ਵੱਡੀ ਖ਼ਬਰ: ਪੰਜਾਬ ਦੇ ਸਾਬਕਾ ਮੰਤਰੀ ਦਾ ਦੇਹਾਂਤ
ਚੁੰਨੀ ਲਾਲ ਭਗਤ ਦੇ ਦੇਹਾਂਤ ਨਾਲ ਸਿਆਸੀ ਜਗਤ ‘ਚ ਸੋਗ ਦੀ ਲਹਿਰ, ਅੱਜ ਸ਼ਾਮ ਹੋਵੇਗਾ ਅੰਤਿਮ ਸਸਕਾਰ
ਚੰਡੀਗੜ੍ਹ/ਜਲੰਧਰ, 10 ਸਤੰਬਰ 2026:
ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਨੇਤਾ ਚੁੰਨੀ ਲਾਲ ਭਗਤ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹਨਾਂ ਦੇ ਅਕਾਲ ਚਲਾਣੇ ਨਾਲ ਪੰਜਾਬ ਦੇ ਸਿਆਸੀ, ਸਮਾਜਿਕ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਇਸ ਮੰਦਭਾਗੀ ਖ਼ਬਰ ਦੀ ਪੁਸ਼ਟੀ ਉਹਨਾਂ ਦੇ ਪੁੱਤਰ ਅਤੇ ਪੰਜਾਬ ਸਰਕਾਰ ਵਿੱਚ ਮੌਜੂਦਾ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕੀਤੀ। ਮੰਤਰੀ ਮਹਿੰਦਰ ਭਗਤ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਅਤੇ ਸਾਬਕਾ ਕੈਬਨਿਟ ਮੰਤਰੀ ਚੁੰਨੀ ਲਾਲ ਭਗਤ ਜੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹਨਾਂ ਦੇ ਅਚਾਨਕ ਚਲੇ ਜਾਣ ਨਾਲ ਪਰਿਵਾਰ ਅਤੇ ਸਨੇਹੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।”
ਮੰਤਰੀ ਮਹਿੰਦਰ ਭਗਤ ਨੇ ਅੰਤਿਮ ਸੰਸਕਾਰ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਵਰਗੀ ਚੁੰਨੀ ਲਾਲ ਭਗਤ ਜੀ ਦੀ ਅੰਤਿਮ ਯਾਤਰਾ ਅਤੇ ਸਸਕਾਰ ਅੱਜ ਸ਼ਾਮ 5 ਵਜੇ ਜਲੰਧਰ ਦੇ ਮਾਡਲ ਟਾਊਨ ਹਾਊਸ ਰੋਡ ‘ਤੇ ਸਥਿਤ ਸ਼ਮਸ਼ਾਨਘਾਟ (ਬਸਤੀ ਸ਼ੇਖ) ਵਿਖੇ ਕੀਤਾ ਜਾਵੇਗਾ।
ਚੁੰਨੀ ਲਾਲ ਭਗਤ ਪੰਜਾਬ ਦੀ ਰਾਜਨੀਤੀ ਦੇ ਸੀਨੀਅਰ ਅਤੇ ਤਜਰਬੇਕਾਰ ਨੇਤਾਵਾਂ ਵਿੱਚੋਂ ਇੱਕ ਸਨ। ਉਹਨਾਂ ਨੇ ਆਪਣੇ ਲੰਬੇ ਰਾਜਨੀਤਿਕ ਕਰੀਅਰ ਦੌਰਾਨ ਜਲੰਧਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲੋਕਾਂ ਦੀ ਸੇਵਾ ਕੀਤੀ। ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਉਹਨਾਂ ਨੇ ਕੈਬਨਿਟ ਮੰਤਰੀ ਵਜੋਂ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾਈ। ਆਪਣੇ ਸਾਦੇ ਸੁਭਾਅ ਅਤੇ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜੇ ਹੋਣ ਕਰਕੇ ਉਹ ਹਰ ਵਰਗ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ।
ਸਾਬਕਾ ਮੰਤਰੀ ਦੇ ਅਕਾਲ ਚਲਾਣੇ ‘ਤੇ ਪੰਜਾਬ ਦੇ ਮੁੱਖ ਮੰਤਰੀ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਮੰਤਰੀਆਂ ਅਤੇ ਵਿਧਾਇਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵੱਖ-ਵੱਖ ਸ਼ਖਸੀਅਤਾਂ ਨੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ। ਅੱਜ ਸ਼ਾਮ ਹੋਣ ਵਾਲੇ ਅੰਤਿਮ ਸਸਕਾਰ ਵਿੱਚ ਕਈ ਪ੍ਰਮੁੱਖ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ।
















