ਵੱਡੀ ਖ਼ਬਰ: ਇੰਡੀਗੋ ਦਾ ਜਹਾਜ਼ ਖੰਭੇ ਨਾਲ ਟਕਰਾਇਆ
ਸ੍ਰੀਨਗਰ, 4 ਸਤੰਬਰ 2026:
ਸ੍ਰੀਨਗਰ ਹਵਾਈ ਅੱਡੇ ’ਤੇ ਸ਼ੁੱਕਰਵਾਰ ਸਵੇਰੇ ਪਾਰਕਿੰਗ ਦੌਰਾਨ ਇੰਡੀਗੋ ਦੀ ਇੱਕ ਉਡਾਣ ਹਾਦਸੇ ਦਾ ਸ਼ਿਕਾਰ ਹੋ ਗਈ। ਇੰਡੀਗੋ ਦੀ ਉਡਾਣ 6E 225 (VT-NOG) ਨਵੀਂ ਮੁੰਬਈ ਤੋਂ ਸ੍ਰੀਨਗਰ ਪਹੁੰਚਣ ਤੋਂ ਬਾਅਦ ਕਰੀਬ ਸਵੇਰੇ 9 ਵਜੇ ਬੇ ਨੰਬਰ 6 ’ਤੇ ਪਾਰਕ ਕੀਤੀ ਜਾ ਰਹੀ ਸੀ। ਇਸ ਦੌਰਾਨ ਜਹਾਜ਼ ਇੱਕ ਖੰਭੇ ਨਾਲ ਟਕਰਾ ਗਿਆ।
ਘਟਨਾ ਸਮੇਂ ਜਹਾਜ਼ ਵਿੱਚ ਕਰੀਬ 200 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਵਾਈ ਅੱਡਾ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਕੋਈ ਵੀ ਯਾਤਰੀ ਜਾਂ ਚਾਲਕ ਦਲ ਦਾ ਮੈਂਬਰ ਜ਼ਖ਼ਮੀ ਨਹੀਂ ਹੋਇਆ। ਸਾਰੇ ਲੋਕ ਸੁਰੱਖਿਅਤ ਹਨ।
ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਪ੍ਰਬੰਧਾਂ ਤਹਿਤ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਮੈਨੂਅਲ ਏਅਰਕ੍ਰਾਫਟ ਪੌੜੀਆਂ ਦੀ ਮਦਦ ਨਾਲ ਜਹਾਜ਼ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਬੰਧਤ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਅਨੁਸਾਰ ਜਿਸ ਖੰਭੇ ਨਾਲ ਇੰਡੀਗੋ ਦਾ ਜਹਾਜ਼ ਟਕਰਾਇਆ, ਉਹ ਵਿਜ਼ੂਅਲ ਡੌਕਿੰਗ ਗਾਈਡੈਂਸ ਸਿਸਟਮ (VDGS) ਦਾ ਹਿੱਸਾ ਹੈ। ਇਹ ਪ੍ਰਣਾਲੀ ਜਹਾਜ਼ਾਂ ਨੂੰ ਪਾਰਕਿੰਗ ਬੇ ਤੱਕ ਸਹੀ ਦਿਸ਼ਾ ਵਿੱਚ ਲਿਜਾਣ ਅਤੇ ਉਨ੍ਹਾਂ ਨੂੰ ਨਿਰਧਾਰਤ ਥਾਂ ’ਤੇ ਸੁਰੱਖਿਅਤ ਢੰਗ ਨਾਲ ਪਾਰਕ ਕਰਨ ਵਿੱਚ ਸਹਾਇਤਾ ਕਰਦੀ ਹੈ।
ਹਾਦਸੇ ਦੇ ਬਾਵਜੂਦ ਸ੍ਰੀਨਗਰ ਹਵਾਈ ਅੱਡੇ ’ਤੇ ਹਵਾਈ ਆਵਾਜਾਈ ਪ੍ਰਭਾਵਿਤ ਨਹੀਂ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਉਡਾਣਾਂ ਆਮ ਤੌਰ ’ਤੇ ਚੱਲ ਰਹੀਆਂ ਹਨ ਅਤੇ ਸਾਰੀਆਂ ਉਡਾਣਾਂ ਆਪਣੇ ਨਿਰਧਾਰਤ ਸਮੇਂ ਅਨੁਸਾਰ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਘਟਨਾ ਸਬੰਧੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਜਹਾਜ਼ ਦੇ ਖੰਭੇ ਨਾਲ ਟਕਰਾਉਣ ਦੇ ਸਹੀ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆਵੇਗੀ।
















