ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਕੀਤਾ ਚੈਲੰਜ, ਕਿਹਾ- ਮਜੀਠੇ ਤੋਂ ਚੋਣ ਲੜੋ, ਫਿਰ ਆਊ ਸਵਾਦ
Punjab News, 3 ਫਰਵਰੀ 2026: ਲੰਬੇ ਸਮੇਂ ਬਾਅਦ ਜਮਾਨਤ ‘ਤੇ ਰਿਹਾਅ ਹੋਏ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਮਜੀਠੀਆ ਨੇ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ।
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੀ ਲੋਕਪ੍ਰਿਯਤਾ ‘ਤੇ ਇੰਨਾ ਹੀ ਭਰੋਸਾ ਹੈ, ਤਾਂ ਉਹ ਮਜੀਠਾ ਹਲਕੇ ਤੋਂ ਮੇਰੇ ਖਿਲਾਫ ਚੋਣ ਲੜ ਕੇ ਦਿਖਾਉਣ, ਫਿਰ ਪਤਾ ਲੱਗੇਗਾ ਕਿ ਲੋਕ ਕਿਸ ਦੇ ਨਾਲ ਹਨ। ਉਨ੍ਹਾਂ ਕਿਹਾ, “ਮਜੀਠੇ ਤੋਂ ਚੋਣ ਲੜੋ, ਫਿਰ ਆਊ ਸਵਾਦ।”
ਆਪਣੀ ਸੁਰੱਖਿਆ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਨਾਲ ਸਮਝੌਤਾ ਕਰਕੇ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਵਾਂਗ ਮਰਵਾ ਸਕਦੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਕਾਰ ਚਾਹੁੰਦੀ ਸੀ ਕਿ ਮੈਂ ਜੇਲ੍ਹ ਦੇ ਅੰਦਰ ਹੀ ਮਰ ਜਾਵਾਂ ਅਤੇ ਕਦੇ ਜਿਉਂਦਾ ਬਾਹਰ ਨਾ ਆਵਾਂ।
ਪਰਿਵਾਰ ਅਤੇ ਸਮਰਥਕਾਂ ਨੂੰ ਤੰਗ ਕਰਨ ਦੇ ਇਲਜ਼ਾਮ
ਮਜੀਠੀਆ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਸਰਕਾਰ ਨੇ ਉਨ੍ਹਾਂ ਦੀ ਪਤਨੀ ਨੂੰ ਬਹੁਤ ਤੰਗ-ਪ੍ਰੇਸ਼ਾਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਦੇ ਸਮਰਥਕਾਂ ‘ਤੇ ਵੀ ਸਿਆਸੀ ਰੰਜਿਸ਼ ਤਹਿਤ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ। ਮਜੀਠੀਆ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਗਰਮਾ-ਗਰਮੀ ਵਧਣ ਦੇ ਆਸਾਰ ਹਨ।






