ਵੱਡੀ ਖ਼ਬਰ: ਮੁੱਖ ਮੰਤਰੀ ਦੀ ਕਥਿਤ ਵੀਡੀਓ ਮਾਮਲੇ ‘ਚ ਸਬੂਤਾਂ ਸਮੇਤ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ ਚਿੱਠੀ- ਭਗਵੰਤ ਮਾਨ ਦਾ ਵੱਡਾ ਬਿਆਨ
ਅੰਮ੍ਰਿਤਸਰ/ਚੰਡੀਗੜ੍ਹ, 28 ਜੂਨ 2026:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਚੱਲ ਰਹੇ ਮੌਜੂਦਾ ਵਿਵਾਦਾਂ ‘ਤੇ ਇੱਕ ਬਹੁਤ ਵੱਡਾ ਬਿਆਨ ਜਾਰੀ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਤੱਕ ਅਕਾਲ ਤਖ਼ਤ ਸਾਹਿਬ ਨੂੰ ਇੱਕ ਲੈਟਰ (ਪੱਤਰ) ਭੇਜਿਆ ਜਾਵੇਗਾ, ਜਿਸ ਵਿੱਚ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਮਾਸਕ (Mask/AI ਤਕਨੀਕ) ਲਗਾ ਕੇ ਇੱਕ ਨਕਲੀ ਅਤੇ ਫਰਜ਼ੀ ਵੀਡੀਓ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੀ ਵਾਰ ਵੀ ਪੇਸ਼ ਹੋ ਕੇ ਕਹਿ ਚੁੱਕੇ ਹਨ ਕਿ ਉਸ ਵੀਡੀਓ ਵਿੱਚ ਉਹ ਖ਼ੁਦ ਮੌਜੂਦ ਨਹੀਂ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦੇ ਸਵਾਲਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਭਗਵੰਤ ਮਾਨ ਨੇ ਬੇਹੱਦ ਸੰਜੀਦਗੀ ਨਾਲ ਕਿਹਾ, “ਮੈਂ ਕੋਈ ਟੱਕਰ ਨਹੀਂ ਲੈ ਰਿਹਾ ਅਤੇ ਨਾ ਹੀ ਮੈਂ ਅਜਿਹਾ ਸੋਚ ਸਕਦਾ ਹਾਂ। ਮੇਰੀ ਇੰਨੀ ਔਕਾਤ ਕਿੱਥੇ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਵਾਂ। ਜੋ ਵੀ ਉੱਥੋਂ ਆਦੇਸ਼ ਹੋਵੇਗਾ, ਅਸੀਂ ਉਸ ਦਾ ਸਾਹਮਣਾ ਕਰਾਂਗੇ।”

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸੱਦੇ ਜਾਣ ਦੇ ਮਾਮਲੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਸਾਰੇ ਵਿਧਾਇਕ, ਕੈਬਨਿਟ ਮੰਤਰੀ ਅਤੇ ਸਪੀਕਰ ਸਾਹਿਬ ਉੱਥੇ ਜਾਣਗੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਮੰਤਰੀਆਂ ਕੋਲੋਂ ਲਿਖਤੀ ਪੱਖ ਮੰਗਿਆ ਗਿਆ ਹੈ, ਉਹ ਲਿਖਤੀ ਰੂਪ ਵਿੱਚ ਆਪਣਾ ਪੱਖ ਸਪਸ਼ਟ ਕਰਨਗੇ ਅਤੇ ਐਸ.ਜੀ.ਪੀ.ਸੀ. ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਸੁਝਾਅ ਆਵੇਗਾ, ਉਸ ‘ਤੇ ਵਿਚਾਰ ਕੀਤਾ ਜਾਵੇਗਾ।














