ਵੱਡੀ ਖ਼ਬਰ: ਗੁਰਦੁਆਰਾ ਸਾਹਿਬ ‘ਚ ਅਰਦਾਸ ਕਰ ਰਹੇ ਗ੍ਰੰਥੀ ਸਿੰਘ ‘ਤੇ ਕਾਤਲਾਨਾ ਹਮਲਾ; ਘਟਨਾ CCTV ‘ਚ ਕੈਦ

 

ਵੱਡੀ ਖ਼ਬਰ: ਗੁਰਦੁਆਰਾ ਸਾਹਿਬ ‘ਚ ਅਰਦਾਸ ਕਰ ਰਹੇ ਗ੍ਰੰਥੀ ਸਿੰਘ ‘ਤੇ ਕਾਤਲਾਨਾ ਹਮਲਾ; ਘਟਨਾ CCTV ‘ਚ ਕੈਦ

Punjab Network

ਫਾਜ਼ਿਲਕਾ, 18 ਮਾਰਚ 2026-

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਹਿਕ ਖਾਸ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਨੌਜਵਾਨ ਵੱਲੋਂ ਅਰਦਾਸ ਕਰ ਰਹੇ ਗ੍ਰੰਥੀ ਸਿੰਘ ‘ਤੇ ਅਚਾਨਕ ਹਮਲਾ ਕਰ ਦਿੱਤਾ ਗਿਆ।

ਇਹ ਸ਼ਰਮਨਾਕ ਘਟਨਾ ਧਾਰਮਿਕ ਅਸਥਾਨ ਦੇ ਅੰਦਰ ਮਰਿਯਾਦਾ ਦੀ ਉਲੰਘਣਾ ਦੇ ਨਾਲ-ਨਾਲ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਕਰਦੀ ਹੈ।

ਜਾਣਕਾਰੀ ਅਨੁਸਾਰ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਅਰਦਾਸ ਕਰ ਰਹੇ ਸਨ। ਇਸੇ ਦੌਰਾਨ ਇੱਕ ਨੌਜਵਾਨ ਨੇ ਪਿੱਛੋਂ ਆ ਕੇ ਤਵੇ (ਰੋਟੀ ਪਕਾਉਣ ਵਾਲੇ ਤਵੇ) ਨਾਲ ਗ੍ਰੰਥੀ ਸਿੰਘ ਦੇ ਸਿਰ ‘ਤੇ ਜ਼ੋਰਦਾਰ ਹਮਲਾ ਕਰ ਦਿੱਤਾ।

ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਿਵੇਂ ਨੌਜਵਾਨ ਨੇ ਬੜੀ ਬੇਰਹਿਮੀ ਨਾਲ ਹਮਲਾ ਕੀਤਾ।

ਸੰਗਤ ਵਿੱਚ ਭਾਰੀ ਰੋਸ

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਗੁਰੂ ਘਰ ਦੇ ਅੰਦਰ ਅਜਿਹੀ ਹਰਕਤ ਬਰਦਾਸ਼ਤ ਤੋਂ ਬਾਹਰ ਹੈ। ਹਮਲੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਸੂਤਰ ਦੱਸ ਰਹੇ ਨੇ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਹਮਲਾਵਰ ਦੀ ਪਛਾਣ ਕਰਕੇ ਉਸ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।