ ਵਿਰੋਧ ਕੀਤਾ ਅਤੇ ਵਰਦੀਆਂ ਖਰੀਦਣ ਦੇ
ਅਧਿਕਾਰ ਡੀ.ਡੀ.ਓ.ਪੱਧਰ ‘ਤੇ ਦਿੱਤੇ ਜਾਣ ਲਈ ਜੋਰਦਾਰ ਆਵਾਜ਼ ਉਠਾਈ।ਇਸ ਸਮੇਂ ਬਲਾਕ ਪ੍ਰਧਾਨ ਖੰਨਾ ਹਰਪਿੰਦਰ ਸਿੰਘ ਸ਼ਾਹੀ, ਬਲਾਕ ਪ੍ਰਧਾਨ ਲੁਧਿਆਣਾ ਅਰਵਿੰਦਰ ਸਿੰਘ ਭੰਗੂ, ਬਲਾਕ ਪ੍ਰਧਾਨ ਸਿੱਧਵਾਂ ਬੇਟ ਹਰਦੀਪ ਸਿੰਘ ਰਸੂਲਪੁਰ ਜਸਵਿੰਦਰ ਸਿੰਘ ਰਾਏਕੋਟੀ, ਸੁਖਵਿੰਦਰ ਸਿੰਘ ਅਕਾਲਗੜ੍ਹ, ਰਾਣਾ ਆਲਮਦੀਪ, ਇੰਦਰਦੀਪ ਸਿੰਘ ਆਦਿ ਅਧਿਆਪਕ ਸਾਥੀ ਸ਼ਾਮਿਲ ਸਨ।






